ਹਲਕਾ ਫਤਿਹਗੜ੍ਹ ਚੂੜੀਆਂ ''ਚ ਕੋਰੋਨਾ ਦਾ ਕਹਿਰ, ਇਕ ਜਨਾਨੀ ਸਣੇ 3 ਦੀ ਮੌਤ

08/25/2020 6:43:53 PM

ਫਤਿਹਗੜ੍ਹ ਚੂੜੀਆਂ,(ਪਲਵਿੰਦਰ ਸਾਰੰਗਲ)- ਕੋਵਿਡ-19 ਦੀ ਮਹਾਮਾਰੀ ਨੇ ਵਿਸ਼ਵ ਭਰ 'ਚ ਕਹਿਰ ਵਰ੍ਹਾਉਣ ਤੋਂ ਬਾਅਦ ਹੁਣ ਲੱਗਦੈ ਸੂਬਾ ਪੰਜਾਬ ਦੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਵੱਲ ਨੂੰ ਰੁੱਖ ਕਰ ਲਿਆ ਹੈ ਕਿਉਂਕਿ ਇਥੇ ਹੁਣ ਕੋਰੋਨਾ ਆਪਣਾ ਪੂਰਾ ਰੰਗ ਦਿਖਾ ਰਿਹਾ ਹੈ। ਜਿਸ ਦੇ ਚਲਦਿਆਂ ਹੁਣ ਤੱਕ ਇਕ ਜਨਾਨੀ ਸਣੇ 3 ਜਣਿਆਂ, ਜਿੰਨ੍ਹਾਂ 'ਚ 19 ਅਗਸਤ ਦੀ ਰਾਤ ਨੂੰ ਫਤਿਹਗੜ੍ਹ ਚੂੜੀਆਂ ਵਾਸੀ ਕੁਲਬੀਰ ਜੋਸ਼ੀ, 21 ਅਗਸਤ ਨੂੰ ਪਿੰਡ ਕਿਲਾ ਦੇਸਾ ਸਿੰਘ ਦੀ ਰਹਿਣ ਵਾਲੀ ਜਨਾਨੀ ਜਸਬੀਰ ਕੌਰ ਅਤੇ 22 ਤਾਰੀਕ ਨੂੰ ਪਿੰਡ ਕਾਮੋਨੰਗਲ ਦਾ ਸਤਨਾਮ ਸਿੰਘ ਦੇ ਨਾਮ ਸ਼ਾਮਲ ਹਨ। ਇਨ੍ਹਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜਦਕਿ 22 ਤਾਰੀਕ ਤੋਂ ਲੈ ਕੇ ਹੁਣ 25 ਅਗਸਤ ਕੋਰੋਨਾ ਸਬੰਧੀ ਕੁਲ ਟੈਸਟ 1425 ਹੋਏ ਹਨ।

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਕੋਰੋਨਾ ਦੇ ਮਾਮਲੇ ਵਧਦੇ ਦੇਖ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਸਖਤੀ ਕਰਦਿਆਂ ਜਿਥੇ ਪਹਿਲਾਂ ਫਤਿਹਗੜ੍ਹ ਚੂੜੀਆਂ ਦੀਆਂ ਤਿੰਨ ਵਾਰਡਾਂ ਕ੍ਰਮਵਾਰ ਨੰ.13, 8, 2 ਨੂੰ ਪੁਲਸ ਪ੍ਰਸ਼ਾਸਨ ਕੋਲੋਂ ਸੀਲ ਕਰਵਾ ਦਿੱਤਾ ਸੀ, ਜੋ ਕੋਰੋਨਾ ਨੂੰ ਠੱਲ੍ਹ ਪੈ ਸਕੇ। ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਦੇ ਚਲਦਿਆਂ ਜ਼ਿਲਾ ਮੈÎਜਿਸਟ੍ਰੇਟ ਨੇ 22 ਤੋਂ ਲੈ ਕੇ 25 ਅਗਸਤ 2020 ਤੱਕ ਫਤਿਹਗੜ੍ਹ ਚੂੜੀਆਂ ਵਿਚ ਕੋਰੋਨਾ ਦੇ ਮਾਮਲਿਆਂ ਨੂੰ ਵਧਦਿਆਂ ਦੇਖ ਕਰਫਿਊ ਲਗਾ ਦਿੱਤਾ।  ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਰੋਨਾ ਸਬੰਧੀ ਟੈਸਟਿੰਗ ਤੇਜ਼ ਕਰਨ ਦੇ ਹੁਕਮ ਦਿੰਦਿਆਂ ਰੋਜ਼ਾਨਾ 400 ਵਿਅਕਤੀਆਂ ਦੇ ਕੋਰੋਨਾ ਟੈਸਟ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਨਵੇਂ ਆਏ ਐੱਸ.ਐੱਮ.ਓ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ 21 ਅਗਸਤ ਨੂੰ 220, 22 ਨੂੰ 311, 23 ਨੂੰ 340, 24 ਨੂੰ 235 ਅਤੇ ਅੱਜ 25 ਅਗਸਤ ਨੂੰ 320 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਗਏ ਹਨ, ਜਿੰਨ੍ਹਾਂ 'ਚੋਂ 778 ਵਿਅਕਤੀਆਂ ਦੀ ਰਿਪੋਰਟ ਰੈਪਿਡ ਵਿਧੀ ਰਾਹੀਂ ਨੈਗੇਟਿਵ ਆਈ ਹੈ, ਜਦਕਿ 79 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਬਾਕੀ ਰਹਿੰਦੇ ਵਿਅਕਤੀਆਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿੰਨ੍ਹਾਂ ਦੀ ਰਿਪੋਰਟ ਜਲਦ ਆ ਜਾਵੇਗੀ।

Deepak Kumar

This news is Content Editor Deepak Kumar