ਖਸਤਾ ਹਾਲਤ ਪੁਲ ਤੋਂ ਜਾਨ ਖਤਰੇ ’ਚ ਪਾ ਕੇ ਲੰਘਦੇ ਹਨ ਸਕੂਲੀ ਬੱਚੇ

01/18/2019 1:56:08 AM

ਬਟਾਲਾ,   (ਮਠਾਰੂ)–  ਕੁਝ ਸਮਾਂ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਕਾਹਨੂੰਵਾਨ ਰੋਡ ਤੋਂ ਸ਼ਾਸਤਰੀ ਨਗਰ ਨੂੰ ਜਾਂਦੀ ਸਡ਼ਕ ਦੇ ਨੇਡ਼ੇ ਸੇਂਟ ਫਰਾਂਸਿਸ ਸਕੂਲ ਦੇ ਪਿਛਲੇ ਪਾਸੇ ਹੰਸਲੀ ਨਾਲੇ ਦੇ ਉੱਪਰ ਬਣਾਏ ਗਏ ਲੋਹੇ ਦੇ ਪੁਲ ਦੀ ਹਾਲਤ ਬੇਹੱਦ ਖਸਤਾ ਅਤੇ ਖਰਾਬ ਹੋ ਜਾਣ ਤੋਂ ਬਾਅਦ ਇਸ ਪੁਲ ਤੋਂ ਲੰਘਣ ਵਾਲੀ ਆਵਾਜਾਈ ਨੂੰ ਦੋਵੇਂ ਪਾਸੇ ਤੋਂ ਲੱਕਡ਼ਾਂ ਦੇ ਵੱਡੇ ਟੋਟੇ ਰੱਖ ਕੇ ਪੂਰਨ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਕੋਈ ਮੰਦਭਾਗਾ ਹਾਦਸਾ ਨਾ ਵਾਪਰ ਜਾਵੇ। ਪਰ ਇਸ ਸਭ ਦੇ ਉਲਟ ਜਲੰਧਰ ਰੋਡ ਅਤੇ ਕਾਹਨੂੰਵਾਨ ਰੋਡ ਦੇ ਸਮੁੱਚੇ ਇਲਾਕੇ ਨੂੰ ਆਪਸ ਦੇ ’ਚ ਜੋਡ਼ਣ ਵਾਲਾ ਹੰਸਲੀ ਨਾਲੇ ਦਾ ਇਹ ਲੋਹੇ ਦਾ ਪੁਲ ਬੰਦ ਹੋਣ ਦੇ ਕਾਰਨ ਦੋਹਾਂ ਇਲਾਕਿਆਂ ਦੇ ਲੋਕਾਂ ਅਤੇ ਹੋਰ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦ ਕਿ ਜਲੰਧਰ ਰੋਡ ਵਾਲੇ ਹੰਸਲੀ ਨਾਲੇ ਦੇ ਪੁਲ ਉੱਪਰ ਹਰ ਰੋਜ਼ ਹੀ ਵੱਡੇ ਪੱਧਰ ’ਤੇ ਟ੍ਰੈਫਿਕ ਦਾ ਜਾਮ ਲੱਗਾ ਰਹਿੰਦਾ ਹੈ। ਸ਼ਹਿਰ ਦੇ ਸਮਾਜਸੇਵੀ ਆਗੂ ਸ਼ੈਰੀ ਕਲਸੀ ਤੇ ਹੋਰ ਨੌਜਵਾਨਾਂ ਵਲੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਕੁਝ ਦਿਨ ਪਹਿਲਾਂ ਟੁੱਟੇ ਹੋਏ ਇਸ ਲੋਹੇ ਦੇ ਪੁਲ ਨੂੰ ਦੋਹਾਂ ਪਾਸਿਆਂ ਤੋਂ ਮੋਟੀਆਂ ਅਤੇ ਲੰਬੀਆਂ ਲੱਕਡ਼ਾਂ ਰੱਖ ਕੇ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਕੋਈ ਵੀ ਵਾਹਨ ਇਸ ਪੁਲ ਤੋਂ ਲੰਘ ਨਾ ਸਕੇ। ਭਾਵੇਂ ਪੁਲ ਬੰਦ ਕਰ ਦਿੱਤਾ ਹੈ, ਪਰ ਸਕੂਲੀ ਬੱਚੇ ਅਤੇ ਪੈਦਲ ਆਉਣ ਜਾਣ ਵਾਲੇ ਲੋਕ ਅੱਜ ਵੀ ਆਪਣੀ ਜਾਨ ਨੂੰ ਖਤਰੇ ’ਚ ਪਾ ਕੇ ਲੱਕਡ਼ਾਂ ਦੇ ਹੇਠੋਂ ਲੰਘਦਿਆਂ ਹੋਇਆਂ ਪੁਲ ਦੇ ਆਰ ਪਾਰ ਜਾ ਰਹੇ ਹਨ, ਇੱਥੇ ਹੀ ਬੱਸ ਨਹੀਂ ਸੇਂਟ ਫਰਾਂਸਿਸ ਸਕੂਲ, ਵੁੱਡ ਸਟਾਕ ਸਕੂਲ, ਆਰ.ਡੀ. ਖੋਸਲਾ ਸਕੂਲ, ਬੇਰਿੰਗ ਸਕੂਲ ਆਦਿ ਦੇ ਬੱਚੇ ਤੇ ਵਿਦਿਆਰਥੀ ਵੱਡੇ ਪੱਧਰ ’ਤੇ ਇਸ ਲੋਹੇ ਦੇ ਪੁਲ  ਰਾਹੀਂ ਹੰਸਲੀ ਨਾਲੇ ਨੂੰ ਪਾਰ ਕਰਦੇ ਹਨ, ਪਰ ਪੁਲ ਦੇ ਬੰਦ ਹੋਣ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੇ। ਇਨ੍ਹਾਂ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ, ਕਿ ਇਸ ਲੋਹੇ ਦੇ ਪੁਲ ਨੂੰ ਜਲਦੀ ਠੀਕ ਕਰਕੇ ਆਵਾਜਾਈ ਨੂੰ ਚਾਲੂ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਮੁਕਤ ਕਰਦਿਆਂ ਲੱਗ ਰਹੇ ਟ੍ਰੈਫਿਕ ਦੇ ਭਾਰੀ ਜਾਮ ਤੋਂ ਵੀ ਨਿਜਾਤ ਮਿਲ ਸਕੇ।