ਚਲਾਨ ਕੱਟਣ ਤੋਂ ਬਾਅਦ ਪੁਲਸ ਅਧਿਕਾਰੀ ਨੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

08/21/2018 12:15:25 AM

ਗੁਰਦਾਸਪੁਰ,(ਵਿਨੋਦ)— ਸਥਾਨਕ ਹਨੂੰਮਾਨ ਚੌਕ 'ਚ ਸੋਮਵਾਰ ਦੇਰ ਸ਼ਾਮ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ, ਜਦ ਪੁਲਸ ਅਧਿਕਾਰੀ ਨੇ 2 ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦਾ ਚਲਾਨ ਕੱਟਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਪੁਲਸ ਅਧਿਕਾਰੀ 'ਤੇ ਬਦਤਮੀਜੀ ਕਰਨ ਅਤੇ ਨੌਜਵਾਨ ਦੇ ਥੱਪੜ ਮਾਰਨ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਪੁਲਸ ਅਧਿਕਾਰੀ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਕਾਫੀ ਤੇਜ਼ ਰਫਤਾਰ ਨਾਲ ਮੋਟਰਸਾਈਕਲ 'ਤੇ ਆ ਰਹੇ ਸਨ, ਇਸ ਦੌਰਾਨ ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਨੌਜਵਾਨਾਂ ਨੇ ਉਨ੍ਹਾਂ 'ਤੇ ਮੋਟਰਸਾਈਕਲ ਚੜਾਉਣ ਦੀ ਕੋਸ਼ਿਸ਼ ਕੀਤੀ। ਨੌਜਵਾਨਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਤੋਂ ਮੋਟਰਸਾਈਕਲ ਦੇ ਦਸਤਾਵੇਜ਼ ਮੰਗੇ ਗਏ ਤਾਂ ਨੌਜਵਾਨਾਂ ਨੇ ਦਸਤਾਵੇਜ਼ ਦਿਖਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਦੌਰਾਨ ਅਧਿਕਾਰੀ ਨੇ ਵਾਹਨ ਨੂੰ ਇੰਪਾਊਂਡ ਕਰਦੇ ਹੋਏ ਨੌਜਵਾਨ ਦੇ ਹੱਥ 'ਚ ਚਲਾਨ ਫੜ੍ਹਾ ਦਿੱਤਾ ਪਰ ਨੌਜਵਾਨ ਨੇ ਚਲਾਨ ਕੱਟਣ ਤੋਂ ਬਾਅਦ ਆਪਣੇ ਦੋਸਤਾਂ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਅਧਿਕਾਰੀ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਸ ਸਟੇਸ਼ਨ ਇੰਚਾਰਜ ਨੂੰ ਦਿੱਤੀ, ਜਿਸ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੇ ਬਾਅਦ 'ਚ ਉਕਤ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਪੁਲਸ ਸਟੇਸ਼ਨ 'ਚ ਬੰਦ ਕਰ ਦਿੱਤਾ। ਇਸ ਦੇ ਵਿਰੋਧ 'ਚ ਲੋਕਾਂ ਨੇ ਪੁਲਸ ਸਟੇਸ਼ਨ ਦੇ ਬਾਹਰ ਧਰਨਾ ਲਾ ਦਿੱਤਾ।

ਇਸ ਸਬੰਧੀ ਪੁਲਸ ਸਟੇਸ਼ਨ 'ਚ ਨੌਜਵਾਨ ਸੌਰਭ ਮਹਾਜਨ ਪੁੱਤਰ ਅਨਿਲ ਮਹਾਜਨ ਅਤੇ ਸਾਹਿਲ ਮਹਾਜਨ ਪੁੱਤਰ ਵਿਪਿਨ ਮਹਾਜਨ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਕਿਸੇ ਕੰਮ ਲਈ ਹਨੂੰਮਾਨ ਚੌਕ ਤਕ ਗਿਆ ਸੀ ਜਦੋਂ ਉਹ ਹਨੂੰਮਾਨ ਚੌਕ ਪਹੁੰਚੇ ਤਾਂ ਉਥੇ ਨਾਕਾ ਲਗਾ ਹੋਇਆ ਸੀ, ਜਿਥੇ ਖੜੇ ਏ. ਐੱਸ. ਆਈ. ਨੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ, ਜਿਸ ਕਾਰਨ ਉਥੇ ਵਿਵਾਦ ਵੱਧ ਗਿਆ। ਉਥੇ ਹੀ ਥਾਣਾ ਇੰਚਾਰਜ ਰਿਤੂ ਤਪਨ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੇ ਹਨ।