ਸੈਂਟਰਲ ਜੇਲ ਕਰਮਚਾਰੀ ਦੀ ਮਿਲੀਭੁਗਤ ਦਾ ਭਾਂਡਾ ਭੱਜਾ

12/12/2018 11:05:17 AM

ਲੁਧਿਆਣਾ (ਸਿਆਲ)-ਮਹਾਨਗਰ ਦੀ ਕੇਂਦਰੀ ਜੇਲ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਆਏ ਦਿਨ ਪਾਬੰਦੀਸ਼ੁਦਾ ਚੀਜ਼ਾਂ ਜਿਵੇਂ ਬੀਡ਼ੀਆਂ, ਜਰਦਾ ਅਤੇ ਹੋਰ ਸਾਮਾਨ ਦੀ ਬਰਾਮਦਗੀ ਕਾਰਨ ਅਧਿਕਾਰੀ ਕਾਫੀ ਪ੍ਰੇਸ਼ਾਨ ਤੇ ਚਿੰਤਤ ਸਨ ਪਰ ਚੈਕਿੰਗ ਦੇ ਬਾਵਜੂਦ ਉਪਰੋਕਤ ਪਾਬੰਦੀਸ਼ੁਦਾ ਚੀਜ਼ਾਂ ਦੀ ਬਰਾਮਦਗੀ ਨੇ ਜੇਲ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ। ਡੂੰਘਾਈ ਨਾਲ ਛਾਣਬੀਣ ਤੋਂ ਬਾਅਦ ਸ਼ੱਕ ਦੀ ਸੂਈ ਜੇਲ ਕਰਮਚਾਰੀਆਂ ਜਾਂ ਅਧਿਕਾਰੀਆਂ ਵੱਲ ਆ ਕੇ ਰੁਕ ਜਾਂਦੀ ਸੀ। ਮਜਬੂਰ ਹੋ ਕੇ ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਤੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਇਕ ਘੰਟਾ ਵੱਖਰੇ ਤੌਰ ’ਤੇ ਵਿਸ਼ੇਸ਼ ਬੈਠਕ ਕਰ ਕੇ ਗੁਪਤ ਯੋਜਨਾ ਅਧੀਨ ਇਕ ਕੈਦੀ ਨੂੰ ਵਿਸ਼ਵਾਸ ਵਿਚ ਲੈ ਕੇ ਇਕ ਹਜ਼ਾਰ ਰੁਪਏ ਦਿੱਤੇ ਅਤੇ ਉਸ ਨੂੰ ਕਿਹਾ ਕਿ ਇਕ ਵਿਸ਼ੇਸ਼ ਕਰਮਚਾਰੀ ਨੂੰ ਉਪਰੋਕਤ ਰਾਸ਼ੀ ਦੇ ਕੇ ਪਾਬੰਦੀਸ਼ੁਦਾ ਚੀਜ਼ਾਂ ਦੀ ਮੰਗ ਰੱਖੇ। ਉਪਰੋਕਤ ਸਾਹਸ ਭਰਿਆ ਫੈਸਲਾ ਲੈ ਕੇ ਅਧਿਕਾਰੀਆਂ ਨੇ ਨਿਗਰਾਨੀ ਸਖਤ ਕਰ ਦਿੱਤੀ ਅਤੇ ਵਿਸ਼ਵਾਸਪਾਤਰ ਕੈਦੀ ਨੇ ਜਿਸ ਕਰਮਚਾਰੀ ਨੂੰ ਇਕ ਹਜ਼ਾਰ ਰੁਪਏ ਦਿੱਤੇ ਸਨ, ਉਸ ਕਰਮਚਾਰੀ ਨੇ ਬੀ. ਕੇ. ਯੂ. ਦੀ ਬੈਰਕ ਤੋਂ ਪਾਬੰਦੀਸ਼ੁਦਾ ਸਾਮਾਨ ਕੈਦੀ ਨੂੰ ਦੇ ਦਿੱਤਾ। ਇੰਨੇ ਵਿਚ ਸੂਚਨਾ ਮਿਲਣ ’ਤੇ ਉਕਤ ਦੋਨੋਂ ਜੇਲ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਉਪਰੋਕਤ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਪੈਸਕੋ ਕਰਮਚਾਰੀ ਹਰਜਿੰਦਰ ਸਿੰਘ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਸ ਦੀ ਨਿਸ਼ਾਨਦੇਹੀ ’ਤੇ ਉਪਰੰਤ ਬੈਰਕ ਨਾਲ ਲੱਗੀ ਕੰਧ ਨੂੰ ਪੁਟਾਉਣ ’ਤੇ ਲੁਕਾ ਕੇ ਰੱਖੀਆਂ 70 ਜਰਦੇ ਦੀਆਂ ਪੁਡ਼ੀਆਂ ਤੇ 30 ਬੀਡ਼ੀਆਂ ਦੇ ਬੰਡਲ ਬਰਾਮਦ ਹੋਏ। ਪੁੱਛਗਿੱਛ ਕਰਨ ’ਤੇ ਕਰਮਚਾਰੀ ਨੇ ਦੱਸਿਆ ਕਿ ਉਹ ਪਾਬੰਦੀਸ਼ੁਦਾ ਸਾਮਾਨ ਨੂੰ ਇਸ ਦੀ ਆਦਤ ਵਾਲੇ ਬੰਦੀਆਂ ਨੂੰ ਬਡ਼ੇ ਮਹਿੰਗੇ ਰੇਟਾਂ ’ਤੇ ਉਪਲਬਧ ਕਰਵਾਉਂਦਾ ਸੀ। ®ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੰਜਾਬ ਦੀ ਜੇਲ ’ਚ ਇਸ ਤਰ੍ਹਾਂ ਫਡ਼ਿਆ ਗਿਆ ਇਹ ਪਹਿਲਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪੈਸਕੋ ਕਰਮਚਾਰੀ ਖਿਲਾਫ ਭ੍ਰਿਸ਼ਟਾਚਾਰ ਦੀ ਧਾਰਾ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਨ ਲਈ ਪੁਲਸ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜੇਲ ਦੀ ਕੰਧ ਦੇ ਰਸਤੇ ਤੋਂ ਇਸ ਕਰਮਚਾਰੀ ਨੂੰ ਪਾਬੰਦੀਸ਼ੁਦਾ ਸਾਮਾਨ ਕੌਣ ਸਪਲਾਈ ਲਈ ਜੇਲ ਅੰਦਰ ਸੁਟਵਾਉਂਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਰਮਚਾਰੀ ਦੀ ਇਸ ਮਾਮਲੇ ਵਿਚ ਸਰਗਰਮੀ ਪਾਈ ਗਈ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।