ਇਸ ਸਾਲ ਕੁਦਰਤ ਦੀ ਕਰੋਪੀ ਕਾਰਨ ਦੋਹਰੀ ਮਾਰ ਨਾਲ ਜੂਝ ਰਹੇ ਸੇਮ ਪ੍ਰਭਾਵਿਤ ਇਲਾਕਿਆਂ ਦੇ ਕਿਸਾਨ

10/26/2023 1:49:23 PM

ਗੁਰਦਾਸਪੁਰ (ਹਰਮਨ)- ਇਸ ਸਾਲ ਝੋਨੇ ਦੀ ਖੜੀ ਫ਼ਸਲ ’ਤੇ ਪਈ ਮੌਸਮ ਦੀ ਮਾਰ ਨੇ ਜਿਥੇ ਪਹਿਲੇ ਹੀ ਕਿਸਾਨਾਂ ਦਾ ਨੁਕਸਾਨ ਕੀਤਾ ਹੈ, ਉਥੇ ਕਈ ਖੇਤਾਂ ਵਿਚ ਸਿੱਲ ਜ਼ਿਆਦਾ ਹੋਣ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਕਟਾਈ ਕਰਵਾਉਣ ਮੌਕੇ ਵੀ ਦੋਹਰੀ ਮਾਰ ਪੈ ਰਹੀ ਹੈ। ਖਾਸ ਤੌਰ ’ਤੇ ਪਾਣੀ ਦੀ ਮਾਰ ਵਾਲੇ ਬੇਟ ਅਤੇ ਛੰਭ ਵਾਲੇ ਇਲਾਕਿਆਂ ਅੰਦਰ ਕਿਸਾਨ ਇਸ ਹੱਦ ਤੱਕ ਬੇਹਾਲ ਹੋ ਰਹੇ ਹਨ ਕਿ ਉਨ੍ਹਾਂ ਨੂੰ ਪਾਣੀ ਅਤੇ ਸਿੱਲ ਨਾਲ ਭਰਪੂਰ ਖੇਤਾਂ ’ਚੋਂ ਫ਼ਸਲ ਦੀ ਕਟਾਈ ਕਰਵਾਉਣ ਲਈ ਕੰਬਾਇਨਾਂ ਅਪ੍ਰੇਟਰਾਂ ਨੂੰ 2-3 ਜ਼ਿਆਦਾ ਰਾਸ਼ੀ ਦੇਣੀ ਪੈ ਰਹੀ ਹੈ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਕਦਮ, 30 ਨਵੰਬਰ ਤੱਕ ਆਯੁਸ਼ਮਾਨ ਕਾਰਡ ਬਣਾਉਣ ਵਾਲਿਆਂ ਲਈ ਅਹਿਮ ਐਲਾਨ

ਖ਼ਾਸ ਤੌਰ ’ਤੇ ਜਿਹੜੇ ਖੇਤਾਂ ਵਿਚ ਆਮ ਟਾਇਰਾਂ ਵਾਲੀਆਂ ਕੰਬਾਇਨਾਂ ਅਤੇ ਟਰੈਕਟਰ ਨਹੀਂ ਚਲ ਸਕਦੇ, ਉਨ੍ਹਾਂ ਖੇਤਾਂ ਵਿਚ ਕਿਸਾਨਾਂ ਨੂੰ 4×4 ਪਾਵਰ ਵਾਲੀਆਂ ਅਤੇ ਚੇਨ ਵਾਲੀਆਂ ਕੰਬਾਈਨਾਂ ਨਾਲ ਕਟਾਈ ਕਰਵਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਥੇ ਹੀ ਬੱਸ ਨਹੀਂ ਅਜਿਹੇ ਖੇਤਾਂ ’ਚੋਂ ਫ਼ਸਲ ਦੀ ਕਟਾਈ ਕਰਨ ਤੋਂ ਬਾਅਦ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੋ ਰਿਹਾ ਕਿਉਂਕਿ ਕੰਬਾਈਨ ਚੱਲਣ ਦੇ ਬਾਅਦ ਫ਼ਸਲ ਦੇ ਫੂਸ ਨੂੰ ਇਕੱਤਰ ਕਰਨਾ ਵੀ ਕਿਸਾਨਾਂ ਲਈ ਮੁਸ਼ਕਲ ਹੋ ਰਿਹਾ ਹੈ ਅਤੇ ਕਿਸਾਨ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹਨ ਕਿ ਉਹ ਅਜਿਹੇ ਗਿੱਲੇ ਖੇਤਾਂ ਵਿਚ ਨਾ ਤਾਂ ਟਰੈਕਟਰ ਚਲਾ ਕੇ ਕਟਰ ਫੇਰ ਸਕਦੇ ਹਨ ਅਤੇ ਨਾ ਹੀ ਸੁਪਰ ਸੀਡਰ ਵਰਗੀ ਮਸ਼ੀਨ ਚਲਾ ਕੇ ਕਣਕ ਦੀ ਬਿਜਾਈ ਕਰ ਸਕਦੇ ਹਨ ਕਿਉਂਕਿ ਪਹਿਲਾਂ ਹੀ ਕੰਬਾਈਨਾਂ ਦੇ ਟਾਇਰ ਡੂੰਘੇ ਖੁੱਬਣ ਕਾਰਨ ਖੇਤਾਂ ਵਿਚ ਲੀਹਾਂ ਪੈ ਗਈਆਂ ਹਨ, ਜਿਨ੍ਹਾਂ ਨੂੰ ਭਰੇ ਬਗੈਰ ਅਗਲੀ ਫਸਲ ਦੀ ਬਿਜਾਈ ਕਰਨੀ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ- ਕੁਦਰਤੀ ਨਜ਼ਾਰਿਆਂ ਨੂੰ ਚਾਰ ਚੰਨ ਲਗਾ ਰਹੀ ਪ੍ਰਵਾਸੀ ਮਹਿਮਾਨਾਂ ਦੀ ਚਹਿਕ, ਹੁਣ ਤੱਕ ਪਹੁੰਚੇ 1200 ਤੋਂ ਜ਼ਿਆਦਾ ਪੰਛੀ

