ਸ਼ੋਅਪੀਸ ਬਣੇ ਜੀ. ਪੀ. ਐੱਸ. ਸਿਸਟਮ, ਕਿਸ ਤਰ੍ਹਾਂ ਹੋਵੇਗੀ ਕੂਡ਼ੇ ਦੀ ਲਿਫਟਿੰਗ ਦੀ ਮਾਨੀਟਰਿੰਗ

11/15/2018 12:36:02 PM

ਲੁਧਿਆਣਾ (ਹਿਤੇਸ਼)-ਨਗਰ ਨਿਗਮ ਵਲੋਂ ਸ਼ੈਡਿਊਲ ਮੁਤਾਬਕ ਕੂਡ਼ੇ ਦੀ ਲਿਫਟਿੰਗ ਨਾ ਹੋਣ ਨੂੰ ਲੈ ਕੇ ਏ ਟੂ ਜ਼ੈੱਡ ਕੰਪਨੀ ਦੀ ਖਿਚਾਈ ਤਾਂ ਕੀਤੀ ਜਾ ਰਹੀ ਹੈ, ਜੇਕਰ ਇਸ ਪ੍ਰਕਿਰਿਆ ਦੀ ਮਾਨੀਟਰਿੰਗ ਦੀ ਗੱਲ ਕਰੀਏ ਤਾਂ ਇਸ ਮਾਮਲੇ ’ਚ ਖੁਦ ਨਗਰ ਨਿਗਮ ਦੀ ਨਾਲਾਇਕੀ ਸਾਹਮਣੇ ਆਈ ਹੈ, ਜਿਸ ਤਹਿਤ ਕੂਡ਼ੇ ਦੀ ਲਿਫਟਿੰਗ ਦੇ ਕੰਮ ’ਚ ਲੱਗੀਆਂ ਹੋਈਆਂ ਗੱਡੀਆਂ ’ਚ ਲਾਏ ਗਏ ਜੀ. ਪੀ. ਐੱਸ. ਸਿਸਟਮ ਸ਼ੋਅਪੀਸ ਬਣ ਕੇ ਰਹਿ ਗਏ ਹਨ। ਇਹ ਖੁਲਾਸਾ ਕਮਿਸ਼ਨਰ ਵਲੋਂ ਤਿਆਰ ਕਰਵਾਈ ਗਈ ਇਕ ਰਿਪੋਰਟ ਵਿਚ ਹੋਇਆ ਹੈ, ਜਿਸ ਵਿਚ ਕੂਡ਼ੇ ਦੇ ਸ਼ੈਡਿਊਲ ਮੁਤਾਬਕ ਲਿਫਟਿੰਗ ਯਕੀਨੀ ਬਣਾਉਣ ਲਈ ਏ ਟੂ ਜ਼ੈੱਡ ਕੰਪਨੀ ਦੀਆਂ ਗੱਡੀਆਂ ਵਿਚ ਜੀ. ਪੀ. ਐੱਸ. ਸਿਸਟਮ ਲਾਉਣ ਦੀ ਯੋਜਨਾ ਬਣਾਈ ਗਈ ਸੀ। ਇਸ ਰਿਪੋਰਟ ਵਿਚ ਸਬੰਧਿਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੂਡ਼ੇ ਦੀ ਲਿਫਟਿੰਗ ਨਾ ਹੋਣ ਨੂੰ ਲੈ ਕੇ ਥਰਡ ਪਾਰਟੀ ਕੰਪਨੀ ਤੋਂ ਚੈਕਿੰਗ ਕਰਵਾਉਣ ਲਈ ਕਾਫੀ ਪਹਿਲਾਂ ਹੀ ਏ ਟੂ ਜ਼ੈੱਡ ਕੰਪਨੀ ਦੀਆਂ ਗੱਡੀਆਂ ਵਿਚ ਜੀ. ਪੀ. ਐੱਸ. ਸਿਸਟਮ ਲਗਵਾ ਦਿੱਤਾ ਗਿਆ ਸੀ, ਜਿਸ ਦਾ ਬਾਕਾਇਦਾ ਕੰਟਰੋਲ ਰੂਮ ਵੀ ਬਣਿਆ ਹੋਇਆ ਹੈ ਪਰ ਨਗਰ ਨਿਗਮ ਅਧਿਕਾਰੀਆਂ ਵਲੋਂ ਜੀ. ਪੀ. ਐੱਸ. ਸਿਸਟਮ ਜ਼ਰੀਏ ਸ਼ੈਡਿਊਲ ਮੁਤਾਬਕ ਕੂਡ਼ੇ ਦੀ ਲਿਫਟਿੰਗ ਹੋਣ ਬਾਰੇ ਕੋਈ ਮਾਨੀਟਰਿੰਗ ਨਹੀਂ ਕੀਤੀ ਜਾ ਰਹੀ, ਜਿਸ ਦੇ ਮੱਦੇਨਜ਼ਰ ਕਮਿਸ਼ਰ ਨੇ ਜੀ. ਪੀ. ਐੱਸ. ਸਿਸਟਮ ਨੂੰ ਚਾਲੂ ਕਰਨ ਦੇ ਹੁਕਮ ਦਿੱਤੇ ਹਨ।