ਨਗਰ ਨਿਗਮ ’ਚ ਨਹੀਂ ਰੁਕ ਰਹੀ ਤੇਲ ਦੀ ਚੋਰੀ

12/12/2018 11:05:52 AM

ਲੁਧਿਆਣਾ (ਹਿਤੇਸ਼)-ਨਗਰ ਨਿਗਮ ਦੇ ਮੇਅਰ ਬਲਕਾਰ ਸੰਧੂ ਦੇ ਲੱਖ ਯਤਨਾਂ ਦੇ ਬਾਵਜੂਦ ਤੇਲ ਦੀ ਚੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਤਹਿਤ ਹਾਟ ਮਿਕਸ ਪਲਾਂਟ ਬੰਦ ਹੋਣ ਦੇ ਬਾਵਜੂਦ ਸਡ਼ਕਾਂ ’ਤੇ ਪੈਚ ਵਰਕ ਕਰਨ ਦੇ ਨਾਂ ’ਤੇ ਤੇਲ ਜਾਰੀ ਕਰਵਾਏ ਜਾਣ ਦਾ ਕੇਸ ਸਾਹਮਣੇ ਆਇਆ ਹੈ। ਇਸ ਕੇਸ ਵਿਚ ਮੇਅਰ ਵੱਲੋਂ ਮੰਗਲਵਾਰ ਸਵੇਰੇ ਪੈਟਰੋਲ ਪੰਪਾਂ ਦਾ ਰਿਕਾਰਡ ਚੈੱਕ ਕਰਨ ’ਤੇ ਪਤਾ ਲੱਗਾ ਕਿ ਜ਼ੋਨ ਏ ਦੀ ਬੀ. ਐਂਡ ਆਰ. ਬ੍ਰਾਂਚ ਨਾਲ ਸਬੰਧਤ ਗੱਡੀਆਂ ਰਾਹੀਂ ਸਡ਼ਕਾਂ ’ਤੇ ਪੈਚ ਵਰਕ ਕਰਨ ਦੇ ਨਾਂ ’ਤੇ ਤੇਲ ਜਾਰੀ ਕਰਵਾਇਆ ਗਿਆ ਹੈ, ਜਦੋਂਕਿ ਦੂਜੇ ਪਾਸੇ ਚੈਕਿੰਗ ਦੌਰਾਨ ਸਰਦੀ ਜ਼ਿਆਦਾ ਹੋਣ ਕਾਰਨ ਨਗਰ ਨਿਗਮ ਦਾ ਹਾਟ ਮਿਕਸ ਪਲਾਂਟ ਹੀ ਬੰਦ ਪਾਇਆ ਗਿਆ। ਇਸ ਸਬੰਧੀ ਜਦੋਂ ਐੱਸ. ਡੀ. ਓ. ਨਾਲ ਜਵਾਬ ਤਲਬੀ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ, ਜਿਸ ਤਹਿਤ ਉਸ ਨੇ ਪਲਾਂਟ ’ਤੇ ਜਾਣ ਤੋਂ ਬਾਅਦ ਬੰਦ ਹੋਣ ਦੀ ਜਾਣਕਾਰੀ ਮਿਲਣ ਦਾ ਹਵਾਲਾ ਦਿੱਤਾ ਹੈ। ਉਸ ਤੋਂ ਬਾਅਦ ਗੱਡੀ ਨੂੰ ਵਾਰਡ ਨੰ. 4 ਵਿਚ ਸੀਵਰੇਜ ਮੈਨਹੌਲ ਦੀ ਰਿਪੇਅਰ ਲਈ ਇੱਟਾਂ ਅਤੇ ਲੇਬਰ ਛੱਡਣ ਲਈ ਲਾਏ 2 ਗੇਡ਼ਿਆਂ ਦੇ ਨਾਂ ’ਤੇ ਤੇਲ ਦੀ ਖਪਤ ਦਿਖਾ ਦਿੱਤੀ ਗਈ ਹੈ।