ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਰਸਤਿਆਂ ’ਚ ਖਿਲਾਰੇ ਗੰਨੇ

10/17/2018 12:33:06 AM

ਗੁਰਦਾਸਪੁਰ,   (ਹਰਮਨਪ੍ਰੀਤ, ਵਿਨੋਦ)-  ਗੰਨਾ ਉਤਪਾਦਕਾਂ ਦੀਆਂ ਅਦਾਇਗੀਆਂ ਨਾ ਕੀਤੇ ਜਾਣ ਕਾਰਨ ਆਖਿਰਕਾਰ ਗੰਨਾ ਕਾਸ਼ਤਕਾਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਬਰ ਦਾ ਪਿਆਲਾ ਭਰ ਗਿਆ, ਜਿਸ ਤਹਿਤ ਅੱਜ ਗੰਨਾ ਉਤਪਾਦਕ ਸੰਘਰਸ਼ ਤਾਲਮੇਲ ਕਮੇਟੀ ਅਤੇ ਪੱਗਡ਼ੀ ਸੰਭਾਲ ਜੱਟਾ ਲਹਿਰ ਨੇ ਰੋਹ ਵਿਚ ਆ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਪ੍ਰਮੁੱਖ ਗੇਟਾਂ ਸਾਹਮਣੇ ਗੰਨੇ ਖਿਲਾਰ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਗੁਰੂ ਨਾਨਕ ਪਾਰਕ ਵਿਖੇ ਇਕੱਠੇ ਹੋਏ ਕਿਸਾਨ ਆਗੂਆਂ ਅਤੇ ਗੰਨਾ ਕਾਸ਼ਤਕਾਰਾਂ ਨੇ ਸੁਖਦੇਵ ਸਿੰਘ ਬਾਗਡ਼ੀਆਂ, ਤਰਲੋਕ ਸਿੰਘ ਬਹਿਰਾਮਪੁਰ, ਲਖਵਿੰਦਰ ਸਿੰਘ ਮਰਡ਼, ਡਾ. ਅਸ਼ੋਕ ਭਾਰਤੀ, ਬਲਬੀਰ ਸਿੰਘ ਕੱਤੋਵਾਲ, ਬਲਜੀਤ ਸਿੰਘ ਬਾਜਵਾ ਅਤੇ ਮਾਸਟਰ ਗੁਰਨਾਮ ਸਿੰਘ ਦੀ ਅਗਵਾਈ ਹੇਠ ਰੈਲੀ ਕੀਤੀ ਉਪਰੰਤ ਇਹ ਆਗੂ ਅਤੇ ਕਿਸਾਨ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਪਹੁੰਚ ਗਏ ਜਿਥੇ ਕਿਸਾਨ ਜਥੇਬੰਦੀਆਂ ਨੇ ਆਪਣੇ ਨਾਲ ਲਿਆਂਦੇ ਗੰਨੇ ਅਤੇ ਇਨ੍ਹਾਂ ਦੀ ਰਹਿੰਦ- ਖੂੰਹਦ ਨੂੰ ਡੀ. ਸੀ. ਦਫਤਰ ਨੂੰ ਜਾਂਦੇ ਰਸਤਿਆਂ ਵਿਚ ਖਿਲਾਰ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। 
ਇਸ ਮੌਕੇ ਸੰਬੋਧਨ ਕਰਿਦਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਕਾਮਰੇਡ ਰਘੁਬੀਰ ਸਿੰਘ ਪਕੀਵਾਂ, ਕਿਰਤੀ ਕਿਸਾਨ ਯੂਨੀਅਨ  ਆਗੂ ਸਤਬੀਰ ਸਿੰਘ ਮੁਲਤਾਨੀ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲਾ ਆਗੂ ਜਸਬੀਰ ਸਿੰਘ ਕੱਤੋਵਾਲ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਬਲਬੀਰ ਸਿੰਘ ਰੰਧਾਵਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਠਾਕੁਰ ਧਿਆਨ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਜੀਤ ਸਿੰਘ ਭਰਥ ਅਤੇ ਪੱਗਡ਼ੀ ਸੰਭਾਲ ਜੱਟਾ ਲਹਿਰ ਦੇ ਆਗੂ ਗੁਰਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਕੀਤੀ ਜਾ ਰਹੀ ਖੱਜਲ-ਖੁਆਰੀ ਦੀ ਨਿੰਦਾ ਕੀਤੀ।
 ਕੀ ਹਨ  ਮੰਗਾਂ 
 ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਗੰਨੇ ਦੀਆਂ ਬਕਾਇਆ ਅਦਾਇਗੀਆਂ ਤੁਰੰਤ ਕੀਤੀਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਸਾਰੀਆਂ ਖੰਡ ਮਿੱਲਾਂ ਇਕ ਨਵੰਬਰ ਤੋਂ ਚਲਾਉਣ, ਅੱਗ ਲਾਏ ਬਗੈਰ ਪਰਾਲੀ ਦੀ ਸੰਭਾਲ ਲਈ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦੇਣ ਜਾਂ 6000 ਰੁਪਏ ਪ੍ਰਤੀ ਏਕਡ਼ ਦੇਣ, ਪਰਾਲੀ ਸਾਡ਼ਨ ਵਾਲੇ ਕਿਸਾਨਾਂ ’ਤੇ ਦਰਜ ਕੀਤੇ ਪਰਚੇ ਵਾਪਸ ਲੈਣ, ਝੋਨੇ ਦੀ ਖਰੀਦ ਲਈ ਨਿਰਧਾਰਿਤ ਕੀਤੀ ਨਮੀ ਦੀ ਮਾਤਰਾ 17 ਫੀਸਦੀ ਤੋਂ ਵਧਾ ਕੇ 22 ਫੀਸਦੀ ਕਰਨ, ਕੁਦਰਤੀ ਆਫਤਾਂ ਕਾਰਨ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ। ਇਸ ਮੌਕੇ ਪ੍ਰਕਾਸ਼ ਸਿੰਘ ਕਾਹਨੂੰਵਾਨ, ਚੰਨਣ ਸਿੰਘ ਦੋਰਾਂਗਲਾ, ਸੁਖਦੇਵ ਸਿੰਘ ਭਾਗੋਕਾਵਾਂ, ਗੁਲਜ਼ਾਰ ਸਿੰਘ ਬਸੰਤ ਕੋਟ, ਅਵਤਾਰ ਸਿੰਘ ਕਿਰਤੀ, ਡਾ. ਅਸ਼ੋਕ ਭਾਰਤੀ ਅਤੇ ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ।