5 ਬੱਚਿਆਂ ਦੇ ਪਿਓ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਪੋਸਟ ਮਾਰਟਮ ਰਿਪੋਰਟ

08/18/2018 11:43:43 AM

ਲੁਧਿਆਣਾ (ਰਿਸ਼ੀ) : ਬੁੱਧਵਾਰ ਰਾਤ ਨੂੰ ਢੰਡਾਰੀ ਦੇ ਦੁਰਗਾਪੁਰੀ ਇਲਾਕੇ ’ਚ ਛੱਤ ’ਤੇ ਸੁੱਤੇ 5 ਬੱਚਿਆਂ ਦੇ ਪਿਉ ਦੇ ਕਤਲ ਕੇਸ ਵਿਚ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰ ਕੇ ਪਰਿਵਾਰ ਵਾਲਿਅਾਂ ਦੇ ਹਵਾਲੇ ਕਰ ਦਿੱਤਾ। ਪੋਸਟਮਾਰਟਮ ਰਿਪੋਰਟ ਮੁਤਾਬਕ ਮ੍ਰਿਤਕ ਦੇ ਸਿਰ ’ਤੇ ਖੱਬੇ ਪਾਸੇ ਸੱਟ ਦਾ ਨਿਸ਼ਾਨ ਹੈ। ਇਸ ਤੋਂ ਇਲਾਵਾ ਦੋਵੇਂ ਜਬਾਡ਼ੇ ਅਤੇ ਨੱਕ ਦੀ ਹੱਡੀ ਟੁੱਟਣ ਸਮੇਤ ਕੁੱਲ 7 ਸੱਟਾਂ ਹਨ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪੁਲਸ ਜਾਂਚ ’ਚ ਨਵਾਂ ਮੋਡ਼ ਆ ਗਿਆ ਹੈ। ਹੁਣ ਪੁਲਸ ਮੰਨ ਰਹੀ ਹੈ ਕਿ ਕਾਤਲ ਇਕ ਤੋਂ ਜ਼ਿਆਦਾ ਹੋ ਸਕਦੇ ਹਨ, ਕਿਉਂਕਿ ਤੇਜ਼ਧਾਰ ਹਥਿਆਰ ਦੇ ਨਾਲ ਹੀ ਡੰਡੇ ਨਾਲ ਹਮਲਾ ਕਰਨ ਨਾਲ ਵੀ ਉਸ ਨੂੰ ਸੱਟਾਂ ਲੱਗੀਆਂ ਹਨ।

ਥਾਣਾ ਮੁਖੀ ਇੰਸ. ਅਮਨਦੀਪ ਸਿੰਘ ਬਰਾਡ਼ ਮੁਤਾਬਕ ਮ੍ਰਿਤਕ ਦੇ ਮੋਬਾਇਲ ਦੀ ਕਾਲ ਡਿਟੇਲ ਕਢਵਾਈ ਗਈ ਹੈ, ਜਿਸ ਦੇ ਆਧਾਰ ’ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ ਮ੍ਰਿਤਕ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਪਹਿਲਾਂ ਬੇਹੋਸ਼ ਕੀਤਾ ਗਿਆ ਸੀ। ਵਰਣਨਯੋਗ ਹੈ ਕਿ ਬੁੱਧਵਾਰ ਰਾਤ ਨੂੰ ਕਮਰੇ ’ਚ ਪੱਖਾ ਖਰਾਬ ਹੋਣ ਕਾਰਨ ਛੱਤ ’ਤੇ ਸੌਂਣ ਗਏ ਮੁਕੇਸ਼ ਕੁਮਾਰ (45) ਦੀ ਵੀਰਵਾਰ ਤਡ਼ਕੇ ਲਹੁ-ਲੂਹਾਨ ਹਾਲਤ ’ਚ ਲਾਸ਼ ਬਰਾਮਦ ਹੋਈ ਸੀ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਅਣਪਛਾਤੇ ਖਿਲਾਫ ਧਾਰਾ 302 ਦਾ ਪਰਚਾ ਦਰਜ ਕੀਤਾ ਸੀ।