23ਵੇਂ ਦਿਨ 1745 ਸ਼ਰਧਾਲੂਆਂ ਨੇ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ

12/01/2019 8:29:54 PM

ਡੇਰਾ ਬਾਬਾ ਨਾਨਕ, (ਵਤਨ)— ਅੱਜ 23ਵੇਂ ਦਿਨ ਵੀ ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ 1745 ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ, ਜਿਸ ਕਾਰਣ ਜਿਥੇ ਡੇਰਾ ਬਾਬਾ ਨਾਨਕ ਦੀ ਸਰਹੱਦ 'ਤੇ ਬਣੇ ਕਰਤਾਰਪੁਰ ਟਰਮੀਨਲ 'ਚ ਸ਼ਰਧਾਲੂਆਂ ਦਾ ਮੇਲਾ ਲੱਗਿਆ ਰਿਹਾ, ਉਧਰ ਪਾਕਿਸਤਾਨ ਵਾਲੇ ਪਾਸੇ ਵੀ ਇਨ੍ਹਾਂ ਸੰਗਤਾਂ ਦੇ ਸਵਾਗਤ ਲਈ ਪ੍ਰਬੰਧਕਾਂ ਨੇ ਪਲਕਾਂ ਵਿਛਾ ਦਿੱਤੀਆਂ। ਇਸ ਦੇ ਨਾਲ-ਨਾਲ ਅੱਜ ਛੁੱਟੀ ਵਾਲਾ ਦਿਨ ਹੋਣ ਕਾਰਣ ਵੱਡੀ ਗਿਣਤੀ ਵਿਚ ਸੰਗਤਾਂ ਕਰਤਾਰਪੁਰ ਦਰਸ਼ਨ ਸਥਲ 'ਤੇ ਪਹੁੰਚੀਆਂ ਅਤੇ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ।

ਕਰਤਾਰਪੁਰ ਕੋਰੀਡੋਰ ਸਬੰਧੀ ਸਾਈਨ ਬੋਰਡ ਨਾ ਹੋਣ ਕਾਰਣ ਸ਼ਰਧਾਲੂ ਪ੍ਰੇਸ਼ਾਨ
ਕਸਬੇ 'ਚ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਦਿਸ਼ਾ ਦਰਸਾਉਣ ਵਾਲੇ ਬੋਰਡ ਨਾ ਹੋਣ ਕਾਰਣ ਦੂਰ-ਦਰਾਡੇ ਤੋਂ ਆਉਂਦੀ ਸੰਗਤ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੰਗਤ ਨੂੰ ਵਾਰ-ਵਾਰ ਲੋਕਾਂ ਤੋਂ ਪੁੱਛ-ਪੁੱਛ ਕੇ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਰਾਹ ਲੱਭਦਾ ਹੈ। ਜਗ ਬਾਣੀ ਵਲੋਂ ਕਈ ਵਾਰ ਇਸ ਸਬੰਧੀ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਪਰ ਫਿਰ ਵੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਸਾਈਨ ਬੋਰਡਾਂ ਦੀ ਘਾਟ ਕਾਰਣ ਸ਼ਰਧਾਲੂ ਡੇਰਾ ਬਾਬਾ ਨਾਨਕ ਪਹੁੰਚ ਕੇ ਦੁਵਿਧਾ ਵਿਚ ਪੈ ਜਾਂਦੇ ਹਨ।

KamalJeet Singh

This news is Content Editor KamalJeet Singh