ਅੰਤਰਰਾਜ਼ੀ ਕਾਰ ਚੋਰ ਗਿਰੋਹ ਦੇ 2 ਮੈਂਬਰ ਸਵਿਫਟ ਅਤੇ ਨਕਦੀ ਸਮੇਤ ਗ੍ਰਿਫਤਾਰ

08/19/2019 12:48:13 AM

ਗੁਰਦਾਸਪੁਰ, (ਵਿਨੋਦ)- ਤਾਰਾਗਡ਼੍ਹ ਪੁਲਸ ਨੇ ਅੰਤਰਰਾਜੀ ਚੋਰ ਗਿਰੋਹ ਦੇ 2 ਮੈਂਬਰ ਚੋਰੀ ਦੀ ਸਵਿਫਟ ਅਤੇ ਨਕਦੀ ਸਮੇਤ ਗ੍ਰਿਫਤਾਰ ਕੀਤੇ ਹਨ। ਥਾਣਾ ਤਾਰਾਗਡ਼੍ਹ ਦੇ ਇੰਚਾਰਜ ਵਿਸ਼ਵਾਨਾਥ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਕੀਤੇ ਗਏ ਹਾਈ ਰੈੱਡ ਅਲਰਟ ਤਹਿਤ ਏ. ਐੱਸ. ਆਈ. ਮੁਖਤਿਆਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਅਧੀਨ ਪੈਂਦੇ ਲਦਪਾਲਵਾ ਟੋਲ ਪਲਾਜ਼ਾ ਕੋਲ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਕੁਲਜੀਤ ਸਿੰਘ ਉਰਫ਼ ਬੱਬੂ ਪੁੱਤਰ ਮਨਜੀਤ ਸਿੰਘ ਵਾਸੀ ਮੁਗਲ ਕੋਟ ਤਲਵੰਡੀ ਥਾਣਾ ਰਮਦਾਸ, ਯਾਦਵਿੰਦਰ ਸਿੰਘ ਉਰਫ ਯਾਦ ਪੁੱਤਰ ਹਰਮਿੰਦਰ ਸਿੰਘ ਵਾਸੀ ਖੇਹਰਾਬਾਦ (ਅੰਮ੍ਰਿਤਸਰ), ਜਗਮੋਹਨ ਸਿੰਘ ਉਰਫ਼ ਮੋਨਾ ਪੁੱਤਰ ਮਨਜੀਤ ਸਿੰਘ ਵਾਸੀ ਮੁਗਲ ਕੋਟ ਤਲਵੰਡੀ, ਸੁਖਵਿੰਦਰ ਸਿੰਘ ਉਰਫ਼ ਸਿੱਪੀ ਵਾਸੀ ਛੇਹਰਟਾ, ਰਵਿੰਦਰ ਸਿੰਘ ਉਰਫ਼ ਰਵੀ ਵਾਸੀ ਫਤਿਹਗਡ਼੍ਹ ਚੂਡ਼ੀਆਂ ਜੋ ਇਕ ਵੱਡੇ ਕਾਰ ਚੋਰ ਗਿਰੋਹ ਦੇ ਮੈਂਬਰ ਹਨ ਅਤੇ ਉਹ ਪੰਜਾਬ ਅਤੇ ਹੋਰ ਸੂਬਿਆਂ ਤੋਂ ਕਾਰਾਂ ਚੋਰੀ ਕਰ ਕੇ ਉਨ੍ਹਾਂ ’ਤੇ ਐਕਸੀਡੈਂਟ ਵਿਚ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਹੋਈਆਂ ਗੱਡੀਆਂ ਕਾਰਾਂ ਦੇ ਚੈਸੀ ਨੰਬਰ, ਇੰਜਣ ਨੰਬਰ ਉਤਾਰ ਕੇ ਜਾਅਲੀ ਨੰਬਰ ਲਾ ਕੇ ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਵੇਚਣ ਦਾ ਕਾਰੋਬਾਰ ਕਰਦੇ ਹਨ। ਉਕਤ ਵਿਅਕਤੀਆਂ ਨੇ ਕੁਝ ਦਿਨ ਪਹਿਲਾਂ ਹੀ ਇਕ ਇਨੋਵਾ ਕਾਰ ਨੰਬਰ ਪੀ ਬੀ 32 ਟੀ 9009 ਨੂੰ ਚੋਰੀ ਕਰ ਕੇ ਅਤੇ ਉਸ ’ਤੇ ਐਕਸੀਡੈਂਟ ਵਿਚ ਪੂਰੀ ਤਰ੍ਹਾਂ ਨੁਕਸਾਨੀ ਹੋਈ ਗੱਡੀ ਦੀ ਨੰਬਰ ਪਲੇਟ, ਚੈਸੀ ਨੰਬਰ ਅਤੇ ਇੰਜਣ ਨੰਬਰ ਲਾ ਕੇ ਉਹ ਜੰਮੂ ਵਿਚ ਵੇਚੀ ਹੈ ਅਤੇ ਅੱਜ ਵੀ ਉਕਤ ਗਿਰੋਹ ਦੇ 2 ਮੈਂਬਰ ਕੁਲਜੀਤ ਸਿੰਘ ਉਰਫ਼ ਬੱਬੂ ਅਤੇ ਯਾਦਵਿੰਦਰ ਸਿੰਘ ਉਰਫ਼ ਯਾਦ ਅੰਮ੍ਰਿਤਸਰ ਤੋਂ ਚੋਰੀ ਕੀਤੀ ਗਈ ਸਵਿਫਟ ’ਤੇ ਪੀ. ਬੀ. 19 ਐੱਮ 1659 ਨੰਬਰ ਲਾ ਕੇ ਉਸ ਵਿਚ ਸਵਾਰ ਹੋ ਕੇ ਉਸ ਨੂੰ ਦੀਨਾਨਗਰ ਸਾਈਡ ਤੋਂ ਜੰਮੂ ਵੱਲ ਜਾ ਰਹੇ ਹਨ।

