ਠੱਗਾਂ ਨੇ ਪੁਲਸ ਮੁਲਾਜ਼ਮ ਵੀ ਨਾ ਬਖ਼ਸ਼ਿਆ, ਨੂੰਹ-ਪੁੱਤ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 50 ਲੱਖ ਦਾ ਲਾਇਆ ਚੂਨਾ

09/10/2022 6:19:15 PM

ਮੁੱਲਾਂਪੁਰ ਦਾਖਾ  (ਕਾਲੀਆ) : ਠੱਗੀ ਦੇ ਮਾਹਿਰ ਲੋਕਾਂ ਨੂੰ ਹੁਣ ਪੁਲਸ ਮੁਲਾਜ਼ਮਾਂ ਦਾ ਵੀ ਕੋਈ ਡਰ ਨਹੀਂ। ਠੱਗਾਂ ਨੇ ਪੁਲਸ ਮੁਲਾਜ਼ਮ ਨੂੰ ਵੀ ਨਹਾਂ ਬਖ਼ਸ਼ਿਆ। ਵਿਦੇਸ਼ ਭੇਜਣ ਦੇ ਨਾਮ ’ਤੇ ਇਕ ਪੁਲਸ ਮੁਲਾਜ਼ਮ ਨੂੰ 50 ਲੱਖ ਦਾ ਚੂਨਾ ਠੱਗ ਜੋੜੇ ਨੇ ਉਦੋਂ ਲਗਾ ਦਿੱਤਾ, ਜਦੋਂ ਉਹ ਆਪਣੇ ਨੂੰਹ-ਪੁੱਤ ਕੈਨੇਡਾ ਭੇਜਣ ਲਈ 50 ਲੱਖ ਰੁਪਏ ਨਕਦ ਦੇ ਬੈਠਾ। ਨਾ ਤਾ ਉਸ ਨੂੰ ਠੱਗ ਜੋੜੇ ਨੇ ਪੈਸੇ ਵਾਪਸ ਕੀਤੇ ਤੇ ਨਾ ਹੀ ਬੱਚੇ ਕੈਨੇਡਾ ਭੇਜੇ। ਪੁਲਸ ਮੁਲਾਜ਼ਮ ਕੁਲਵੰਤ ਸਿੰਘ ਪੁੱਤਰ ਮੋਤਾ ਸਿੰਘ ਵਾਸੀ ਮੰਡੀ ਮੁੱਲਾਪੁਰ ਦਾ ਸੰਪਰਕ ਲੁਧਿਆਣਾ ਦੇ ਟ੍ਰੇਵਲ ਏਜੰਟ ਜੋੜੇ ਅਮਿਤ ਕੁਮਾਰ ਪੁੱਤਰ ਦੇਵ ਰਾਜ ਅਤੇ ਪਤਨੀ ਸੀਮਾ ਪੱਬੀ ਨਾਲ ਹੋਇਆ। ਪੁੱਤਰ-ਨੂੰਹ ਨੂੰ ਵਿਦੇਸ਼ ਭੇਜਣ ਲਈ 80 ਲੱਖ ਦੀ ਮੰਗ ਕੀਤੀ ਪਰ 70 ਲੱਖ ਵਿਚ ਸੌਦਾ ਤੈਅ ਹੋ ਗਿਆ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ ਅਵਤਾਰ ਸਿੰਘ ਹਿੱਤ ਦੇ ਅਕਾਲ ਚਲਾਣੇ 'ਤੇ ਪ੍ਰਗਟਾਇਆ ਅਫ਼ਸੋਸ

ਜੋੜੇ ਨੇ ਪੁਲਸ ਮੁਲਾਜ਼ਮ ਦੇ ਘਰ ਆ ਕੇ ਦੋ ਵਾਰ 20-20 ਲੱਖ ਅਤੇ 10 ਲੱਖ ਰੁਪਏ ਨਕਦ ਲੈ ਲਏ। ਫਿਰ ਲਾਕਡਾਊਨ ਹੋ ਗਿਆ। ਲਾਕ ਡਾਊਨ ਖ਼ਤਮ ਹੋਇਆ ਤਾਂ ਉਕਤ ਜੋੜੇ ਨੇ 20 ਲੱਖ ਰੁਪਏ ਹੋਰ ਦੇਣ ਦੀ ਮੰਗ ਕੀਤੀ ਪਰ ਕੁਲਵੰਤ ਸਿੰਘ ਨੇ ਕਿਹਾ ਕਿ ਮੈਨੂੰ ਵੀਜ਼ਾ ਤਾਂ ਦਿਖਾਓ। ਫਿਰ ਲੈ ਲਓ, ਥੋੜ੍ਹੇ ਦਿਨਾਂ ਬਾਅਦ ਇਕ ਪਾਰਸਲ ਕੁਲਵੰਤ ਸਿੰਘ ਦੇ ਘਰ ਆ ਗਿਆ ਜਦੋਂ ਪਾਰਸਲ ਖੋਲ੍ਹਿਆ ਤਾਂ ਬੱਚਿਆਂ ਦਾ ਪਾਸਪੋਰਟ ਅਤੇ ਦਸਤਾਵੇਜ਼ ਹੀ ਸਨ ਜਿਸ ਨੂੰ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ।

ਇਹ ਵੀ ਪੜ੍ਹੋ : ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਖੁੱਲ੍ਹਿਆ ਸਕਾਲਰਸ਼ਿਪ ਪੋਰਟਲ

ਕੁਲਵੰਤ ਸਿੰਘ ਜਦੋਂ ਟ੍ਰੈਵਲ ਏਜੰਟ ਜੋੜੇ ਕੋਲ ਗਿਆ ਅਤੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਜੋੜੇ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਜੋ ਕਰਨਾ ਸੀ ਕਰ ਲਿਆ ਜੋ ਤੂੰ ਕਰਨਾ ਕਰ ਲੈ। ਇਸ ਸਬੰਧੀ ਕੁਲਵੰਤ ਸਿੰਘ ਨੇ ਇਕ ਦਰਖਾਸਤ ਐੱਸ.ਐੱਸ.ਪੀ. ਦਿਹਾਤੀ ਨੂੰ ਦਿੱਤੀ ਜਿਸ ਦੀ ਪੜਤਾਲ ਐਸ.ਪੀ. (ਡੀ) ਐੱਚ.ਐੱਸ. ਪਰਮਾਰ ਨੇ ਕੀਤੀ ਅਤੇ ਐੱਸ.ਐੱਸ.ਪੀ. ਦੇ ਹੁਕਮਾਂ ’ਤੇ ਜੋੜੇ ਅਮਿਤ ਕੁਮਾਰ ਅਤੇ ਉਸ ਦੀ ਪਤਨੀ ਸੀਮਾ ਪੱਬੀ ਵਿਰੁੱਧ ਥਾਣਾ ਦਾਖਾ ਦੀ ਪੁਲਸ ਨੇ ਜ਼ੇਰੇ ਧਾਰਾ 406, 420, 506, 120-ਬੀ, 24 ਇੰਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਤਫਤੀਸ਼ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਕਰ ਰਹੇ ਹਨ।

Anuradha

This news is Content Editor Anuradha