ਬਟਾਲਾ ''ਚ ਹੈਜ਼ਾ ਫੈਲਿਆ, 11 ਸਾਲਾ ਬੱਚੇ ਦੀ ਮੌਤ

07/22/2019 6:13:12 PM

ਬਟਾਲਾ (ਬੇਰੀ) : ਬਟਾਲਾ 'ਚ ਬੀਤੇ ਦਿਨ ਫੈਲੇ ਹੈਜ਼ੇ ਨਾਲ 11 ਸਾਲਾਂ ਬੱਚੇ ਦੀ ਮੌਤ ਹੋ ਗਈ। 9 ਹੋਰ ਲੋਕ ਸਿਵਲ ਹਸਪਤਾਲ 'ਚ ਜ਼ੇਰੇ-ਇਲਾਜ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨ ਹਾਥੀ ਗੇਟ ਵਾਸੀ ਇਕ 11 ਸਾਲਾ ਬੱਚੇ ਦੀ ਹੈਜ਼ੇ ਨਾਲ ਜਿਥੇ ਇਲਾਜ ਦੌਰਾਨ ਮੌਤ ਹੋ ਗਈ। ਉਥੇ ਨਾਲ ਹੀ 9 ਹੋਰ ਲੋਕ ਜੋ ਕਿ ਵੱਖ-ਵੱਖ ਮੁਹੱਲਿਆਂ ਅਤੇ ਖੇਤਰਾਂ ਨਾਲ ਸਬੰਧਤ ਹਨ, ਨੂੰ ਵੀ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਖੇਤਰਾਂ 'ਚ ਹੈਜ਼ਾ ਫੈਲਿਆ ਹੈ, ਉਨ੍ਹਾਂ 'ਚ ਹਾਥੀ ਗੇਟ, ਸ਼ਾਹਬਾਦ, ਅਚਲੀ ਗੇਟ, ਬੋਦੇ ਦੀ ਖੂਹੀ, ਬਟਾਲਾ ਬਾਈਪਾਸ, ਰਾਧਾ ਕ੍ਰਿਸ਼ਨ ਕਾਲੋਨੀ, ਪੁਰੀਆਂ ਮੁਹੱਲਾ ਅਤੇ ਹਾਥੀ ਗੇਟ ਸ਼ਾਮਲ ਹਨ।

ਇਸ ਸਬੰਧ 'ਚ ਜਦੋਂ ਐੱਸ. ਐੱਮ. ਓ. ਬਟਾਲਾ ਡਾ. ਸੰਜੀਵ ਭੱਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ 'ਚ ਹੈਜ਼ਾ ਫੈਲਿਆ ਹੈ, ਉਨ੍ਹਾਂ ਦਾ ਸਿਹਤ ਵਿਭਾਗ ਦੀਆਂ ਟੀਮਾਂ ਸਰਵੇਖਣ ਕਰ ਰਹੀਆਂ ਹਨ। ਉਥੋਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ ਹਨ। ਸਾਫ ਪਾਣੀ ਪੀਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਐੱਸ. ਐੱਮ. ਓ. ਡਾ. ਭੱਲਾ ਨੇ ਦੱਸਿਆ ਕਿ ਗਲੇ-ਸੜੇ ਫਲ ਅਤੇ ਸਬਜ਼ੀਆਂ ਲੋਕ ਨਾ ਖਾਣ। ਉਬਲੀ ਛੱਲੀ ਵੀ ਬਜ਼ਾਰੋਂ ਖਰੀਦ ਕੇ ਨਾ ਖਾਣ ਕਿਉਂਕਿ ਅਜਿਹੀਆਂ ਚੀਜ਼ਾਂ ਨੂੰ ਖਾਣ ਨਾਲ ਸਿਹਤ ਵਿਗੜ ਸਕਦੀ ਹੈ। ਜ਼ਿਕਰਯੋਗ ਹੈ ਕਿ ਸੜਕ ਕਿਨਾਰੇ ਲੱਗੇ ਗੰਦਗੀ ਦੇ ਢੇਰਾਂ ਕਾਰਣ ਸ਼ਹਿਰ 'ਚ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ, ਜਿਸ ਦੀ ਮਿਸਾਲ ਬਟਾਲਾ 'ਚ ਫੈਲੇ ਹੈਜ਼ੇ ਤੋਂ ਸਹਿਜੇ ਹੀ ਸਾਹਮਣੇ ਆਉਂਦੀ ਹੈ।

Baljeet Kaur

This news is Content Editor Baljeet Kaur