ਪੰਜਾਬ ਦੇ ਸੁਖਾਵੇਂ ਹਾਲਾਤ ਨੂੰ ਪੰਨੂੰ ਤੋਂ ਇਲਾਵਾ ਕਈ ਵਿਧਾਇਕਾਂ ਤੇ ਸਾਂਸਦਾਂ ਤੋਂ ਖਤਰਾ : ਪਵਨ ਗੁਪਤਾ

07/10/2020 1:48:46 AM

ਧਾਰੀਵਾਲ,(ਖੋਸਲਾ, ਬਲਬੀਰ)- ਪੰਜਾਬ ਦੇ ਸੁਖਾਵੇਂ ਹਾਲਾਤ ਵਿਗਾੜਨ ’ਚ ਸਿੱਖ ਆਫ ਜਸਟਿਸ ਦੇ ਚੀਫ ਗੁਰਪਤਵੰਤ ਸਿੰਘ ਪੰਨੂੰ ਹੀ ਇਕੱਲਾ ਜ਼ਿੰਮੇਵਾਰ ਨਹੀਂ ਬਲਕਿ ਸਾਡੇ ਚੁਣੇ ਹੋਏ ਕੁਝ ਵਿਧਾਇਕ ਅਤੇ ਸਾਂਸਦ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਇਹ ਵਿਚਾਰ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਜਥੇਬੰਦੀ ਦੇ ਨਾਰਥ ਜ਼ੋਨ ਦੇ ਯੂਥ ਪ੍ਰਧਾਨ ਹਨੀ ਮਹਾਜਨ ਦੇ ਨਿਵਾਸ ਅਸਥਾਨ ਧਾਰੀਵਾਲ ਵਿਖੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖੈਹਿਰਾ, ਬੈਂਸ ਬ੍ਰਦਰਜ਼ ਜਾਂ ਸਾਂਸਦੀ ਗਾਂਧੀ ਅੱਤਵਾਦ ਦੀ ਸੋਚ ਕਾਰਣ ਹੀ ਨਹੀਂ ਚੋਣਾਂ ਜਿੱਤੇ ਬਲਕਿ ਹਰੇਕ ਧਰਮ ਦੇ ਲੋਕਾਂ ਨੇ ਵੋਟਾਂ ਪਾ ਕੇ ਉਨ੍ਹਾਂ ਨੂੰ ਜੇਤੂ ਬਣਾਇਆ ਹੈ।

ਗੁਪਤਾ ਨੇ ਕਿਹਾ ਕਿ ਫੜੇ ਗਏ ਅੱਤਵਾਦੀਆਂ ਦੇ ਸਮਰਥਨ ’ਚ ਜਿਥੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁਖੀ ਸਾਹਮਣੇ ਆਏ ਹਨ, ਉਥੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਕੁਝ ਵਿਧਾਇਕ ਅਤੇ ਸਾਂਸਦ ਵੀ ਅੱਤਵਾਦੀਆਂ ਦੇ ਹੱਕ ਵਿਚ ਬਿਆਨਬਾਜ਼ੀ ਕਰ ਰਹੇ ਹਨ, ਜਿਸ ਨਾਲ ਪੰਜਾਬ ਵਿਚ ਦੁਬਾਰਾ ਮਾਹੌਲ ਖਰਾਬ ਹੋਣ ਦਾ ਖਦਸਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਆਸੀ ਆਗੂਆਂ ਦਾ ਸਮਾਜ ਵਿਚ ਕੋਈ ਆਧਾਰ ਨਹੀਂ ਰਿਹਾ, ਇਸ ਲਈ ਅਜਿਹੀ ਬਿਆਨਬਾਜ਼ੀ ਕਰ ਕੇ ਫੌਕੀ ਸ਼ੋਹਰਤ ਪ੍ਰਾਪਤ ਕਰਨਾ ਚਾਹੁੰਦੇ ਹਨ। ਗੁਪਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਵੀ ਵਿਧਾਇਕ ਜਾਂ ਸਾਂਸਦ ਦੇਸ਼ ਵਿਰੋਧੀ ਤਾਕਤਾਂ ਦਾ ਸਮਰਥਨ ਕਰਦੇ ਹਨ, ਉਨ੍ਹਾਂ ਦੀ ਮੈਂਬਰਸ਼ਿਪ ਖਾਰਿਜ ਕਰ ਕੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਦੇ ਹੋਏ ਰਾਜ ਕੁਮਾਰ ਨੂੰ ਸੂਬਾ ਸੰਗਠਨ ਮੰਤਰੀ, ਸ਼ਿਵਮ ਠਾਕੁਰ ਨੂੰ ਜ਼ਿਲਾ ਪ੍ਰਧਾਨ ਅਤੇ ਹੈਪੀ ਕਾਲੀਆ ਨੂੰ ਯੁਵਾ ਮੋਰਚਾ ਦਾ ਜ਼ਿਲਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੁ ਤੇ ਵਰਕਰ ਹਾਜ਼ਰ ਸਨ।

Bharat Thapa

This news is Content Editor Bharat Thapa