ਦਸੰਬਰ ਮਹੀਨੇ ’ਚ ਪੰਚਾਇਤੀ ਚੋਣਾਂ ਕਰਵਾਉਣਾ ਮੰਦਭਾਗਾ : ਸਿੱਖ ਆਗੂ

12/12/2018 11:06:18 AM

ਲੁਧਿਆਣਾ (ਅਜਮੇਰ)-ਇਕ ਪਾਸੇ ਜਿਥੇ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦਾ ਰੇਡ਼ਕਾ ਹੱਲ ਕਰਨ ਦਾ ਯਤਨ ਕਰਦਿਆਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਸਿੱਖ ਧਰਮ ਨਾਲ ਜੁਡ਼ੇ ਲੋਕਾਂ ਨੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਹੈ। ਉੱਘੇ ਅਕਾਲੀ ਆਗੂ ਰਜਿੰਦਰ ਸਿੰਘ ਬਿੱਲਾ, ਚਰਨਜੀਤ ਸਿੰਘ, ਜਸਪਾਲ ਸਿੰਘ, ਕਮਲਜੀਤ ਸਿੰਘ, ਗੁਰਦਿਆਲ ਸਿੰਘ ਯੂ. ਕੇ. ਨੇ ਕਿਹਾ ਹੈ ਕਿ ਦਸੰਬਰ ਮਹੀਨਾ ਸਿੱਖ ਧਰਮ ਵਿਚ ਸ਼ਹਾਦਤਾਂ ਦਾ ਮਹੀਨਾ ਹੈ ਅਤੇ ਇਸੇ ਮਹੀਨੇ ਵਿਚ ਹੀ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛਡ਼ਿਆ ਹੀ ਨਹੀਂ, ਸਗੋਂ ਸ਼ਹਾਦਤਾਂ ਪ੍ਰਾਪਤ ਕਰਦਾ ਹੋਇਆ ਇਸ ਦੁਨੀਆਂ ਤੋਂ ਹੀ ਰੁਖਸਤ ਹੋ ਗਿਆ ਸੀ। ਸਿੱਖ ਸ਼ਹਾਦਤਾਂ ਦਾ ਦਰਦ ਮੰਨਣ ਵਾਲੇ ਸਿੱਖ ਤਾਂ ਇਸ ਮਹੀਨੇ ਸੌਂਦੇ ਵੀ ਭੁੰਜੇ ਹੀ ਹਨ। ਇਸ ਲਈ ਇਹ ਮਹੀਨਾ ਉਨ੍ਹਾਂ ਸ਼ਹਾਦਤਾਂ ਨੂੰ ਪ੍ਰਣਾਮ ਕਰਨ ਦਾ ਮਹੀਨਾ ਹੈ ਪਰ ਪੰਚਾਇਤੀ ਚੋਣਾਂ ਹੋਣ ਕਾਰਨ ਸ਼ਹੀਦੀ ਸਮਾਗਮਾਂ ਵਿਚ ਤਾਂ ਰੁਕਾਵਟ ਪਵੇਗਾ ਹੀ, ਸਗੋਂ ਲੋਕ ਇਸੇ ਮਹੀਨੇ ਨਸ਼ੇ ਦੀ ਵੀ ਖੁੱਲ੍ਹ ਕੇ ਵਰਤੋਂ ਕਰਨਗੇ, ਜਿਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪੁੱਜੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਜੇ ਵੀ ਇਸ ਫੈਸਲੇ ’ਤੇ ਵਿਚਾਰ ਕਰਦਿਆਂ ਇਨ੍ਹਾਂ ਚੋਣਾਂ ਦੀ ਤਰੀਕ ਬਦਲਣ ਲਈ ਜ਼ਰੂਰ ਗੌਰ ਕਰੇ।