ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

05/24/2019 8:19:00 PM

ਖਾਲੜਾ/ਭਿੱਖੀਵਿੰਡ, (ਭਾਟੀਆ)— ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀਮੇਘਾ ਦੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਪੁੱਤਰ ਸਵ. ਮੰਗਤਾ ਸਿੰਘ ਵਾਸੀ ਮਾੜੀਮੇਘਾ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ । ਉਨ੍ਹਾਂ ਦੇ ਪਿਤਾ ਮੰਗਤ ਸਿੰਘ ਦੀ ਕੁੱਝ ਦਿਨ ਪਹਿਲਾਂ ਹੀ ਮੌਤ ਹੋਈ ਸੀ। ਜਿਸਦਾ ਅਜੇ ਕੱਲ ਹੀ ਭੋਗ ਪਾਇਆ ਸੀ, ਅੱਜ ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਉਨ੍ਹਾਂ ਦਾ ਲੜਕਾ ਸੁਖਰਾਜ ਸਿੰਘ ਕੱਟੂ ਭਿੱਖੀਵਿੰਡ ਵਿਖੇ ਪੱਟੀ ਰੋਡ 'ਤੇ ਪਾਮ ਗਾਰਡਨ ਨੇੜੇ ਗੰਦੇ ਨਾਲੇ ਕੋਲ ਪਿਆ ਹੈ, ਜਦੋਂ ਉਥੇ ਪੁੱਜੇ ਤਾਂ ਸੁਖਦੇਵ ਸਿੰਘ ਕੱਟੂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਭਰਾ ਸਰਵਨ ਸਿੰਘ ਅਤੇ ਬਾਕੀ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਹਿਲਾਂ ਨਸ਼ੇ ਵਗੈਰਾ ਕਰਦਾ ਸੀ ਤੇ ਉਹ ਹੁਣ ਸ਼ਰਾਬ ਵਗੈਰਾ ਹੀ ਪੀਂਦਾ ਸੀ। ਪਰਿਵਾਰ ਵਲੋਂ ਨੌਜ਼ਵਾਨ ਦਾ ਪਿੰਡ ਦੇ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਇਸ ਸਬੰਧੀ ਥਾਣਾ ਖਾਲੜਾ ਦੇ ਇੰਸਪੈਕਟਰ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਅਜਿਹੀ ਕਿਸੇ ਵੀ ਘਟਨਾ ਬਾਰੇ ਪਰਿਵਾਰ ਵਲੋਂ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਗਈ। ਜੇਕਰ ਇਸ ਸਬੰਧੀ ਕੋਈ ਸੂਚਨਾ ਮਿਲਦੀ ਹੈ ਜਾਂ ਸ਼ਿਕਾਇਤ ਪ੍ਰਾਪਤ ਹੋਈ ਤਾਂ ਜਾਂਚ ਉਪਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

KamalJeet Singh

This news is Content Editor KamalJeet Singh