ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸ਼ਹੀਦੀ ਰੋਲੀ: ਸਿੱਖ ਯੂਥ ਫੈਡਰੇਸ਼ਨ

01/01/2021 3:15:30 PM

ਅੰਮਿ੍ਰਤਸਰ (ਅਨਜਾਣ): 26 ਜਨਵਰੀ 1986 ਦੇ ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੇਵ ਸਿੰਘ ਕਾਉਂਕੇ ਦੀ ਮਹਾਨ ਅਤੇ ਅਦੁੱਤੀ ਸ਼ਹਾਦਤ ਨੂੰ ਬਾਦਲਕਿਆਂ ਨੇ ਰੋਲਣ ਦਾ ਯਤਨ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਰਣਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਕਿਹਾ ਕਿ ਜ਼ਾਲਮ ਅਫ਼ਸਰ ਸਵਰਨ ਘੋਟਣੇ ਦੀ ਅਗਵਾਈ ‘ਚ ਪੁਲਸ ਨੇ 1 ਜਨਵਰੀ 1993 ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ ਸੀ ਤੇ ਉਨ੍ਹਾਂ ਦੀ ਮਿ੍ਰਤਕ ਦੇਹ ਵੀ ਕਿਧਰੇ ਖੁਰਦ-ਬੁਰਦ ਕਰ ਦਿੱਤੀ ਗਈ ਸੀ। 

ਇਹ ਵੀ ਪੜ੍ਹੋ : ਦੁਖਦ ਖ਼ਬਰ : ਕਿਸਾਨੀ ਸੰਘਰਸ਼ ਦੌਰਾਨ ਦਸੂਹਾ ਦੇ ਕਿਸਾਨ ਦੀ ਮੌਤ

12 ਫ਼ਰਵਰੀ 1997 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਅਕਾਲੀ ਸਰਕਾਰ ਬਣਨ ਮਗਰੋਂ ਸਿੱਖਾਂ ਉੱਤੇ ਜ਼ੁਲਮ ਕਰਨ ਵਾਲੇ ਦੋਸ਼ੀਆਂ ‘ਤੇ ਕਾਰਵਾਈ ਕੀਤੀ ਜਾਵੇਗੀ ਪਰ ਅਫ਼ਸੋਸ ਕਿ ਕੁਰਸੀ ‘ਤੇ ਬੈਠਦਿਆਂ ਹੀ ਉਨ੍ਹਾਂ ਅੱਖਾਂ ਫ਼ੇਰ ਲਈਆਂ। ਇਸ ਤੋਂ ਬਾਅਦ ਸਿੱਖਾਂ ਦੇ ਦਬਾਅ ਕਾਰਣ ਬਾਦਲ ਸਾਹਿਬ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਬੀ. ਪੀ. ਤਿਵਾੜੀ ਦੀ ਅਗਵਾਈ ’ਚ ਜਾਂਚ ਕਮਿਸ਼ਨ ਬਣਾ ਦਿੱਤਾ, ਜਿਸ ਦੀ ਰਿਪੋਰਟ ਤਿੰਨ ਮਹੀਨਿਆਂ ‘ਚ ਮੁਕੰਮਲ ਹੋਣੀ ਸੀ। ਜਦ ਸਵਾ ਸਾਲ ਬਾਅਦ 29 ਸਤੰਬਰ 1999 ਨੂੰ ਤਿਵਾੜੀ ਕਮਿਸ਼ਨ ਨੇ ਬਾਦਲ ਸਰਕਾਰ ਨੂੰ ਰਿਪੋਰਟ ਸੌਂਪੀ ਤਾਂ ਬਾਦਲ ਸਰਕਾਰ ਨੇ ਰਿਪੋਰਟ ਉੱਥੇ ਹੀ ਦੱਬ ਦਿੱਤੀ। ਇੱਥੇ ਹੀ ਬੱਸ ਨਹੀਂ ਸਿੱਖਾਂ ਦੇ ਦੁਸ਼ਮਣ ਸੁਮੇਧ ਸੈਣੀ ਨੂੰ ਬਾਦਲ ਸਾਹਿਬ ਨੇ ਪੰਜਾਬ ਦਾ ਡੀ. ਆਈ. ਜੀ. ਬਣਾ ਦਿੱਤਾ। ਉਨ੍ਹਾਂ ਕਿਹਾ ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮਨਾਉਂਦੀ ਤੇ ਕਾਂਗਰਸ ਰਾਜ ‘ਚ ਸਿੱਖਾਂ ‘ਤੇ ਹੋਏ ਜ਼ੁਲਮਾਂ ਬਾਰੇ ਸੰਗਤਾਂ ਨੂੰ ਦੱਸਦੀ ਪਰ ਬਾਦਲ ਤਾਂ ਦਿੱਲੀ ਦਰਬਾਰ ਦੇ ਬੀਬੇ ਪੁੱਤ ਬਣੀ ਬੈਠੇ ਹਨ।

ਇਹ ਵੀ ਪੜ੍ਹੋ :  ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਲੰਮਾ ਗੈਂਗ ਦੇ ਦੋ ਮੈਂਬਰ ਗਿਰਫ਼ਤਾਰ

Baljeet Kaur

This news is Content Editor Baljeet Kaur