ਹਰਪਾਲ ਸਿੰਘ ਅਤੇ ਭੁਪਿੰਦਰ ਸਿੰਘ ਸਮੇਤ ਅਨੇਕਾਂ ਕਿਸਾਨਾਂ ਨੇ ਦੱਸਿਆ ਕਿ ਆਮ ਤੌਰ ’ਤੇ ਕੰਬਾਈਨ ਮਾਲਕ ਪ੍ਰਤੀ ਏਕੜ ਖੇਤ ਵਿਚ ਝੋਨੇ ਦੀ ਕਟਾਈ ਲਈ 1700 ਤੋਂ 2 ਹਜ਼ਾਰ ਰੁਪਏ ਲੈਂਦੇ ਹਨ ਪਰ ਉਨ੍ਹਾਂ ਦੇ ਖੇਤਾਂ ਵਿਚ ਬਾਰਿਸ਼ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸਧਾਰਨ ਕੰਬਾਈਨਾਂ ਨਹੀਂ ਚਲ ਪਾ ਰਹੀਆਂ, ਜਿਸ ਕਾਰਨ 4×4 ਪਾਵਰ ਵਾਲੀਆਂ ਕੰਬਾਈਨਾਂ ਦੇ ਮਾਲਕ ਉਨ੍ਹਾਂ ਦੇ ਖੇਤਾਂ ਵਿਚ ਫਸਲ ਦੀ ਕਟਾਈ ਲਈ 4 ਤੋਂ 5 ਹਜ਼ਾਰ ਰੁਪਏ ਪ੍ਰਤੀ ਏਕੜ ਵਸੂਲ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ: ਹਰੇਕ ਲੋੜਵੰਦ ਪਰਿਵਾਰ ਦਾ ਬਣੇਗਾ ਨੀਲਾ ਕਾਰਡ, ਨਵਾਂ ਪੋਰਟਲ ਹੋਵੇਗਾ ਲਾਂਚ

ਜਿਹੜੇ ਖੇਤਾਂ ਵਿਚ ਚੇਨ ਵਾਲੀਆਂ ਕੰਬਾਈਨਾਂ ਹੀ ਚਲ ਸਕਦੀਆਂ ਹਨ, ਉਨ੍ਹਾਂ ਖੇਤਾਂ ਵਿਚ ਫ਼ਸਲ ਕਟਾਉਣ ਲਈ ਕਿਸਾਨ 6 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਦੇ ਰਹੇ ਹਨ। ਇਸ ਵਾਰ ਕੁਦਰਤ ਦੀ ਕਰੋਪੀ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਕਿਉਂਕਿ ਇਕ ਪਾਸੇ ਪੈਦਾਵਾਰ ਘੱਟ ਹੋ ਗਈ ਹੈ ਅਤੇ ਦੂਜੇ ਪਾਸੇ ਸੇਮ ਪ੍ਰਭਾਵਿਤ ਇਲਾਕਿਆਂ ਵਾਲੇ ਖੇਤਾਂ ਵਿਚ ਜ਼ਿਆਦਾ ਪੈਸੇ ਖਰਚਣੇ ਪੈ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan