ਇਤਿਹਾਸਕ ਨਗਰ ਕੀਰਤਨ ਲਖਨਊ ਤੋਂ ਕਾਨਪੁਰ ਯੂ.ਪੀ. ਲਈ ਰਵਾਨਾ

08/21/2019 4:24:28 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਜਗਤ ਗੁਰੂ ਸ੍ਰੀ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲਖਨਊ (ਉੱਤਰ ਪ੍ਰਦੇਸ਼) ਤੋਂ ਅਗਲੇ ਪੜਾਅ ਕਾਨਪੁਰ ਲਈ ਰਵਾਨਾ ਹੋਇਆ। ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਰਾਗੀ ਜਥਿਆਂ ਵਲੋਂ ਗੁਰਬਾਣੀ ਦਾ ਮਨੋਹਰ ਕੀਤਰਨ ਕੀਤਾ ਗਿਆ। ਇਸ ਦੌਰਾਨ ਭਾਈ ਪ੍ਰਣਾਮ ਸਿੰਘ ਦੁਆਰਾ ਆਰੰਭਤਾ ਦੀ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ। 

ਲਖਨਊ ਤੋਂ ਨਗਰ ਕੀਰਤਨ ਦੀ ਅੱਗੇ ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਵਿਖੇ ਸਜਾਏ ਧਾਰਮਿਕ ਦੀਵਾਨ ਦੌਰਾਨ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ। ਨਗਰ ਕੀਰਤਨ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਖਾਲਸਾ, ਲਖਨਊ ਦੀ ਮੇਅਰ ਸ੍ਰੀਮਤੀ ਸੰਯੁਕਤਾ ਭਾਟੀਆ, ਸੁਖਦਰਸ਼ਨ ਸਿੰਘ ਬੇਦੀ ਮੈਂਬਰ ਘੱਟਗਿਣਤੀ ਕਮਿਸ਼ਨ ਯੂ.ਪੀ., ਇਕਬਾਲ ਸਿੰਘ ਵਾਈਸ ਪ੍ਰਧਾਨ ਪੰਜਾਬੀ ਅਕੈਡਮੀ ਯੂ.ਪੀ., ਬੀਬੀ ਰਾਣਾ ਪਰਮਜੀਤ ਕੌਰ, ਡਾ. ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲਖਨਊ, ਰਾਜਿੰਦਰ ਸਿੰਘ ਬੱਗਾ, ਹਰਪਾਲ ਸਿੰਘ ਜੱਗੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ। ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਣ ਸਮੇਂ ਸਥਾਨਕ ਪੁਲਿਸ ਨੇ ਵੀ ਸਲਾਮੀ ਦੇ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਸਤਿਕਾਰ ਭੇਟ ਕੀਤਾ। ਇਸ ਤੋਂ ਪਹਿਲਾਂ ਬੀਤੀ ਰਾਤ ਨਗਰ ਕੀਰਤਨ ਦਾ ਲਖਨਊ ਪਹੁੰਚਣ ਸਮੇਂ ਸਥਾਨਕ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸੰਗਤ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ। ਨਗਰ ਕੀਰਤਨ ਦੇ ਰਸਤੇ 'ਚ ਸੰਗਤਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਸਨ।

Baljeet Kaur

This news is Content Editor Baljeet Kaur