2.90 ਕਰੋਡ਼ ਦੀ ਹੈਰੋਇਨ ਨਾਲ ਇਕ ਔਰਤ ਸਮੇਤ 6 ਕਾਬੂ

06/20/2019 6:01:23 AM

ਤਰਨਤਾਰਨ, (ਰਾਜੂ)- ਜ਼ਿਲਾ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਨਾਕਾਬੰਦੀ ਦੌਰਾਨ ਇਕ ਔਰਤ ਸਣੇ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ 580 ਗ੍ਰਾਮ ਹੈਰੋਇਨ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 2 ਕਰੋਡ਼ 90 ਲੱਖ ਦੇ ਕਰੀਬ ਦੱਸੀ ਜਾਂਦੀ ਹੈ। ਇਸ ਸਬੰਧੀ ਐੱਸ. ਪੀ. ਇਨਵੈਸਟੀਗੇਸ਼ਨ ਹਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਕੱਚਾ ਪੱਕਾ ਦੇ ਏ. ਐੱਸ. ਆਈ. ਕੁਲਵੰਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ-ਪੁਆਇੰਟ ਜਮਾਲਪੁਰਾ ਵਿਖੇ ਇਕ ਆਦਮੀ ਤੇ ਇਕ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਦੀ ਪਛਾਣ ਗੁਰਅਵਤਾਰ ਸਿੰਘ ਉਰਫ ਕਾਲੀ ਉਰਫ ਗੋਰਾ ਉਰਫ ਅੰਗਰੇਜ਼ ਪੁੱਤਰ ਸੁੱਖਾ ਸਿੰਘ ਵਾਸੀ ਕੁੱਲਾ ਅਤੇ ਗੁਰਜੀਤ ਕੌਰ ਉਰਫ ਅਮਨ ਪਤਨੀ ਬਲਜੀਤ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ। ਇਸੇ ਤਰ੍ਹਾਂ ਏ. ਐੱਸ. ਆਈ. ਭਗਵੰਤ ਸਿੰਘ ਨੇ ਟੀ-ਪੁਆਇੰਟ ਕੁੱਲਾ ਵਿਖੇ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਸ਼ਨਾਖਤ ਵਿਜੇ ਸਿੰਘ ਉਰਫ ਗਾਂਧੀ ਪੁੱਤਰ ਬਿੰਦਰ ਸਿੰਘ, ਰਾਜਬੀਰ ਸਿੰਘ ਉਰਫ ਰਾਜਾ ਪੁੱਤਰ ਬਲਵਿੰਦਰ ਸਿੰਘ, ਰਣਜੀਤ ਸਿੰਘ ਉਰਫ ਘੁੱਚੀ ਪੁੱਤਰ ਮੁਖਤਿਆਰ ਸਿੰਘ ਵਜੋਂ ਹੋਈ। ਜਿਨ੍ਹਾਂ ਦੇ ਕੋਲੋਂ ਤਲਾਸ਼ੀ ਲੈਣ ’ਤੇ 240 ਗ੍ਰਾਮ ਹੈਰੋਇਨ ਬਰਾਮਦ ਹੋਈ। ਜਦਕਿ ਥਾਣਾ ਚੋਹਲਾ ਸਾਹਿਬ ਦੇ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਲਿੰਕ ਰੋਡ ਗੰਡੀਵਿੰਡ ਬਹਿਕਾਂ ਤੋਂ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ, ਜਿਸ ਦੇ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਵਿਅਕਤੀ ਦੀ ਪਛਾਣ ਰਤਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਗੰਡੀਵਿੰਡ ਵਜੋਂ ਹੋਈ ਹੈ। ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਉਕਤ ਵਿਅਕਤੀਆਂ ਖਿਲਾਫ ਸਬੰਧਤ ਥਾਣਿਆਂ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Bharat Thapa

This news is Content Editor Bharat Thapa