ਸਰਹੱਦੀ ਜ਼ਿਲੇ ''ਚ ਖੁੱਲ੍ਹਣਗੇ 4 ਨਵੇਂ ਓ. ਓ. ਏ. ਟੀ. ਸੈਂਟਰ

12/19/2019 8:48:24 PM

ਤਰਨਤਾਰਨ, (ਰਮਨ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਭਰ ’ਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਕਰੋਡ਼ਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸੇ ਲਡ਼ੀ ਦੇ ਤਹਿਤ ਹੁਣ ਜ਼ਿਲੇ ਤਰਨਤਾਰਨ ’ਚ ਮਰੀਜ਼ਾਂ ਨੂੰ ਇਲਾਜ ਕਰਵਾਉਣ ਦੌਰਾਨ ਘਰ ਦੇ ਨਜ਼ਦੀਕੀ ਸਹੂਲਤ ਦੇਣ ਦੇ ਮਕਸਦ ਨਾਲ ਚਾਰ ਨਵੇਂ ਓ. ਓ. ਏ. ਟੀ. ਸੈਂਟਰ ਖੋਲ੍ਹੇ ਜਾ ਰਹੇ ਹਨ, ਜਿਸ ਦਾ ਉਦਘਾਟਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜ਼ਿਲੇ ’ਚ ਖੁੱਲ੍ਹੇ ਨਸ਼ਾ ਛੁਡਾਉੂ ਕੇਂਦਰ ਪਹਿਲਾਂ ਹੀ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੇ ਹਨ, ਜਿਸ ਤਹਿਤ ਇਨ੍ਹਾਂ ਨਸ਼ਾ ਛੁਡਾਉੂ ਕੇਂਦਰਾਂ ’ਚ ਹੁਣ ਤੱਕ ਜ਼ਿਲੇ ਦੇ 20 ਹਜ਼ਾਰ ਤੋਂ ਵੱਧ ਨਸ਼ੇਡ਼ੀ ਆਪਣਾ ਸਫਲ ਇਲਾਜ ਕਰਵਾ ਰਹੇ ਹਨ।

ਚਾਰ ਨਵੇਂ ਉ. ਉ. ਏ. ਟੀ. ਸੈਂਟਰਾਂ ਦਾ ਕੀਤਾ ਜਾ ਰਿਹਾ ਵਾਧਾ-ਜ਼ਿਲੇ ਦੇ ਉ. ਐੱਸ. ਟੀ. (ਉਰਲ ਸਬਸਟੀਟਿਉੂਟ ਥਰੈਪੀ), ਉ. ਉ. ਏ. ਟੀ. (ਆਉੂਟਪੇਸ਼ੈਂਟ ਉਪਿਉੂਡ ਅਸਿਸਟਿਡ ਟ੍ਰੀਟਮੈਂਟ) ਅਤੇ ਰਿਹਾਬ ਸੈਂਟਰ ਨਸ਼ੇਡ਼ੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ। ਜ਼ਿਲੇ ’ਚ ਪਹਿਲਾਂ ਤਿੰਨ ਉ. ਐੱਸ. ਟੀ. (ਉਰਲ ਸਬਸਟੀਟਿਉੂਟ ਥਰੈਪੀ) ਸੈਂਟਰ ਜੋ ਤਰਨਤਾਰਨ, ਝਬਾਲ ਅਤੇ ਪੱਟੀ ਵਿਖੇ ਮੌਜੂਦ ਹਨ ਤੋਂ ਇਲਾਵਾ ਹੁਣ ਤਰਨਤਾਰਨ ਦੇ ਨਸ਼ਾ ਛੁਡਾਉੂ ਸੈਂਟਰ ਅੰਦਰ, ਪੱਟੀ, ਭਿੱਖੀਵਿੰਡ ਅਤੇ ਹਰੀਕੇ ਪੱਤਣ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਨਵੇਂ ਸੈਂਟਰ ਖੋਲ੍ਹੇ ਜਾ ਰਹੇ ਹਨ। ਜਿਨ੍ਹਾਂ ’ਚ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾਵੇਗਾ।

ਮਰੀਜ਼ਾਂ ਦੀ ਗਿਣਤੀ ’ਚ ਹੋਵੇਗਾ ਵਾਧਾ-ਉ. ਉ. ਏ. ਟੀ. ਸੈਂਟਰ ’ਚ ਭੰਗ, ਪੋਸਤ, ਨਸ਼ੇ ਵਾਲੀਆਂ ਗੋਲੀਆਂ, ਹੈਰੋਇਨ ਆਦਿ ਦਾ ਨਸ਼ਾ ਲੈਣ ਵਾਲਿਆਂ ਦਾ ਇਲਾਜ ਉਸ ਦੀ ਪੂਰੀ ਹਿਸਟਰੀ ਲੈਣ ਉਪਰੰਤ ਕੀਤਾ ਜਾ ਰਿਹਾ ਹੈ। ਪਹਿਲਾਂ ਤਰਨਤਾਰਨ ਦੇ ਨਜ਼ਦੀਕੀ ਸੈਂਟਰ ਪਿੰਡ ਠਰੂ ਵਿਖੇ ਮਰੀਜ਼ ਆਪਣੀ ਦਵਾਈ ਲੈਣ ਲਈ ਕਰੀਬ 7 ਕਿਲੋਮੀਟਰ ਦਾ ਸਫਰ ਤੈਅ ਕਰਕੇ ਜਾਂਦੇ ਸਨ ਜੋ ਹੁਣ ਤਰਨਤਾਰਨ ਸਰਕਾਰੀ ਹਸਪਤਾਲ ਤੋਂ ਹੀ ਆਪਣਾ ਮੁਫਤ ਇਲਾਜ ਕਰਵਾਉਣ ਲਈ ਪੁੱਜਣਗੇ।

ਨਸ਼ੇਡ਼ੀਆਂ ਦਾ ਕੀਤਾ ਜਾ ਰਿਹਾ ਮੁਫਤ ਇਲਾਜ-ਜ਼ਿਲਾ ਤਰਨਤਾਰਨ ਦੇ ਉ. ਉ. ਏ. ਟੀ. ਸੈਂਟਰ ਠਰੂ ’ਚ 19 ਦਸੰਬਰ 2019 ਤੱਕ 3700 ਮਰੀਜ਼ ਅਤੇ ਭੱਗੂਪੁਰ ਵਿਖੇ 9020 ਨਸ਼ੇਡ਼ੀਆਂ ਦੀ ਰਜਿਸਟਰੇਸ਼ਨ ਕਰ ਕੇ ਸਫਲ ਇਲਾਜ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਤਰਨਤਾਰਨ ਦੇ ਉ. ਐੱਸ. ਟੀ. ਸੈਂਟਰ ’ਚ 1 ਜਨਵਰੀ 2019 ਤੋਂ 19 ਦਸੰਬਰ ਤੱਕ 2304, ਪੱਟੀ ਵਿਖੇ 1591 ਅਤੇ ਝਬਾਲ ਵਿਖੇ 629 ਮਰੀਜ਼ਾਂ ਦੀ ਰਜਿਸਟਰੇਸ਼ਨ ਕੀਤੀ ਗਈ ਹੈ। ਇਸ ਤੋਂ ਇਲਾਵਾ ਤਰਨਤਾਰਨ ਵਿਖੇ ਨਸ਼ਾ ਛੁਡਾਉੂ ਸੈਂਟਰ ’ਚ ਜਨਵਰੀ ਤੋਂ ਦਸੰਬਰ ਤੱਕ 459, ਪੱਟੀ ਵਿਖੇ 235 ਅਤੇ ਠਰੂ ਰਿਹਾਬ ਸੈਂਟਰ ’ਚ 135 ਮਰੀਜ਼ਾਂ ਨੂੰ ਦਾਖਲ ਕਰਦੇ ਹੋਏ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੋਜ਼ਾਨਾ ਆਉਣ ਵਾਲੇ ਉ. ਪੀ. ਡੀ. ਮਰੀਜ਼ਾਂ ਦਾ ਵੀ ਇਲਾਜ ਕੀਤਾ ਜਾਂਦਾ ਹੈ, ਜਿਸ ਤਹਿਤ ਇਸ ਸਮੇਂ 20 ਹਜ਼ਾਰ ਦੇ ਕਰੀਬ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

50 ਰੁਪਏ ’ਚ ਮਿਲਦੀ ਹੈ ਸਰਕਾਰੀ ਗੋਲੀ-ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਜੱਟਾ ਦੇ ਨਿਵਾਸੀ ਕਾਬਲ ਸਿੰਘ (110) ਪੁੱਤਰ ਬਹਾਲ ਸਿੰਘ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਉਸ ਨੂੰ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਆਟੋ ਰਾਹੀਂ ਪੁੱਜਣ ਲਈ ਰੋਜ਼ਾਨਾ 50 ਰੁਪਏ ਖਰਚ ਕਰਨੇ ਪੈਣਗੇ। ਉਨ੍ਹਾਂ ਮੰਗ ਕੀਤੀ ਕਿ ਉਸ ਨੂੰ ਸਰਕਾਰੀ ਹਸਪਤਾਲ ਤੋਂ ਕਰੀਬ 5 ਦਿਨਾਂ ਦੀ ਦਵਾਈ ਘਰ ਲਿਜਾਣ ਲਈ ਦਿੱਤੀ ਜਾਵੇ। ਬਜ਼ੁਰਗ ਨੇ ਦੱਸਿਆ ਕਿ ਉਹ ਆਪਣਾ ਇਲਾਜ ਕਰਵਾਉਣ ਲਈ ਤਿਆਰ ਹੈ ਪਰ ਸਰਕਾਰ ਉਸ ਦੇ ਆਉਣ ਜਾਣ ਦੇ ਖਰਚ ਬਾਰੇ ਕੱੁਝ ਵਿਚਾਰ ਜ਼ਰੂਰ ਕਰੇ।

ਮੁਕੰਮਲ ਹੋ ਚੁੱਕੀਆ ਤਿਆਰੀਆਂ-ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੁਣ ਜ਼ਿਲੇ ’ਚ ਚਾਰ ਨਵੇਂ ਉ. ਉ. ਏ. ਟੀ. ਕਲੀਨਿਕ ਜੋ ਤਰਨਤਾਰਨ, ਪੱਟੀ, ਭਿੱਖੀਵਿੰਡ ਅਤੇ ਹਰੀਕੇ ਪੱਤਣ ਵਿਖੇ ਸ਼ੁੱਕਰਵਾਰ ਸਵੇਰੇ ਮਰੀਜ਼ਾਂ ਦੀ ਸੇਵਾ ’ਚ ਹਾਜ਼ਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਜ਼ਿਲੇ ਨੂੰ ਨਸ਼ਾ ਮੁਕਤ ਕਰਨ ਦਾ ਹੈ ਟੀਚਾ-ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਨਸ਼ੇ ਦੇ ਆਦੀ ਹੋ ਚੱੁਕੇ ਵਿਅਕਤੀ ਨੂੰ ਸਹਾਰਾ ਦਿੰਦੇ ਹੋਏ ਉਸ ਦਾ ਇਲਾਜ ਸਰਕਾਰੀ ਸਿਹਤ ਕੇਂਦਰ ਤੋਂ ਕਰਵਾਈਏ। ਉਨ੍ਹਾਂ ਦੱਸਿਆ ਕਿ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਦਾ ਉਨ੍ਹਾਂ ਟੀਚਾ ਰੱਖਿਆ ਹੈ, ਜਿਸ ਤਹਿਤ ਐੱਸ. ਐੱਸ. ਪੀ. ਧਰੁਵ ਦਹੀਆ ਨਾਲ ਮਿਲ ਕੇ ਉਹ ਜਿੱਥੇ ਨਸ਼ੇਡ਼ੀਆਂ ਦਾ ਇਲਾਜ ਕਰਵਾ ਰਹੇ ਹਨ ਉੱਥੇ ਨਸ਼ਾ ਸਮੱਗਲਰਾਂ ਦਾ ਬੋਰੀਆਂ ਬਿਸਤਰਾ ਗੋਲ ਕੀਤਾ ਜਾ ਰਿਹਾ ਹੈ।

ਸਰਕਾਰ ਨਸ਼ਿਆਂ ਪ੍ਰਤੀ ਹੈ ਗੰਭੀਰ-ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਦੱਸਿਆ ਕਿ ਜ਼ਿਲੇ ’ਚ ਨਸ਼ਿਆਂ ਪ੍ਰਤੀ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਨਸ਼ੇ ਦੇ ਆਦੀ ਹੋ ਚੱੁਕੇ ਮਰੀਜ਼ਾਂ ਨੂੰ ਤੰਦਰੁਸਤ ਕਰਨ ਪ੍ਰਤੀ ਸਰਕਾਰ ਹਰ ਤਰ੍ਹਾਂ ਦੇ ਉੱਚਿਤ ਕਦਮ ਚੱੁਕ ਰਹੀ ਹੈ। ਇਹ ਨਵੇਂ ਉ. ਉ. ਏ. ਟੀ. ਕਲੀਨਿਕਾਂ ਦੇ ਖੱੁਲ੍ਹਣ ਨਾਲ ਮਰੀਜ਼ਾਂ ਨੂੰ ਨਜ਼ਦੀਕੀ ਸਹੂਲਤ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ ਹੋਰ ਵਧੇਗੀ।

Bharat Thapa

This news is Content Editor Bharat Thapa