ਥਾਣਾ ਮੁਖੀ ਵਿਸ਼ਵਾਨਾਥ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੋਂ ਗੁਜ਼ਰਨ ਵਾਲੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ-ਪਡ਼ਤਾਲ ਸ਼ੁਰੂ ਕਰ ਦਿੱਤੀ ਤਾਂ ਉਕਤ ਕਾਰ ਨੰਬਰ ਦੀਨਾਨਗਰ ਸਾਈਡ ਤੋਂ ਆਉਂਦੀ ਹੋਈ ਦਿਖਾਈ ਦਿੱਤੀ। ਜਿਸ ’ਚ ਸਵਾਰ ਚਾਲਕ ਅਤੇ ਉਸ ਦੇ ਨਾਲ ਬੈਠੇ ਵਿਅਕਤੀ ਨੇ ਪੁਲਸ ਦੇ ਨਾਕੇ ਨੂੰ ਵੇਖ ਕੇ ਕਾਰ ਨੂੰ ਪਿੱਛੇ ਹੀ ਖਡ਼੍ਹੀ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਤੁਰੰਤ ਉਨ੍ਹਾਂ ਦਾ ਪਿੱਛਾ ਕਰ ਕੇ ਕਾਬੂ ਕਰ ਲਿਆ ਅਤੇ ਕਾਰ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਪਰ ਉਕਤ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਸਕੇ।

ਉਨ੍ਹਾਂ ਕਿਹਾ ਕਿ ਪੁਲਸ ਪਾਰਟੀ ਨੇ ਜਦ ਕਾਰ ਦੀ ਤਲਾਸ਼ੀ ਲਈ ਤਾਂ ਉਸਦੇ ਡੈਸ਼ ਬੋਰਡ ’ਚੋਂ 5. 50 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਜਦ ਪੁਲਸ ਪਾਰਟੀ ਨੇ ਕਾਰ ਸਵਾਰਾਂ ਤੋਂ ਗੱਡੀ ਦੀ ਆਰ. ਸੀ. ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਕਤ ਕਾਰ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਚੋਰੀ ਕੀਤੀ ਸੀ ਅਤੇ ਉਸਨੂੰ ਉਹ ਜੰਮੂ ਵਿਚ ਵੇਚਣ ਲਈ ਜਾ ਰਹੇ ਹਨ। ਜਿਸ ਤਹਿਤ ਪੁਲਸ ਪਾਰਟੀ ਨੇ ਕਾਰ ਅਤੇ ਨਕਦੀ ਨੂੰ ਕਬਜ਼ੇ ਵਿਚ ਲੈ ਕੇ ਉਨ੍ਹਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ। ਥਾਣਾ ਤਾਰਾਗਡ਼੍ਹ ਦੀ ਪੁਲਸ ਵੱਲੋਂ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ।

Bharat Thapa

This news is Content Editor Bharat Thapa