ਕਿਸਾਨਾਂ ਦੇ ਮਸਲੇ ਨੂੰ ਲੈ ਕੇ ਮੋਦੀ ਸਰਕਾਰ ਨਹੀਂ ਚਿੰਤਤ: ਜਥੇਦਾਰ ਹਰਪ੍ਰੀਤ ਸਿੰਘ

12/19/2020 1:08:15 PM

ਅੰਮ੍ਰਿਤਸਰ (ਅਨਜਾਣ): ਦਿੱਲੀ ’ਚ ਪੋਹ ਦੇ ਮਹੀਨੇ ਦੀ ਕਹਿਰਾਂ ਦੀ ਠੰਢ ਨੂੰ ਲੈ ਕੇ ਦੇਸ਼ ਦੇ ਹਰ ਸੂਬੇ ਤੋਂ ਕਿਸਾਨ ਜਥੇਬੰਦੀਆਂ ਇਨਸਾਫ਼ ਮੰਗ ਰਹੀਆਂ ਨੇ ਪਰ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਬਿਲਕੁੱਲ ਚਿੰਤਤ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਸਿੰਘੂ ਬਾਰਡਰ ’ਤੇ ਜੂਝ ਰਹੇ ਕਿਸਾਨਾਂ ਨਾਲ ਰੋਜ਼ਾਨਾ ਦਰਦਨਾਕ ਘਟਨਾਵਾਂ ਵਾਪਰ ਰਹੀਆਂ ਹਨ, ਇਸ ਸਬੰਧੀ ਵੀ ਕੇਂਦਰ ਦੀ ਸਰਕਾਰ ਵਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਨਾ ਦੇਣ ’ਤੇ ਉਜੜ ਸਕਦੀ ਹੈ ਭਾਜਪਾ ਦੀ ‘ਸਿਆਸੀ ਖੇਤੀ’!

ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਬੋਲਦਿਆਂ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੀ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਇਕ ਬਹੁਤ ਵੱਡੀ ਪ੍ਰੇਰਣਾ ਸਰੋਤ ਹੈ। ਖਾਸਕਰ ਜਦ ਅੱਜ ਦੇ ਸਮੇਂ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਜ਼ਬਰੀ ਧਰਮ ਪਰਿਵਰਨ ਤੇ ਘੱਟ ਗਿਣਤੀ ਲੋਕਾਂ ਨੂੰ ਦੱਬਿਆ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਸਮੁੱਚੇ ਸੰਸਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਸਮਝਣ ਤੇ ਗੁਰੂ ਸਾਹਿਬ ਦੇ ਲੜ ਲੱਗਣ ਲਈ ਅਪੀਲ ਕੀਤੀ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਾ ਲੈਣ ਵਾਲੇ ਹੋ ਜਾਣ ਸਾਵਧਾਨ!

ਚੀਫ਼ ਖ਼ਾਲਸਾ ਦੀਵਾਨ ’ਚ ਗੈਰ ਅੰਮ੍ਰਿਤਧਾਰੀ ਤੇ ਪਤਿਤ ਵੋਟਾਂ ਦੇ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਸਬ-ਕਮੇਟੀ ਨੂੰ ਲਿਖਤੀ ਰੂਪ ’ਚ ਰਿਕਾਰਡ ਨਾ ਸੌਂਪਣ ਦੇ ਮਾਮਲੇ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਉਨ੍ਹਾਂ ਨਾਲ ਮਿਲ ਕੇ ਗੱਲਬਾਤ ਕੀਤੀ ਹੈ ਤੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ। ਉਨ੍ਹਾਂ ਦੱਸਿਆ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਸਭ-ਕਮੇਟੀ ਜਦੋਂ ਵੀ ਚਾਹੇ ਉਨ੍ਹਾਂ ਦੇ ਦਫ਼ਤਰ ਆ ਕੇ ੱੱਰਿਕਾਰਡ ਦੇਖ ਸਕਦੀ ਹੈ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੀ ਮੌਜੂਦ ਸਨ।

Baljeet Kaur

This news is Content Editor Baljeet Kaur