'ਮਾਰਕਫੈਡ ਬਨਸਪਤੀ ਪਲਾਂਟ' ਨੂੰ ਲਾਡੋਵਾਲੀ ਲੁਧਿਆਣਾ ਵਿਖੇ ਤਬਦੀਲ ਕਰਨ ਦੀ ਤਿਆਰੀ ਸ਼ੁਰੂ

08/13/2018 1:17:37 PM

ਖੰਨਾ (ਸੁਖਵਿੰਦਰ ਕੌਰ) : ਪੰਜਾਬ ਸਰਕਾਰ ਵਲੋਂ ਮੈਗਾ ਪ੍ਰਾਜੈਕਟਾਂ ਨੂੰ ਲਾਭ ਦੇਣ ਲਈ ਲੜੀ ਤਹਿਤ ਮੈਗਾ ਪ੍ਰਾਜੈਕਟ ਲਾਡੋਵਾਲੀ ਲੁਧਿਆਣਾ ਨੂੰ ਸਫਲ ਬਣਾਉਣ ਲਈ ਮਾਰਕਫੈਡ ਬਨਸਪਤੀ ਪਲਾਂਟ ਖੰਨਾ ਨੂੰ ਲਾਡੋਵਾਲੀ ਵਿਖੇ ਤਬਦੀਲ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਦੱਸੀਆਂ ਜਾ ਰਹੀਆਂ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੇਕਰ ਸਰਕਾਰ ਇਸ ਪਲਾਂਟ ਨੂੰ ਲਾਡੋਵਾਲ ਵਿਖੇ ਤਬਦੀਲ ਕਰਦੀ ਹੈ ਤਾਂ ਮਾਰਕਫੈਡ ਨੂੰ ਪੰਜ ਕਰੋੜ ਰੁਪਏ ਦੀ ਸਬਸਿਡੀ ਮਿਲੇਗੀ। ਅਜਿਹਾ ਕਰਕੇ ਪੰਜਾਬ ਸਰਕਾਰ ਵੱਲੋਂ ਕਰੀਬ 45-46 ਸਾਲ ਪਹਿਲਾਂ ਸਥਾਪਤ ਮਾਰਕਫੈਡ ਖੰਨਾ ਪਲਾਂਟ ਜਿਹੜਾ ਕਿ ਕਰੋੜਾਂ ਰੁਪਏ ਦੇ ਮੁਨਾਫੇ ਵਿਚ ਚੱਲ ਰਿਹਾ ਹੈ, ਨੂੰ ਲਾਡੋਵਾਲੀ ਵਿਖੇ ਤਬਦੀਲ ਕਰਕੇ ਸੈਂਕੜੇ ਵਰਕਰਾਂ ਦੇ ਰੁਜ਼ਗਾਰ ਨੂੰ ਖਤਮ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਰਕੇ ਖੰਨਾ ਇਲਾਕੇ ਦੇ ਲੋਕਾਂ ਵਿਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ ।

ਜੇਕਰ ਇਹ ਪਲਾਂਟ ਇਥੋਂ ਤਬਦੀਲ ਹੁੰਦਾ ਹੈ ਤਾਂ ਖੰਨਾ ਨਗਰ ਕੌਂਸਲ ਨੂੰ ਵੀ ਲੱਖਾਂ ਰੁਪਏ ਦਾ ਘਾਟਾ ਪੈਣ ਦੇ ਨਾਲ-ਨਾਲ ਲੋਕ ਵੀ ਵੱਡੀ ਗਿਣਤੀ ਵਿਚ ਬੇਰੋਜ਼ਗਾਰ ਹੋ ਜਾਣਗੇ । ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਸਿਆਸੀ, ਗੈਰ-ਸਿਆਸੀ ਅਤੇ ਧਾਰਮਕ ਆਗੂਆਂ ਨੇ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਸ ਪਲਾਂਟ ਨੂੰ ਬਚਾਉਣ ਲਈ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨਗੇ । ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਐਲਾਨ ਕੀਤਾ ਸੀ ਕਿ ਖੰਨਾ ਵਿਖੇ 80 ਟੀ. ਪੀ. ਡੀ. ਪਲਾਂਟ ਅਤੇ 50 ਟੀ. ਪੀ. ਡੀ. ਆਇਲ ਰਿਫਾਇਨਰੀ ਪਲਾਂਟ ਲਗਾਇਆ ਜਾਵੇਗਾ, ਇਨ੍ਹਾਂ ਦੋਵਾਂ ਪਲਾਂਟਾਂ ਨੂੰ ਲਗਾਉਣ ਸੰਬੰਧੀ ਮਾਰਕਫੈਡ ਬੋਰਡ ਨੇ ਪਾਸ ਕਰ ਦਿੱਤਾ ਹੈ । 1972 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਬਨਸਪਤੀ ਪਲਾਂਟ ਖੰਨਾ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਉਸ ਸਮੇਂ ਤੋਂ ਪੰਜਾਹ ਟਨ ਕਪੈਸਟੀ ਵਾਲਾ ਪਲਾਂਟ ਚੱਲਦਾ ਆ ਰਿਹਾ ਹੈ, ਫਿਰ ਪਿਛਲੇ ਸਮੇਂ ਦੌਰਾਨ ਇਹ ਦੀ ਕਪੈਸਟੀ ਵੱਧਣ ਕਾਰਨ ਪਲਾਂਟ ਘਾਟੇ ਵਿਚ ਚਲਾ ਗਿਆ ਸੀ, ਪਰ ਹੁਣ ਕਿਉਂਕਿ ਮਿੱਲਾਂ ਦੀ ਗਿਣਤੀ ਘੱਟਣ ਕਾਰਨ ਇਹ ਪਲਾਂਟ ਪਿਛਲੇ ਚਾਰ-ਪੰਜ ਸਾਲਾਂ ਤੋਂ ਕਰੋੜਾਂ ਦੇ ਮੁਨਾਫੇ ਵਿਚ ਚੱਲ ਰਿਹਾ ਹੈ ਪੰਜਾਬ ਸਰਕਾਰ ਨੇ ਇਸ ਨੂੰ ਦੁਬਾਰਾ ਨਵਿਆਉਣ ਲਈ 40 ਕਰੋੜ ਰੁਪਏ ਬਜਟ ਸੈਸ਼ਨ ਵਿਚ ਵੀ ਰੱਖੇ ਸਨ ਅਤੇ ਐਲਾਨ ਕੀਤਾ ਸੀ ਕਿ ਨਵੇਂ ਪਲਾਂਟ ਨੂੰ ਖੰਨਾ ਵਿਖੇ ਹੀ ਲਗਾਇਆ ਜਾਵੇਗਾ।

