ਕਿਸਾਨ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਦੇ ਬੇਟੇ ਅਤੇ ਰਿਸ਼ਤੇਦਾਰ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ

11/12/2018 11:39:17 AM

 ਤਰਨਤਾਰਨ,    (ਰਮਨ, ਰਾਜੂ)-  ਬੀਤੀ ਰਾਤ ਸਥਾਨਕ ਚਾਰ ਖੰਭਾ ਚੌਕ ਵਿਖੇ ਕਿਸਾਨ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਬੇਟੇ ਅਤੇ ਉਸ ਦੇ ਐੱਨ. ਆਰ. ਆਈ. ਡਾਕਟਰ ਰਿਸ਼ਤੇਦਾਰ ਦੀ ਗੱਡੀ ਦੀ ਜਬਰੀ ਭੰਨ ਤੋਡ਼ ਕਰਨ ਅਤੇ ਗੱਡੀ ’ਚੋਂ 2 ਲੱਖ ਰੁਪਏ ਦੀ ਨਕਦੀ ਸਮੇਤ ਸੋਨੇ ਦੀ ਚੇਨ ਅਤੇ ਬ੍ਰੈਸਲਟ ਖੋਹਣ ਦੇ ਜੁਰਮ ਹੇਠ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਪੁਤਰ ਸਤਨਾਮ ਸਿੰਘ ਪੰਨੂੰ ਵਾਸੀ ਗੁਰੂ ਅਮਰਦਾਸ ਐਵੀਨਿਉ ਆਪਣੀ ਕਾਰ ਨੰਬਰ ਪੀ. ਬੀ.-46 ਵਾਈ-9041 ਤੇ ਆਪਣੇ ਐੱਨ. ਆਰ. ਆਈ. ਰਿਸ਼ਤੇਦਾਰ ਡਾਕਟਰ ਨਵਰਿਫਤ ਸਿੰਘ ਪੁਤਰ ਨਵਤੇਜ ਸਿੰਘ ਨਾਲ ਸਵਾਰ ਹੋ ਕੇ ਚਾਰ ਖੰਭਾ ਚੌਕ ਵਿਖੇ ਜਾ ਰਿਹਾ ਸੀ। ਜਦੋਂ ਅੰਮ੍ਰਿਤਪਾਲ ਸਿੰਘ ਪੰਨੂ  ਆਪਣੀ ਕਾਰ ਨੂੰ ਰੋਕ ਕੇ ਇਕ ਦੁਕਾਨ ਤੋਂ ਕੁਝ ਸਾਮਾਨ ਲੈਣ ਲਈ ਰੁਕਿਆ ਤਾਂ ਨਜ਼ਦੀਕ ਖਡ਼੍ਹੇ ਸੈਫੀ ਪੁੱਤਰ ਨਿੰਦਰ ਸਿੰਘ (ਸਾਬਕਾ ਕੌਂਸਲਰ) ਵਾਸੀ ਨੂਰਦੀ ਅੱਡਾ, ਤਰਨਤਾਰਨ ਅਤੇ ਉਸ ਦੇ 4 ਅਣਪਛਾਤੇ ਸਾਥੀਆਂ ਨੇ ਕਾਰ ਨੂੰ ਛੇਡ਼ ਛਾੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਸ ਦਾ ਵਿਰੋਧ ਕਰਨ ’ਤੇ  ਕਾਰ ਸਵਾਰ ਐੱਨ. ਆਰ. ਆਈ. ਅਤੇ ਅੰਮ੍ਰਿਤਪਾਲ ਸਿੰਘ ’ਤੇ ਹਮਲਾ ਕਰਦੇ ਹੋਏ  ਕਾਰ ਨੂੰ ਬੁਰੀ ਤਰ੍ਹਾਂ ਤੋਡ਼ਦੇ ਹੋਏ ਕਾਰ ਵਿਚ ਪਈ 2 ਲੱਖ ਰੁਪਏ ਦੀ ਨਕਦੀ, ਇਕ ਸੋਨੇੇ ਦਾ ਬ੍ਰੈਸਲਟ, ਇਕ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ।ਇਸ ਹਮਲੇ ਵਿਚ ਅੰਮ੍ਰਿਤਪਾਲ ਸਿੰਘ ਅਤੇ ਐਨ. ਆਰ. ਆਈ. ਡਾਕਟਰ ਨਵਰਿਫਤ ਸਿੰਘ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਨ ਸ਼ਰਮਾ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਚੰਦਰ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਸੈਫੀ ਪੁਤਰ ਨਿੰਦਰ ਸਿੰਘ ਅਤੇ ਉਸ ਦੇ 4 ਅਣਪਛਾਤੇ ਸਾਥੀਆਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਦੇ ਹੋਏ ਦੇਰ ਰਾਤ ਦੋ ਵਾਰ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।