ਨਾਮਜ਼ਦਗੀਆਂ ਲਈ ਲੋਡ਼ੀਂਦੇ ਦਸਤਾਵੇਜ਼ ਨਾ ਮਿਲਣ ਕਾਰਨ ਅਕਾਲੀ ਦਲ ਵੱਲੋਂ ਰੋਸ-ਪ੍ਰਦਰਸ਼ਨ

12/17/2018 1:51:44 AM

 ਗੁਰਦਾਸਪੁਰ,   (ਹਰਮਨਪ੍ਰੀਤ, ਵਿਨੋਦ)-  ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੇਪਰ ਭਰਨ ਦੇ ਦੂਸਰੇ ਦਿਨ ਅਕਾਲੀ ਉਮੀਦਵਾਰਾਂ ਨੇ ਵੋਟਰ ਸੂਚੀਆਂ ਤੇ ਹੋਰ ਦਸਤਾਵੇਜ਼ ਨਾ ਮਿਲਣ ਤੇ ਸਬੰਧਿਤ ਅਧਿਕਾਰੀਆਂ ਦੇ ਆਪਣੇ ਦਫਤਰ ’ਚ ਮੌਜੂਦ ਨਾ ਹੋਣ ਦੇ ਰੋਸ ਵਜੋਂ ਬੀ.ਡੀ.ਪੀ. ਓ. ਦਫਤਰ ਸਾਹਮਣੇ ਰੋਸ-ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਨੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੂੰ ਵੀ ਮੌਕੇ ’ਤੇ ਬੁਲਾ ਲਿਆ। ਜਿਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਕੱਲ ਤੱਕ ਅਕਾਲੀ ਉਮੀਦਵਾਰਾਂ ਦੇ ਦਸਤਾਵੇਜ਼ ਜਮ੍ਹਾ ਨਾ ਕਰਵਾਏ ਗਏ ਤਾਂ ਪਾਰਟੀ ਦੇ ਸਮੂਹ ਵਰਕਰ ਗੁਰਦਾਸਪੁਰ ਵਿਖੇ ਧਰਨਾ ਦੇਣਗੇ। ਇਸੇ ਦੌਰਾਨ ਸਥਿਤੀ ਦੀ ਨਾਜ਼ੁਕਤਾ ਨੂੰ ਦੇਖਦਿਆਂ ਗੁਰਦਾਸਪੁਰ ਦੇ ਨਾਇਬ ਤਹਿਸੀਲਦਾਰ ਨੇ ਮੌਕੇ ’ਤੇ ਪਹੁੰਚ ਕੇ ਅਕਾਲੀ ਆਗੂਆਂ ਨੂੰ ਭਰੋਸਾ ਦਵਾਇਆ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਬੱਬੇਹਾਲੀ ਦੀ ਅਗਵਾਈ ਹੇਠ ਉਮੀਦਵਾਰ ਨੇ ਨਾਇਬ ਤਹਿਸੀਲਦਾਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਪੱਤਰ ਦੀ ਕਾਪੀ ਸੌਂਪ ਕੇ ਯਾਦ ਕਰਵਾਇਆ ਕਿ ਸਰਕਾਰ ਨੇ ਸਾਰੇ ਅਧਿਕਾਰੀਆਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਦਫਤਰਾਂ ’ਚ ਹਾਜ਼ਰ ਰਹਿਣ ਦੀਆਂ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਪਰ ਇਸ ਦੇ ਬਾਵਜੂਦ ਬੀ. ਡੀ. ਪੀ. ਓ. ਗੁਰਦਾਸਪੁਰ ਦੀ ਦਫਤਰ ’ਚ ਗੈਰ-ਮੌੌਜੂਦਗੀ ਕਾਰਨ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ  ਬੱਬੇਹਾਲੀ ਨੇ ਕਿਹਾ ਕਿ ਕਾਂਗਰਸ ਵੱਲੋਂ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਤੇ ਪੁਲਸ ਵੀ ਇਨ੍ਹਾਂ ਨਾਲ ਮਿਲ ਕੇ ਅਕਾਲੀ ਉਮੀਦਵਾਰਾਂ ਨੂੰ ਦਫਤਰ ’ਚ ਨਹੀਂ ਜਾਣ ਦੇ ਰਹੀ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਨੇ ਵੀ ਖੁਦ ਦੇਖ ਲਿਆ ਹੈ ਕਿ ਦਫਤਰ ’ਚ ਬੀ. ਡੀ. ਪੀ. ਓ. ਮੌਜੂਦ ਨਹੀਂ ਹੈ ਪਰ ਫਿਰ ਵੀ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਾਡੇ ਉਮੀਦਵਾਰਾਂ ਨੂੰ ਵੋਟਰ ਸੂਚੀਆਂ ਤੇ ਹੋਰ ਦਸਤਾਵੇਜ਼ ਵੀ ਨਹੀਂ ਦਿੱਤੇ ਗਏ। ਜੇਕਰ ਕੱਲ ਤੱਕ ਅਕਾਲੀ ਉਮੀਦਵਾਰਾਂ ਦੇ ਕਾਗਜ਼ ਜਮ੍ਹਾ ਨਾ ਹੋਏ ਤਾਂ ਸਾਰੇ ਹਲਕੇ ਦੇ ਵਰਕਰ ਇਕੱਠੇ ਹੋ ਕੇ ਧਰਨਾ ਦੇਣਗੇ। ਇਸ ਮੌਕੇ ਹਰਬਰਿੰਦਰ ਸਿੰਘ ਹੈਪੀ ਪਾਹਡ਼ਾ, ਮਹਿੰਦਰ ਸਿੰਘ ਗੁਰਾਇਆ, ਕ੍ਰਿਪਾਲ ਸਿੰਘ ਗੁੰਝੀਆਂ ਸਮੇਤ ਵੱੱਡੀ ਗਿਣਤੀ ’ਚ ਅਕਾਲੀ ਆਗੂ ਹਾਜ਼ਰ ਸਨ।
 ਕੀ ਕਹਿਣਾ ਹੈ ਉੱਚ ਅਧਿਕਾਰੀਆਂ ਦਾ
 ਇਸ ਸਬੰਧੀ ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ ਨੇ ਕਿਹਾ ਕਿ ਸਾਰੀ ਪ੍ਰਕਿਰਿਆ ਕਾਨੂੰਨ ਮੁਤਾਬਿਕ ਚੱਲ ਰਹੀ ਹੈ ਤੇ ਸਾਰੇ ਦਸਤਾਵੇਜ਼ ਸਬੰਧਿਤ ਰਿਟਰਨਿੰਗ ਅਫਸਰਾਂ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਦਸਤਾਵੇਜ਼ ਨਹੀਂ ਮਿਲ ਰਿਹਾ ਤਾਂ ਉਹ ਆਪਣੇ ਰਿਟਰਨਿੰਗ ਅਫਸਰ ਕੋਲੋਂ ਪ੍ਰਾਪਤ ਕਰ ਸਕਦਾ ਹੈ। ਦੂਜੇ ਪਾਸੇ ਬੀ. ਡੀ. ਪੀ. ਓ. ਦਫਤਰ ’ਚ ਪਹੁੰਚੇ ਨਾਇਬ ਤਹਿਸੀਲਦਾਰ ਨੇ ਦਫਤਰ ’ਚ ਬੀ. ਡੀ. ਪੀ. ਓ. ਦੀ ਗੈਰ-ਮੌਜੂਦਗੀ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਨਗੇ ਪਰ ਹਾਲ ਦੀ ਘਡ਼ੀ ਸਿਰਫ਼ ਇਹ ਪਤਾ ਲੱਗਾ ਹੈ ਕਿ ਬੀ. ਡੀ. ਪੀ. ਓ. ਦੀ ਕੁਝ ਸਮੇਂ ਲਈ ਕੋਈ ਹੋਰ ਡਿਊਟੀ ਲੱਗੀ ਹੈ, ਜਿਸ ਕਾਰਨ ਉਹ ਉੱਥੇ ਗਏ ਹਨ।