ਜ਼ਿਲਾ ਪ੍ਰਸ਼ਾਸਨ ਵਲੋਂ ਮਨਾਇਆ ਗਿਆ ਲੋਹੜੀ ਦਾ ਤਿਉਹਾਰ (ਵੀਡੀਓ)

01/13/2019 10:28:09 AM

ਅੰਮ੍ਰਿਤਸਰ (ਸੁਮਿਤ ਖੰਨਾ) : ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਜ਼ਿਲਾ ਪ੍ਰਾਸ਼ਸਨ ਵੱਲੋਂ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਸ਼ਹਿਰ ਵਾਸੀਆਂ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਲੋਕ ਗੀਤਾਂ, ਗਿੱਧਾ ਅਤੇ ਭੰਗੜਾ ਨੇ ਲੋਕਾਂ ਦਾ ਮਨੋਰੰਜਨ ਕੀਤਾ, ਉਥੇ ਧੀਆਂ ਨਾਲ ਸਮਾਜ ਵਿਚ ਬਰਾਬਰ ਦਾ ਦਰਜਾ ਦੇਣ ਲਈ ਦਰਸਾਉਂਦਾ ਨਾਟਕ ਖੇਡਿਆ ਗਿਆ। ਚੀਨੀ ਡੋਰ ਦੀ ਥਾਂ ਰਿਵਾਇਤੀ ਡੋਰ ਨੂੰ ਉਤਸ਼ਾਹਿਤ ਕਰਨ ਲਈ ਪਤੰਗਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ। ਮੇਲੇ ਵਿਚ ਪਹੁੰਚੇ ਸਿੱਖਿਆ ਮੰਤਰੀ  ਓ. ਪੀ. ਸੋਨੀ, ਲੋਕ ਸਭਾ ਮੈਂਬਰ  ਗੁਰਜੀਤ ਸਿੰਘ ਔਜਲਾ, ਵਿਧਾਇਕ  ਇੰਦਰਬੀਰ ਸਿੰਘ ਬੁਲਾਰੀਆ ਸਮੇਤ ਹਾਜ਼ਰ ਸਾਰੇ ਅਧਿਕਾਰੀਆਂ ਨੇ ਵੀ ਪਤੰਗ ਉਡਾਉਣ ਦਾ ਨਜ਼ਾਰਾ ਲਿਆ। 

ਲੋਹੜੀ ਮੇਲੇ ਵਿਚ ਖਾਲਾਸਾ ਕਾਲਜ ਪਬਲਿਕ ਸਕੂਲ ਦੇ ਬੱਚਿਆਂ ਅਤੇ ਹਿੰਦੂ ਕਾਲਜ ਦੀ ਵਿਦਿਆਰਥਣ ਸਾਲੋਨੀ ਨੇ ਲੋਕ ਰੰਗ ਗਾ ਕੇ ਅਖਾੜੇ ਵਰਗਾ ਮਾਹੌਲ ਬੰਨ ਦਿੱਤਾ। ਇਸ ਮਗਰੋਂ ਮਾਹਣਾ ਸਿੰਘ ਰੋਡ ਸਰਕਾਰੀ ਕੰਨਿਆ ਸਕੂਲ ਅਤੇ ਮਾਲ ਰੋਡ ਕੰਨਿਆ ਸਕੂਲ ਦੀਆਂ ਬੱਚੀਆਂ ਨੇ ਗਿੱਧਾ ਪੇਸ਼ ਕੀਤਾ। ਰਾਮ ਆਸ਼ਰਮ ਸਕੂਲ ਦੇ ਬੱਚਿਆਂ ਨੇ ਭੰਗੜੇ ਵਿਚ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦਾ ਸੱਦਾ ਦਿੱਤਾ। 

ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ ਅਤੇ ਸ਼੍ਰੀਮਤੀ ਅਲਕਾ ਕਾਲੀਆ ਦੀ ਟੀਮ ਵੱਲੋਂ ਪੇਸ਼ਕਾਰੀ ਕਰਨ ਵਾਲੇ ਗਰੁੱਪਾਂ ਨੂੰ ਮੂੰਗਫਲੀ-ਰਿਉੜੀਆਂ ਸੌਗਾਤ ਵਜੋਂ ਦਿੱਤੀਆਂ ਗਈਆਂ। ਪਤੰਗਬਾਜੀ ਵਿਚ ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ 11 ਹਜ਼ਾਰ ਰੁਪਏ ਤੇ ਦੂਸਰਾ ਇਨਾਮ 5 ਹਜ਼ਾਰ ਰੁਪਏ ਦਿੱਤਾ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਮੇਲੇ ਤੋਂ ਖੁਸ਼ ਹੋ ਕੇ ਆਪਣੇ ਅਖਿਤਆਰੀ ਫੰਡ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਸ ਉਦਮ ਦੀ ਸਰਾਹਨਾ ਕਰਦੇ ਹਰ ਸਾਲ ਅੰਮ੍ਰਿਤਸਰ ਵਿਚ ਲੋਹੜੀ ਮੇਲਾ ਲਗਾਉਣ ਦਾ ਐਲਾਨ ਕੀਤਾ, ਤਾਂ ਜੋ ਸਾਰੇ ਸ਼ਹਿਰ ਵਾਸੀ ਪਿਆਰ ਦਾ ਸੱਦਾ ਦਿੰਦਾ ਇਹ ਤਿਉਹਾਰ ਮਿਲ ਕੇ ਮਨਾ ਸਕਣ।

Baljeet Kaur

This news is Content Editor Baljeet Kaur