ਧੀ ਦੀ ਖ਼ਰਾਬ ਹੋਈ ਵਿਆਹੁਤਾ ਜ਼ਿੰਦਗੀ ਦੇ ਗਮ ’ਚ ਕਿਸਾਨ ਨੇ ਗਵਾਈ ਆਪਣੀ ਜਾਨ

07/04/2022 4:42:00 PM

ਨੌਸ਼ਹਿਰਾ ਪੰਨੂਆਂ (ਬਲਦੇਵ) - ਪਿੰਡ ਚੌਧਰੀਵਾਲਾ ਦੇ ਕਿਸਾਨ ਗੁਰਮੇਜ ਸਿੰਘ ਨੇ ਆਪਣੀ ਧੀ ਦੀ ਖ਼ਰਾਬ ਹੋਈ ਵਿਆਹੁਤਾ ਜ਼ਿੰਦਗੀ ਦੇ ਗਮ ’ਚ ਆਪਣੀ ਜਾਨ ਗੁਆ ਦਿੱਤੀ। ਗੁਰਮੇਜ ਸਿੰਘ ਦੀ ਪੁੱਤਰੀ ਕੁਲਵਿੰਦਰ ਕੌਰ ਦਾ ਵਿਆਹ ਮੁੰਡਾ ਪਿੰਡ ਦੇ ਜਗਬੀਰ ਸਿੰਘ ਪੁੱਤਰ ਦਲਬੀਰ ਸਿੰਘ ਨਾਲ 20 ਅਗਸਤ 2017 ਨੂੰ ਹੋਇਆ ਸੀ। ਦਾਜ ਵਿਚ ਮੋਟਰਸਾਈਕਲ, ਸੋਨੇ ਦੇ ਗਹਿਣੇ, ਘਰੇਲੂ ਵਰਤੋਂ ਵਾਲਾ ਸਾਰਾ ਸਾਮਾਨ, ਜਿਸ ਦਾ ਮੁੱਲ 7,91,588 ਰੁਪਏ ਬਣਦਾ ਹੈ, ਦਿੱਤਾ ਗਿਆ। ਉਸ ਦੀ ਪੁੱਤਰੀ ਸਿਰਫ਼ ਪੰਜ ਮਹੀਨੇ ਸਹੁਰੇ ਘਰ ਮੁੰਡੇ ਪਿੰਡ ਰਹੀ।

ਉਸ ਨੂੰ ਹੋਰ ਦਾਜ ਲਿਆਉਣ ਲਈ ਘਰੋਂ ਕੱਢ ਦਿੱਤਾ ਗਿਆ। 2018 ’ਚ ਜਗਬੀਰ ਸਿੰਘ ਅਤੇ ਉਸਦੇ ਪਿਤਾ ਦਲਬੀਰ ਸਿੰਘ ਉੱਪਰ ਐੱਫ.ਆਈ.ਆਰ ਨੰਬਰ 0118 ਸਰਹਾਲੀ ਥਾਣੇ ਵਿਚ ਦਰਜ ਹੋਈ ਪਰ ਅੱਜ ਤੱਕ ਪੁਲਸ ਨੇ ਨਾ ਤਾਂ ਦਹੇਜ ਦੇ ਸਾਮਾਨ ਦੀ ਬਰਾਮਦਗੀ ਕੀਤੀ ਅਤੇ ਨਾ ਹੀ ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ। ਧੀ ਨੂੰ ਇਨਸਾਫ ਨਾ ਮਿਲਣ ਦੇ ਗਮ ’ਚ ਗੁਰਮੇਜ ਸਿੰਘ ਬੀਮਾਰ ਰਹਿਣ ਲੱਗ ਪਿਆ। ਗੁਰਮੇਜ ਸਿੰਘ ਗਰੀਬ ਕਿਸਾਨ ਸੀ। ਧੀ ਬੂਹੇ ਬੈਠੀ ਸੀ ਅਤੇ ਉੱਧਰ ਬੀਮਾਰੀ ਉੱਪਰ ਖ਼ਰਚਾ ਹੋਣ ਲੱਗ ਪਿਆ। ਆਖਿਰ ਮੰਜ਼ੇ ਨਾਲ ਮੰਜ਼ਾ ਹੋ ਕੇ ਜ਼ਿੰਦਗੀ ਦੀ ਜੰਗ ਹਾਰ ਗਿਆ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ, ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

rajwinder kaur

This news is Content Editor rajwinder kaur