ਸਬ-ਇੰਸਪੈਕਟਰ ਦਿਲਬਾਗ ਸਿੰਘ ਅਗਵਾ ਤੇ ਕਤਲ ਦੇ ਮਾਮਲੇ ''ਚੋਂ ਬਰੀ

09/17/2018 12:34:53 PM

ਅੰਮ੍ਰਿਤਸਰ (ਅਰੁਣ) : ਕਰੀਬ 7 ਸਾਲ ਪਹਿਲਾਂ 2011 'ਚ ਇਕ ਨੌਜਵਾਨ ਨੂੰ ਜਬਰੀ ਚੁੱਕਣ ਮਗਰੋਂ ਪੁਲਸ ਵੱਲੋਂ ਕੀਤੇ ਅਣਮਨੁੱਖੀ ਤਸ਼ੱਦਦ ਦੇ ਮਾਮਲੇ ਵਿਚ ਵਧੀਕ ਜ਼ਿਲਾ ਸੈਸ਼ਨ ਜੱਜ ਵੀ. ਕੇ. ਗੋਇਲ ਦੀ ਅਦਾਲਤ ਵੱਲੋਂ ਸਬ-ਇੰਸਪੈਕਟਰ ਦਿਲਬਾਗ ਸਿੰਘ ਨੂੰ ਗਵਾਹਾਂ ਤੇ ਸਬੂਤਾਂ ਦੀ ਘਾਟ ਕਾਰਨ ਬਰੀ ਕੀਤੇ ਜਾਣ ਦਾ ਮਹੱਤਵਪੂਰਨ ਫੈਸਲਾ ਸੁਣਾਇਆ ਗਿਆ, ਜਦਕਿ ਇਕ ਸਾਬਕਾ ਸਬ-ਇੰਸਪੈਕਟਰ ਪਰਮਜੀਤ ਸਿੰਘ ਤੇ ਅਜੇ ਕੁਮਾਰ ਨੂੰ ਜੇਲ ਭੇਜ ਦਿੱਤਾ ਗਿਆ ਹੈ।

ਕੀ ਸੀ ਮਾਮਲਾ

27 ਮਈ 2011 ਨੂੰ ਥਾਣਾ ਮਜੀਠਾ ਰੋਡ ਦੀ ਪੁਲਸ ਨੇ ਲੜਾਈ-ਝਗੜੇ ਦੇ ਇਕ ਮਾਮਲੇ 'ਚ ਨੌਜਵਾਨ ਬਾਵਾ ਸਿੰਘ ਵਾਸੀ ਫੈਜ਼ਪੁਰਾ ਨੂੰ ਗ੍ਰਿਫਤਾਰ ਕੀਤਾ ਸੀ ਤੇ ਜੇਲ ਜਾਣ ਮਗਰੋਂ 1 ਅਗਸਤ ਨੂੰ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਬਾਵਾ ਸਿੰਘ ਦੇ ਵਾਰਿਸਾਂ ਨੇ ਦੋਸ਼ ਲਾਉਂਦਿਆਂ ਸੱਤਾ ਧਿਰ ਦੀ ਸ਼ਹਿ 'ਤੇ ਪੁਲਸ ਵੱਲੋਂ ਕੀਤੇ ਅਣਮਨੁੱਖੀ ਤਸ਼ੱਦਦ ਕੀਤੇ ਜਾਣ ਕਾਰਨ ਉਨ੍ਹਾਂ ਦੇ ਲੜਕੇ ਦੀ ਮੌਤ ਹੋਣ ਬਾਰੇ ਕਿਹਾ ਸੀ। ਇਸ ਸਬੰਧੀ ਉਸ ਵੇਲੇ ਦੇ ਥਾਣਾ ਇੰਚਾਰਜ ਇੰਸਪੈਕਟਰ ਹਰੀਸ਼ ਕੁਮਾਰ, ਏ. ਐੱਸ. ਆਈ ਦਿਲਬਾਗ ਸਿੰਘ, ਏ. ਐੱਸ. ਆਈ. ਪਰਮਜੀਤ ਸਿੰਘ, ਹੌਲਦਾਰ ਅਮਰੀਕ ਸਿੰਘ, ਅਜੇ ਕੁਮਾਰ, ਅਸ਼ੋਕ ਘੋਚਾ ਤੇ ਕਬੀਰ ਸ਼ਰਮਾ ਖਿਲਾਫ ਕਤਲ ਅਤੇ ਅਗਵਾ ਦੇ ਦੋਸ਼ਾਂ ਤਹਿਤ ਇਸਤਗਾਸਾ ਦਾਇਰ ਕੀਤਾ ਗਿਆ ਸੀ। ਇੰਸਪੈਕਟਰ ਹਰੀਸ਼ ਕੁਮਾਰ ਨੂੰ ਵੀ ਇਸ ਮਾਮਲੇ ਵਿਚ ਜੇਲ ਜਾਣਾ ਪਿਆ ਸੀ, ਜੋ ਬਾਅਦ ਵਿਚ ਅਦਾਲਤ ਵੱਲੋਂ ਬਰੀ ਕਰਾਰ ਦਿੱਤੇ ਗਏ ਸਨ।

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ ਸੀ ਅਤੇ ਅਦਾਲਤ ਨੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਸੀ। ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ, ਜਦਕਿ ਅਦਾਲਤ ਵਿਚ ਆਤਮ-ਸਮਰਪਣ ਕਰਨ ਵਾਲੇ ਸੇਵਾਮੁਕਤ ਸਬ-ਇੰਸਪੈਕਟਰ ਪਰਮਜੀਤ ਸਿੰਘ ਤੇ ਅਜੇ ਕੁਮਾਰ ਨੂੰ ਅਦਾਲਤ ਦੇ ਹੁਕਮਾਂ ਤਹਿਤ ਜੇਲ ਭੇਜ ਦਿੱਤਾ ਗਿਆ ਹੈ।