ਆਸਮਾਨੀ ਬਿਜਲੀ ਡਿੱਗਣ ਨਾਲ ਕਿਸਾਨ ਦੀ ਮੌਤ

09/16/2019 6:18:19 PM

ਡੇਰਾ ਬਾਬਾ ਨਾਨਕ,(ਵਤਨ/ਕੰਵਲਜੀਤ): ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੇ ਪਿੰਡ ਮੂਲੋਵਾਲੀ ਵਿਖੇ ਖੇਤਾਂ 'ਚ ਸਪਰੇਅ ਕਰ ਰਹੇ ਇਕ ਮਜ਼ਦੂਰ ਦੀ ਆਸਮਾਨੀ ਬਿਜਲੀ ਡਿੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਰਾਜੂ ਸਪੁੱਤਰ ਬਾਦੀ ਕੌਮ ਈਸਾਈ ਵਾਸੀ ਪਿੰਡ ਬਾਉੂਲੀ ਪੁਲਸ ਥਾਣਾ ਰਮਦਾਸ ਪਿੰਡ ਮੂਲੋਵਾਲੀ ਵਿਖੇ ਝੋਨੇ ਦੇ ਖੇਤਾਂ 'ਚ ਸਪਰੇਅ ਕਰ ਰਿਹਾ ਸੀ ਕਿ ਅਚਾਨਕ ਆਸਮਾਨੀ ਬਿਜਲੀ ਡਿੱਗੀ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਸਮਾਨੀ ਬਿਜਲੀ ਨਾਲ ਉਸ ਕੋਲ ਲੱਗੇ ਤੂੜੀ ਦੇ ਕੁੱਪ ਨੂੰ ਵੀ ਅੱਗ ਲੱਗ ਗਈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸ. ਐੱਚ. ਓ. ਦਲਜੀਤ ਸਿੰਘ ਪੱਡਾ ਮੌਕੇ 'ਤੇ ਪਹੁੰਚ ਗਏ। ਮੌਕੇ 'ਤੇ ਪਹੁੰਚੇ ਮ੍ਰਿਤਕ ਰਾਜੂ ਦੇ ਘਰ ਵਾਲਿਆਂ 'ਚ ਉਸ ਦੇ ਸਪੁੱਤਰ ਮੁਖਤਿਆਰ ਮਸੀਹ ਨੇ ਦੱਸਿਆ ਕਿ ਉਹ ਸਵੇਰੇ ਹੀ ਸਾਢੇ 6 ਵਜੇ ਆਪਣੇ ਪਿਤਾ ਨੂੰ ਖੇਤਾਂ 'ਚ ਕੰਮ ਲਈ ਛੱਡ ਕੇ ਗਿਆ ਸੀ। ਉਸ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਅਸਮਾਨੀ ਬਿਜਲੀ ਡਿੱਗਣ ਨਾਲ ਨਹੀਂ ਹੋਈ ਹੈ। ਉਸ ਨੇ ਆਪਣੇ ਪਿਤਾ ਦੀ ਮੌਤ 'ਤੇ ਕਤਲ ਦਾ ਸ਼ੱਕ ਪ੍ਰਗਟ ਕੀਤਾ। ਇਸ ਸਬੰਧੀ ਐੱਸ. ਐੱਚ. ਓ. ਦਲਜੀਤ ਸਿੰਘ ਪੱਡਾ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਹ ਮੌਤ ਕਿਸ ਤਰ੍ਹਾਂ ਨਾਲ ਹੋਈ ਹੈ ਤੇ ਪੁਲਸ ਨੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।