ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਾ ਨਾਈਜੀਰੀਅਨ ਨੌਸਰਬਾਜ਼ ਕਾਬੂ

12/16/2018 12:55:54 AM

 ਗੁਰਦਾਸਪੁਰ,   (ਹਰਮਨਪ੍ਰੀਤ, ਵਿਨੋਦ)-  ਗੁਰਦਾਸਪੁਰ ਸਿਟੀ ਥਾਣੇ ਦੀ ਪੁਲਸ ਨੇ ਨਾਈਜੀਰੀਆ ਨਾਲ ਸਬੰਧਤ ਇਕ ਨੌਸਰਬਾਜ਼ ਵੱਲੋਂ ਸਥਾਨਕ ਸ਼ਹਿਰ ਦੇ ਵਸਨੀਕ ਨਾਲ ਮਾਰੀ ਗਈ ਲੱਖਾਂ  ਦੀ ਠੱਗੀ ਦਾ ਮਾਮਲਾ ਸੁਲਝਾ  ਕੇ ਨਾ ਸਿਰਫ਼ ਇਸ ਦੋਸ਼ੀ ਦੀ ਪਛਾਣ ਕੀਤੀ ਹੈ ਸਗੋਂ ਉਸ ਨੂੰ ਬੰਗਲੋਰ ਤੋਂ ਕਾਬੂ ਕਰਨ ’ਚ ਵੀ ਵੱਡੀ ਸਫਲਤਾ ਹਾਸਲ ਕਰ ਲਈ ਹੈ। 
 ਯੂ. ਕੇ.  ਭੇਜਣ ਦਾ ਝਾਂਸਾ ਦੇ ਕੇ ਮਾਰੀ ਸੀ ਠੱਗੀ
 ਥਾਣਾ ਸਿਟੀ ਦੇ ਮੁਖੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਗੁਰਦਾਸਪੁਰ ਨਾਲ ਸਬੰਧਤ ਵਰੁਣ ਚੌਹਾਨ ਪੁੱਤਰ ਸੁਰਿੰਦਰ ਚੌਹਾਨ ਵਾਸੀ ਨਗਰ ਸੁਧਾਰ ਟਰੱਸਟ ਕਾਲੋਨੀ ਜੇਲ ਰੋਡ ਗੁਰਦਾਸਪੁਰ ਨੇ ਇਸ ਸਾਲ ਮਈ ਮਹੀਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿਸੇ ਵਿਅਕਤੀ ਨੇ ਉਸ ਨੂੰ ਯੂ.ਕੇ. ਭੇਜਣ ਦਾ ਝਾਂਸਾ ਦੇ   ਕੇ ਕਰੀਬ ਸਵਾ ਤਿੰਨ ਲੱਖ ਰੁਪਏ ਦੀ ਠੱਗੀ ਮਾਰੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਯੂ.ਕੇ. ਜਾਣ ਲਈ ਅੰਬੈਸੀ ’ਚ ਫਾਈਲ ਲਾਈ ਸੀ। ਪਰ ਬਾਅਦ ’ਚ ਉਸ ਨੂੰ ਇਸ ਦੋਸ਼ੀ ਨੇ ਫੋਨ ਕਰ ਕੇ ਕਿਹਾ ਕਿ ਉਹ ਉਸ ਨੂੰ ਯੂ. ਕੇ. ਭੇਜ ਕੇ ਉਥੇ ਕੰਮ ’ਤੇ ਵੀ ਲਵਾਏਗਾ। ਇਸ ਕਾਰਨ ਸ਼ਿਕਾਇਤ ਕਰਤਾ ਉਸ ਦੇ ਝਾਂਸੇ ’ਚ ਆ ਗਿਆ। ਇਸ ਨੌਸਰਬਾਜ਼ ਨੇ ਉਸ ਕੋਲੋਂ ਵੀਜ਼ਾ ਫੀਸ ਤੇ ਹੋਰ ਖਰਚੇ ਦੱਸ ਕੇ ਤਿੰਨ ਵਾਰ ਪੈਸਿਆਂ ਦੀ ਮੰਗ ਕੀਤੀ, ਜਿਸ ਕਾਰਨ ਉਸ ਨੇ ਪਹਿਲਾਂ 35000 ਰੁਪਏ ਜਮ੍ਹਾ ਕਰਵਾਏ ਤੇ ਬਾਅਦ ’ਚ 92500 ਰੁਪਏ ਜਮ੍ਹਾ ਕਰਵਾਉਣ ਉਪਰੰਤ ਮੁਡ਼ 2 ਲੱਖ 11 ਹਜ਼ਾਰ ਰੁਪਏ ਜਮ੍ਹਾ ਕਰਵਾਏ। ਉਨ੍ਹਾਂ ਦੱਸਿਆ ਕਿ ਐਨੇ ਪੈਸੇ ਲੈਣ ਦੇ ਬਾਵਜੂਦ ਇਸ ਨੌਸਰਬਾਜ਼ ਨੇ ਸ਼ਿਕਾਇਤਕਰਤਾ ਨੂੰ ਵਿਦੇਸ਼ ਭੇਜਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਯੂ.ਕੇ. ਤੋਂ ਕਲੀਅਰੈਂਸ ਲੈਣ ਲਈ ਹੋਰ ਸਵਾ ਤਿੰਨ ਲੱਖ ਰੁਪਏ ਜਮ੍ਹਾ ਕਰਵਾਉਣ ਦੀ ਮੰਗ ਕਰਨ ਲੱਗ ਪਿਆ। ਇਸ ਕਾਰਨ ਸ਼ਿਕਾਇਤਕਰਤਾ ਨੂੰ ਉਸ ਦੀ ਨੀਅਤ ’ਤੇ ਸ਼ੱਕ ਪਿਆ ਤੇ ਉਸ ਨੇ ਮਈ ਮਹੀਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।
 ਮੋਬਾਇਲ ਫੋਨ ਦੀ ਲੋਕੇਸ਼ਨ ਕਾਰਨ ਫਸਿਆ ਅਡ਼ਿੱਕੇ ’ਚ
 ਥਾਣਾ ਮੁਖੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ  ਪੁਲਸ ਵੱਲੋਂ ਇਸ ਸਾਲ 15 ਜੂਨ ਨੂੰ ਸਿਟੀ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੂਚਨਾ ਤਕਨਾਲੋਜੀ ਦੀ ਮਦਦ ਨਾਲ ਵੱਡੀ ਜੱਦੋ-ਜਹਿਦ ਕਰ ਕੇ ਇਸ ਦੋਸ਼ੀ ਵੱਲੋਂ ਵਰਤੇ ਜਾ ਰਹੇ ਮੋਬਾਇਲ ਫੋਨ ਤੇ ਉਸ ਦੀਆਂ ਲੋਕੇਸ਼ਨਾਂ ਤੋਂ ਇਲਾਵਾ ਸ਼ੋਸ਼ਲ ਮੀਡੀਏ ਦੇ ਆਈ.ਡੀ.ਜੀ. ਦੀ ਮਦਦ ਨਾਲ ਉਸ ਦੀ ਪਛਾਣ ਤੇ ਰਿਹਾਇਸ਼ ਦਾ ਪਤਾ ਲਾਇਆ।  ਇਸ ਦੋਸ਼ੀ ਦੀ ਪਛਾਣ ਇਬੁਕਨ ਵਜੋਂ ਹੋਈ ਜੋ ਗੈਰੀ ਮਾਸੀਆ ਨਾਮ ਦੀ ਆਈ.ਡੀ. ਚਲਾਉਂਦਾ ਸੀ। ਇਹ ਦੋਸ਼ੀ ਨਾਈਜੀਰੀਆ ਨਾਲ ਸਬੰਧਤ ਹੈ, ਪਰ ਅੱਜਕੱਲ ਬੰਗਲੋਰ ਵਿਖੇ ਰਹਿੰਦਾ ਹੈ। ਇਸ ਕਾਰਨ ਪੁਲਸ ਦੀ ਟੀਮ ਨੇ ਇਸ ਨੂੰ ਬੰਗਲੋਰ ਤੋਂ ਗ੍ਰਿਫਤਾਰ ਕਰ ਕੇ ਗੁਰਦਾਸਪੁਰ ਲੈ ਆਂਦਾ ਹੈ। ਜਿਥੇ ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।