ਪਤਨੀ ਅਤੇ ਸਾਲੇ ਦੀ ਕੁੱਟ-ਮਾਰ ਕਰ ਕੇ ਸਹੁਰੇ ਘਰੋਂ ਚੋਰੀ ਕੀਤੀ ਨਕਦੀ ਅਤੇ ਸੋਨਾ

12/11/2019 12:55:28 AM

ਤਰਨਤਾਰਨ, (ਰਾਜੂ)- ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਘਰ ’ਚ ਦਾਖਲ ਹੋ ਕੇ ਪਤਨੀ ਅਤੇ ਸਾਲੇ ਦੀ ਕੁੱਟ-ਮਾਰ ਕਰ ਕੇ ਘਰ ’ਚੋਂ 35 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਜਾਣ ਦੇ ਦੋਸ਼ ਹੇਠ ਪਤੀ ਸਮੇਤ 9 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਕੰਵਲਜੀਤ ਕੌਰ ਪੁੱਤਰੀ ਸਵਿੰਦਰ ਸਿੰਘ ਵਾਸੀ ਗਿੱਲ ਵਡ਼ੈਚ ਨੇ ਦੱਸਿਆ ਕਿ ਉਸ ਦਾ ਵਿਆਹ ਡੇਢ ਸਾਲ ਪਹਿਲਾਂ ਬਿਕਰਮਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਟੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੈ ਜਿਸ ਕਾਰਣ ਅਕਸਰ ਘਰ ’ਚ ਕਲੇਸ਼ ਰਹਿੰਦਾ ਸੀ। ਬੀਤੀ 3 ਦਸੰਬਰ ਨੂੰ ਉਹ ਆਪਣੇ ਪੇਕੇ ਘਰ ਆਈ ਸੀ ਤਾਂ ਉਸ ਦਾ ਪਤੀ ਬਿਕਰਮਜੀਤ ਸਿੰਘ, ਸਹੁਰਾ ਮੇਜਰ ਸਿੰਘ, ਸੱਸ ਕੁਲਜੀਤ ਕੌਰ ਆਪਣੇ 5-6 ਸਾਥੀਆਂ ਸਮੇਤ ਉਸ ਦੇ ਪੇਕੇ ਘਰ ਆ ਗਏ ਅਤੇ ਘਰ ’ਚ ਉਸ ਸਮੇਂ ਮੌਜੂਦ ਉਸ ਨੂੰ ਅਤੇ ਉਸ ਦੇ ਭਰਾ ਨੂੰ ਕੁੱਟ-ਮਾਰ ਕਰ ਕੇ ਅੱਧ ਮਾਰਿਆ ਕਰ ਦਿੱਤਾ। ਉਕਤ ਵਿਅਕਤੀ ਘਰ ਵਿਚੋਂ 35 ਹਜ਼ਾਰ ਨਕਦੀ ਅਤੇ ਟਰੰਕ ’ਚ ਰੱਖੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ ਜਿਸ ਦੀ ਸ਼ਿਕਾਇਤ ਉਨ੍ਹਾਂ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਪ੍ਰਦੁਮਣ ਸਿੰਘ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ ’ਤੇ ਬਿਕਰਮਜੀਤ ਸਿੰਘ, ਮੇਜਰ ਸਿੰਘ, ਕੁਲਜੀਤ ਕੌਰ ਵਾਸੀਆਨ ਪੱਟੀ ਅਤੇ 5-6 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa