ਅਨੰਦਪੁਰ ਸਾਹਿਬ ''ਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਸ਼ਟਰੀ ਸਮਾਗਮ ਆਯੋਜਿਤ

09/12/2019 8:49:37 PM

ਅੰਮ੍ਰਿਤਸਰ/ਸ੍ਰੀ ਅਨੰਦਪੁਰ ਸਾਹਿਬ (ਦੀਪਕ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਸੈਮੀਨਾਰਾਂ ਦੀ ਲੜੀ ਤਹਿਤ ਅੱਜ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੈਮੀਨਾਰ ਕਮੇਟੀ ਦੇ ਕਨਵੀਨਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜੋਕੇ ਸੰਸਾਰ ਪ੍ਰਸੰਗ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਨਵੀਆਂ ਅੰਤਰ-ਦ੍ਰਿਸ਼ਟੀਆਂ ਦੇਣ ਦੀ ਲੋੜ ਹੈ ਤਾਂ ਜੋ ਤ੍ਰਿਸ਼ਨਾਵਾਂ, ਨਫ਼ਰਤ ਤੇ ਵਾਤਾਵਰਣ ਸੰਕਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਸੰਸਾਰ ਭਾਈਚਾਰੇ ਨੂੰ ਜੀਵਨ ਦੇ ਹਰ ਖੇਤਰ 'ਚ ਸੁਚੱਜੀ ਅਗਵਾਈ ਕਰਨ ਵਾਲਾ ਮਾਡਲ ਦਿੱਤਾ ਜਾ ਸਕੇ।

ਸੈਮੀਨਾਰ ਦੇ ਮੁੱਖ ਮਹਿਮਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣਾ ਤਾਂ ਹੀ ਸਾਰਥਿਕ ਹੋ ਸਕਦਾ ਹੈ, ਜੇਕਰ ਅਸੀਂ ਅੱਜ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈ ਕੇ ਇਕ ਵਿਸਮਾਦੀ ਸਮਾਜ ਦੀ ਸਿਰਜਣਾ ਕਰਨ ਦੇ ਯਤਨ ਕਰੀਏ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਧਰਮ ਦੇ ਪਹਿਲੇ ਅਜਿਹੇ ਆਗੂ ਸਨ, ਜਿਨ੍ਹਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੇ ਆਪਣੇ ਪੀਰ, ਨਬੀ, ਦੇਵਤੇ ਅਤੇ ਗੁਰੂ ਦੇ ਰੂਪ ਵਿਚ ਸ਼ਰਧਾ ਤੇ ਸਤਿਕਾਰ ਭੇਟ ਕੀਤਾ।

ਸਿੱਖਿਆ ਵਿੰਗ ਪੰਜਾਬ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਡਾ. ਮੁਹੰਮਦ ਰਫ਼ੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਅਵਤਾਰਵਾਦ, ਧਰਮ ਦੇ ਨਾਂ 'ਤੇ ਵਹਿਮਾਂ-ਭਰਮਾਂ ਅਤੇ ਪਾਖੰਡਵਾਦ ਤੋਂ ਮੁਕਤ ਕਰਵਾਉਣ ਲਈ ਰੱਬੀ ਏਕਤਾ ਦਾ ਨਾਯਾਬ ਸੁਨੇਹਾ ਦਿੱਤਾ ਸੀ, ਜੋ ਅੱਜ ਵੀ ਪ੍ਰਸੰਗਿਕ ਹੈ। ਖੇਤੀ ਵਿਰਾਸਤ ਮਿਸ਼ਨ ਦੇ ਮੁਖੀ ਡਾ. ਓਮੇਂਦਰ ਦੱਤ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਪ੍ਰੇਮ ਨੂੰ ਬਹੁਤ ਵਡਿਆਇਆ ਹੈ ਪਰ ਤ੍ਰਾਸਦੀ ਦੀ ਗੱਲ ਹੈ ਕਿ ਅੱਜ ਉਸ ਗੁਰੂ ਬਾਬੇ ਦੀ ਧਰਤੀ ਪੰਜਾਬ 'ਚ ਅਖੌਤੀ ਵਿਕਾਸ ਤੇ ਪੂੰਜੀ ਦੇ ਮੁਨਾਫ਼ੇ ਲਈ ਕੁਦਰਤ ਦਾ ਵੱਡੇ ਪੱਧਰ 'ਤੇ ਵਿਨਾਸ਼ ਹੋ ਰਿਹਾ ਹੈ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਪਹਿਲੇ ਅਜਿਹੇ ਧਾਰਮਿਕ ਰਹਿਬਰ ਸਨ, ਜਿਨ੍ਹਾਂ ਨੇ ਗੁਰਬਾਣੀ ਨੂੰ ਸਤਿਗੁਰੂ ਦੇ ਰੂਪ 'ਚ ਸਤਿਕਾਰ ਦੇਣ ਦੀ ਪ੍ਰੰਪਰਾ ਸ਼ੁਰੂ ਕੀਤੀ। ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ 'ਤੇ ਚੱਲਣ ਦੀ ਲੋੜ 'ਤੇ ਜ਼ੋਰ ਦਿੱਤਾ। ਅਖ਼ੀਰ 'ਚ ਕਾਲਜ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਅਤੇ ਸੈਮੀਨਾਰ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਭੂਰਾਕੋਹਨਾ ਵੱਲੋਂ ਮੁੱਖ ਮਹਿਮਾਨ, ਬੁਲਾਰਿਆਂ ਤੇ ਆਏ ਪਤਵੰਤਿਆਂ ਦਾ ਡਾ. ਰੂਪ ਸਿੰਘ ਦੀ ਪੁਸਤਕ 'ਕਲਿ ਤਾਰਣ ਗੁਰੁ ਨਾਨਕ ਆਇਆ' ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਸੈਮੀਨਾਰ ਸਬ-ਕਮੇਟੀ ਦੇ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਕੁਲਦੀਪ ਕੌਰ ਟੌਹੜਾ, ਚਰਨਜੀਤ ਸਿੰਘ, ਪ੍ਰਿੰ. ਸੁਰਿੰਦਰ ਸਿੰਘ, ਤਲਵਿੰਦਰ ਸਿੰਘ, ਬਾਬਾ ਤੀਰਥ ਸਿੰਘ, ਬੀਬੀ ਰਜਿੰਦਰ ਕੌਰ, ਬੀਬੀ ਜਸਵਿੰਦਰ ਕੌਰ, ਸੁਖਦੇਵ ਸਿੰਘ, ਹਰਸਿਮਰਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ, ਹਰਦੇਵ ਸਿੰਘ ਹੈਪੀ ਆਦਿ ਵੀ ਹਾਜ਼ਰ ਸਨ।

Karan Kumar

This news is Content Editor Karan Kumar