ਸਿੱਖ ਕੌਮ ਦੀਆਂ ਅਰਦਾਸਾਂ ਅਤੇ ਸੰਘਰਸ਼ ਕਾਰਣ ਕਾਲੇ ਕਾਨੂੰਨ ਬਹੁਤੀ ਦੇਰ ਨਹੀਂ ਟਿਕਣਗੇ : ਜਥੇ. ਰਾਜਾ

01/06/2021 10:59:53 AM

ਅੰਮ੍ਰਿਤਸਰ (ਛੀਨਾ): ਕੜਾਕੇ ਦੀ ਠੰਡ ’ਚ ਖੇਤੀਬਾੜੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆ ਸਰਹੱਦਾਂ ’ਤੇ ਡਟ ਕੇ ਸੰਘਰਸ਼ ਕਰ ਰਹੇ ਕਿਸਾਨਾਂ ਵਾਸਤੇ ਗੁਰਫ਼ਤਿਹ ਵੈੱਲਫ਼ੇਅਰ ਸੋਸਾਇਟੀ ਦੇ ਮੁਖੀ ਜਥੇਦਾਰ ਗੁਰਿੰਦਰ ਸਿੰਘ ਰਾਜਾ ਅਤੇ ਸਾਥੀ ਰਸਦਾਂ ਅਤੇ ਗਰਮ ਕੱਪੜੇ ਲੈ ਕੇ ਪਹੁੰਚੇ। ਇਸ ਮੌਕੇ ਜਥੇ. ਗੁਰਿੰਦਰ ਸਿੰਘ ਰਾਜਾ ਨੇ ਕਿਹਾ ਕਿ ਸਿੱਖ ਕੌਮ ਦੀਆਂ ਅਰਦਾਸਾਂ ਸਦਕਾ ਜੇਕਰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਸਕਦਾ ਹੈ ਤਾਂ ਖੇਤੀਬਾੜੀ ਕਾਨੂੰਨਾਂ ਦੇ ਵਾਪਸ ਹੋਣ ਵਾਸਤੇ ਵੀ ਹਰ ਸਿੱਖ ਅਰਦਾਸ ਕਰ ਰਿਹਾ ਹੈ, ਜਿਸ ਸਦਕਾ ਸੰਘਰਸ਼ਸ਼ੀਲ ਕਿਸਾਨਾਂ ਦੇ ਸਾਹਮਣੇ ਇਹ ਕਾਲੇ ਕਾਨੂੰਨ ਵੀ ਬਹੁਤੀ ਦੇਰ ਨਹੀਂ ਟਿਕਣਗੇ। ਜਥੇ. ਰਾਜਾ ਨੇ ਕਿਸਾਨਾਂ ਦੇ ਪੀਜਾ ਖਾਣ ’ਤੇ ਕਿੰਤੂ-ਪ੍ਰੰਤੂ ਕਰਨ ਵਾਲਿਆਂ ਨੂੰ ਲੰਮੇ ਹੱਥੀਂ ਲੈਂਦਿਆਂ ਆਖਿਆ ਕਿ ਦੇਸ਼-ਵਿਦੇਸ਼ ’ਚ ਕੁਦਰਤੀ ਆਫ਼ਤਾਂ ਆਉਣ ’ਤੇ ਲੋਕਾਂ ਲਈ ਵੰਨ-ਸਵੰਨੇ ਲੰਗਰਾਂ ਦਾ ਪ੍ਰਬੰਧ ਕਰਨ ਵਾਲੀ ਸਿੱਖ ਕੌਮ ਲਈ ਪੀਜਾ-ਬਰਗਰ ਕਿੰਨੀ ਕੁ ਵੱਡੀ ਚੀਜ਼ ਹੈ।

ਇਹ ਵੀ ਪੜ੍ਹੋ : 32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉਡੇ ਸਭ ਦੇ ਹੋਸ਼

ਜਥੇ. ਰਾਜਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਹਲਕੇ ’ਚ ਲੈਣ ਦੀ ਭੁੱਲ ਨਾ ਕਰੇ, ਇਕ ਵਾਰ ਸਬਰ ਦਾ ਪਿਆਲਾ ਭਰ ਗਿਆ ਤਾਂ ਮੋਦੀ ਸਰਕਾਰ ਲਈ ਕਿਸਾਨਾਂ ਦਾ ਰੋਹ ਥੰਮਣਾ ਔਖਾ ਹੋ ਜਾਵੇਗਾ। ਇਸ ਮੌਕੇ ਜਥੇ. ਰਾਜਾ ਨੇ ਸਿੰਘੂ ਬਾਰਡਰ ’ਤੇ ਪ੍ਰਬੰਧ ਸੰਭਾਲਣ ਵਾਲੇ ਸੰਘਰਸ਼ੀਲ ਕਿਸਾਨਾਂ ਨੂੰ ਨਕਦ ਸਹਾਇਤਾ ਦਿੰਦਿਆਂ ਸੰਘਰਸ਼ ਜਾਰੀ ਰਹਿਣ ਤਕ ਹਰ ਪੱਖੋਂ ਸਹਿਯੋਗ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਹਰਕੀਰਤ ਸਿੰਘ ਪਾਰਸ, ਰਵਿੰਦਰ ਸਿੰਘ, ਜੋਬਨਪ੍ਰੀਤ ਸਿੰਘ ਛੀਨਾ, ਫਤਿਹ ਸਿੰਘ ਹਰਜੀ, ਠੇਕੇਦਾਰ ਸੁਖਦੇਵ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : SGPC ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਲਾਏਗੀ ਸੋਲਰ ਸਿਸਟਮ, ਲੰਗਰ ਵੀ ਇੰਝ ਕੀਤਾ ਜਾਵੇਗਾ ਤਿਆਰ

Baljeet Kaur

This news is Content Editor Baljeet Kaur