ਸਬਸੀਡੀ ਦੇ ਫਾਇਦੇ ਲਈ ਮਾਰਕਫੈਡ ਕਰ ਸਕਦਾ ਹੈ ਪਲਾਂਟ ਨੂੰ ਤਬਦੀਲ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਮਾਰਕਫੈਡ ਨੂੰ ਤਜਵੀਜ਼ ਭੇਜੀ ਹੈ ਕਿ ਜੇਕਰ ਮਾਰਕਫੈਡ ਦੇ ਇਸ ਨਵੇਂ ਪਲਾਂਟ ਨੂੰ ਮੈਗਾ ਪ੍ਰਾਜੈਕਟ ਤਹਿਤ ਕਿਸਾਨ ਸੰਪ੍ਰਦਾ ਪ੍ਰੋਗਰਾਮ ਤਹਿਤ ਲਾਡੋਵਾਲੀ ਵਿਖੇ ਸਥਾਪਤ ਕਰਦੀ ਹੈ ਤਾਂ ਪੰਜਾਬ ਸਰਕਾਰ ਮਾਰਕਫੈਡ ਨੂੰ ਪੰਜ ਕਰੋੜ ਰੁਪਏ ਸਬਸਿਡੀ ਵਜੋਂ ਦੇ ਸਕਦੀ ਹੈ, ਇਸੇ ਤਹਿਤ ਮਾਰਕਫੈਡ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਇਸ ਪ੍ਰਾਜੈਕਟ ਸਬੰਧੀ ਪੰਜ ਮੈਂਬਰੀ ਅਫਸਰਾਂ ਦੀ ਟੀਮ ਬਣਾਈ ਗਈ ਹੈ, ਜਿਹੜੀ ਲਾਡੋਵਾਲੀ ਵਿਖੇ ਦੌਰਾ ਕਰਕੇ ਆਈ ਹੈ ਅਤੇ ਉਸ ਕਮੇਟੀ ਵੱਲੋਂ 8 ਅਗਸਤ ਨੂੰ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ, ਤੇ ਹੁਣ ਮੈਨੇਜਿੰਗ ਡਾਇਰੈਕਟਰ ਮਾਰਕਫੈਡ ਦੇ ਅਧਿਕਾਰੀਆਂ ਦੀ ਇਸ ਰਿਪੋਰਟ ਨੂੰ ਘੋਖਣ ਉਪਰੰਤ ਆਪਣੀ ਤਜਵੀਜ਼ ਸਰਕਾਰ ਨੂੰ ਭੇਜਣਗੇ। ਮਾਰਕਫੈਂਡ ਪੰਜਾਬ ਦੀ ਵਿੱਤੀ ਹਾਲਤ ਠੀਕ ਨਹੀਂ ਹੈ, ਇਸ ਕਰਕੇ ਪੰਜ ਕਰੋੜ ਦੀ ਸਬਸਿਡੀ ਦੇ ਲਾਲਚ ਵਿਚ ਇਸ ਮੁਨਾਫ਼ੇ ਵਾਲੇ ਖੰਨਾ ਪਲਾਂਟ ਨੂੰ ਲਾਡੋਵਾਲੀ ਵਿਖੇ ਸਥਾਪਤ ਕਰ ਸਕਦੀ ।