‘ਰੁੜਕਾ ਕਲਾਂ ’ਚ ਸਰਕਾਰ ਬਣਾਏਗੀ ਨਵੀਂ ਅਕੈਡਮੀ’

11/15/2018 12:40:05 PM

ਲੁਧਿਆਣਾ (ਧਵਨ)- ਪੰਜਾਬ ਸਰਕਾਰ ਦੇ ਸਪੋਰਟਸ ਵਿਭਾਗ ਦੀ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ, ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਨੇ ਅੱਜ ਰੁੜਕਾ ਕਲਾਂ ਵਿਚ ਲੜਕੀਆਂ ਲਈ ਆਯੋਜਿਤ ਖੇਡ ਉਤਸਵ 2018 ਵਿਚ ਹਿੱਸਾ ਲੈਂਦੇ ਹੋਏ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਰੁੜਕਾ ਕਲਾਂ ਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਨਵੀਂ ਸਪੋਰਟਸ ਅਕੈਡਮੀ ਬਣਾਈ ਜਾਵੇਗੀ।ਅੰਮ੍ਰਿਤ ਗਿੱਲ ਨੇ ਕਿਹਾ ਕਿ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਸੂਬੇ ਦੇ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਮੈਡਲ ਜਿੱਤ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਹਰ ਖੇਤਰ ਵਿਚ ਖੇਡਾਂ ਨੂੰ ਉਤਸ਼ਾਹਿਤ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੇਗੀ।ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਨਸ਼ੇ ਦੇ ਵਿਰੁੱਧ ਜੰਗ ਛੇੜੀ ਹੋਈ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਵਿਚ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਤਰ ਵਿਸ਼ਵ ਕੱਪ 2022 ਦੀ ਸੁਪਰੀਮ ਕੋਰਟ ਕਮੇਟੀ ਦੇ ਮੈਂਬਰਾਂ ਅਤੇ ਮਹੰਤ ਸੇਵਾਦਾਰ ਦੇ ਸਪੋਰਟਸ ਅਕੈਡਮੀ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਕਤਰ ਵਿਸ਼ਵ ਕੱਪ 2022 ਵਲੋਂ ਰੋਸਾ ਐਲਿਸ ਐਂਡਰੋ, ਹਾਲਾ ਖਲਾਫ, ਐਲਵੀਰਾ ਗੋਨਜੈਲਜ਼, ਜੌਹਾਨਾ ਕੌਂਸਲਰ ਅੰਬੈਸੀ ਆਫ ਫੈਡਰਲ ਰਿਪਬਲਿਕ ਆਫ ਜਰਮਨੀ ਨੇ ਵੀ ਹਿੱਸਾ ਲਿਆ। ਰੁੜਕਾ ਕਲਾਂ ਵਿਚ ਸ਼ੁਰੂ ਹੋਏ ਖੇਡ ਉਤਸਵ ਵਿਚ 12 ਦੇਸ਼ਾਂ ਤੇ 10 ਸੂਬਿਆਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਸਮਾਗਮ ਦਾ ਆਯੋਜਨ ਆਈ. ਐੱਫ. ਸੀ. ਦੇ ਪ੍ਰਮੁਖ ਗੁਰਮੰਗਲ ਸਿੰਘ ਨੇ ਕੀਤਾ।