ਨਸ਼ਿਆਂ ਨੂੰ ਖਤਮ ਕਰਨ ਲਈ ਪੁਲਸ ਪੂਰੀ ਤਰ੍ਹਾਂ ਯਤਨਸ਼ੀਲ : ਐੱਸ.ਐੱਸ.ਪੀ.

07/17/2018 12:11:39 PM

ਅਜਨਾਲਾ (ਰਮਨਦੀਪ) : ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਅਤੇ ਹੋਰਨਾਂ ਜਥੇਬੰਦੀਆਂ ਵਲੋਂ ਅੱਜ ਦਾਣਾ ਮੰਡੀ ਅਜਨਾਲਾ ਦੇ ਦਫਤਰ 'ਚ ਨਸ਼ਿਆਂ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ 'ਚ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਪਰਮਪਾਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਐੱਸ.ਐੱਸ.ਪੀ. ਪਰਮਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਸ ਨਸ਼ਿਆਂ ਨੂੰ ਖਤਮ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ਿਆਂ ਦੇ ਖਾਤਮੇ ਲਈ ਜ਼ੋਰਦਾਰ 
ਮੁਹਿੰਮ ਵਿੱਢੀ ਹੋਈ ਹੈ ਅਤੇ ਹੁਣ ਤੱਕ ਕਈ ਨਾਮੀ ਤਸਕਰਾਂ ਨੂੰ ਜੇਲ 'ਚ ਬੰਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਤੋਂ ਪਹਿਲਾਂ-ਪਹਿਲਾਂ ਪੁਲਸ ਅੰਮ੍ਰਿਤਸਰ ਦਿਹਾਤੀ ਅਧੀਂਨ ਆਉਂਦੇ ਸਾਰੇ ਇਲਾਕੇ ਨੂੰ ਨਸ਼ਾ-ਮੁਕਤ ਕੀਤਾ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਮਨਜੀਤ ਸਿੰਘ ਬਾਠ, ਪ੍ਰਧਾਨ ਨਰਿੰਦਰਪਾਲ ਸਿੰਘ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਕਾਬਲ ਸਿੰਘ ਸ਼ਾਹਪੁਰ ਸਮੇਤ ਹੋਰਨਾਂ ਆਗੂਆਂ ਵਲੋਂ ਐੱਸ.ਐੱਸ.ਪੀ. ਪਰਮਪਾਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭਾਈ ਜ਼ੋਰਾਵਰ ਸਿੰਘ, ਡੀ.ਐੱਸ.ਪੀ. ਦਿਨੇਸ਼ ਸਿੰਘ, ਸੁਸਾਇਟੀ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਭਾਈ ਕਾਬਲ ਸਿੰਘ ਸ਼ਾਹਪੁਰ ਆਦਿ ਹਾਜ਼ਰ ਸਨ।