ਬਾਬਾ ਬੇਦੀ ਦੀ ਅਗਵਾਈ ’ਚ ਸੰਤ ਸਮਾਜ ਦਾ ਹੋਇਆ ਇਕੱਠ

10/17/2018 6:30:28 PM

ਖੰਨਾ (ਡਾ. ਪ੍ਰਦੀਪ)-ਸੰਤ ਸਮਾਜ ਦਾ ਭਰਵਾਂ ਇਕੱਠ ਮਨਸੂਰਾਂ (ਲੁਧਿਆਣਾ) ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ’ਚ ਹੋਇਆ, ਜਿਸ ਵਿਚ ਸਮੂਹ ਸੰਪ੍ਰਦਾਵਾਂ ਦੇ ਸੰਤ ਮਹਾਪੁਰਖਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੌਕੇ ਸੰਤਾਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਅਰਧ ਸ਼ਤਾਬਦੀ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਤਾਂਕਿ ਗੁਰੂ ਸਾਹਿਬ ਜੀ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸ਼ੁਰੂ ਕੀਤੇ ਦੇਸ਼ਾਂ-ਪ੍ਰਦੇਸ਼ਾਂ, ਧਰਮਾਂ, ਜਾਤਾਂ, ਗੋਤਾਂ, ਰੰਗਾਂ, ਨਸਲਾਂ ਆਦਿ ਦੀ ਅਨੇਕਤਾ ਨੂੰ ਏਕਤਾ ਦੇ ਗੁਲਦਸਤੇ ਵਿਚ ਪਰੋਣ ਦੇ ਸਿਧਾਂਤ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਦੀ ਗੱਲ ’ਤੇ ਜ਼ੋਰ ਦਿੱਤਾ ਗਿਆ। ਇਸ ਸਮੇਂ ਸ਼ਤਾਬਦੀ ਮਨਾਉਣ ਦੀ ਰੂਪ ਰੇਖਾ ਤਿਆਰ ਕਰਨ ਸਬੰਧੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ®ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਬਾਰੇ ਬੋਲਦਿਆਂ ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਇਹ ਘਟਨਾਵਾਂ ਕਰਨ ਵਾਲੇ, ਘਿਨੌਣੀ ਸਾਜ਼ਿਸ਼ ਰਚਣ ਵਾਲੇ ਤੇ ਬਹਿਬਲ ਕਲਾਂ ਵਿਚ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ। ਸੰਤ ਸਮਾਜ ਨੇ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਇਨਸਾਫ ਵਿਚ ਹੋ ਰਹੀ ਦੇਰੀ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਹੈ।

ਸੰਤ ਸਮਾਜ ਨੇ ਗੁਟਕਾ ਸਾਹਿਬ ਦੀ ਸਹੁੰ ਖਾਣ ਦੀ ਗੱਲ ਯਾਦ ਕਰਵਾਈ ਤੇ ਕਿਹਾ ਕਿ ਗੁਰੂ ਸਾਹਿਬ ਦੀ ਬਰਾਬਰੀ ਕਰਨ ਵਾਲਾ ਝੂਠੇ ਸੌਦੇ ਵਾਲਾ ਤੇ ਜਿਸ ਦੇ ਰਾਜ ਵਿਚ ਇਹ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਉਨ੍ਹਾਂ ਦਾ ਕੀ ਹਸ਼ਰ ਹੋਇਆ। ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨੇ ਤੋਂ ਪੰਥਕ ਆਗੂ ਬਰਗਾਡ਼ੀ ਅਨਾਜ ਮੰਡੀ ਵਿਖੇ ਸ਼ਾਂਤਮਈ ਢੰਗ ਨਾਲ ਇਨਸਾਫ ਦੇ ਮੋਰਚੇ ’ਤੇ ਡਟੇ ਹੋਏ ਹਨ ਪਰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੰਤ ਸਮਾਜ ਨੇ ਮੀਡੀਏ ਦੀ ਗੱਲ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਇਸ ਨੂੰ ਡਰਾਉਣਾ-ਧਮਕਾਉਣਾ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ। ਸੰਤ ਸਮਾਜ ਨੇ ਫੈਸਲਾ ਕੀਤਾ ਕਿ 550ਵੀਂ ਅਰਧ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਸਮੂਹ ਸੰਤ ਮਹਾਪੁਰਖਾਂ ਤੋਂ ਇਲਾਵਾ ਪੰਥਕ ਜਥੇਬੰਦੀਆਂ, ਸਿੰਘ ਸਭਾਵਾਂ, ਸੁਖਮਣੀ ਸਾਹਿਬ ਸੇਵਾ ਸੋਸਾਇਟੀਆਂ, ਸਮੂਹ ਪ੍ਰਚਾਰਕਾਂ, ਵਿਦਵਾਨਾਂ ਅਤੇ ਸਮੂਹ ਸਿਆਸੀ ਪਾਰਟੀਆਂ ਦੀ ਮੀਟਿੰਗ ਸੱਦੀ ਜਾਵੇਗੀ ਤਾਂਕਿ ਅਰਧ ਸ਼ਤਾਬਦੀ ਬਹੁਤ ਹੀ ਧੂਮਧਾਮ ਨਾਲ ਮਨਾਈ ਜਾ ਸਕੇ। ®ਭਾਈ ਅਨਭੋਲ ਸਿੰਘ, ਸੰਤ ਗੁਰਮੀਤ ਖੋਸੇ ਕੋਟਲਾ ਦੇ ਪ੍ਰਬੰਧਾਂ ਹੇਠ ਹੋਏ ਇਸ ਇਕੱਠ ਵਿਚ ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਜਗਜੀਤ ਸਿੰਘ ਬਡ਼ੂਨੂੰ ਵਾਲੇ, ਸੰਤ ਜਗਜੀਤ ਸਿੰਘ ਲੋਪੋਂ, ਸੰਤ ਅਵਤਰ ਸਿੰਘ ਬਿਧੀ ਚੰਦ, ਲਖਵੀਰ ਸਿੰਘ ਰਤਵਾਡ਼ਾ, ਪ੍ਰਤਾਪ ਸਿੰਘ ਹਜ਼ੂਰ ਸਾਹਿਬ, ਸਵਾਮੀ ਸੱਤਿਆ ਨੰਦ ਜਲੰਧਰ, ਓਂਕਾਰ ਸਿੰਘ ਬੇਰ ਕਲਾਂ, ਅਮੀਰ ਸਿੰਘ ਜਵੱਦੀ ਟਕਸਾਲ, ਗੁਰਮਿੰਦਰ ਸਿੰਘ ਮਾਡੀਕੇ, ਦਰਸ਼ਨ ਸਿੰਘ, ਸੇਵਾ ਸਿੰਘ ਰਾਮਪੁਰ ਖੇਡ਼ਾ, ਗੁਰਪ੍ਰੀਤ ਸਿੰਘ ਰੰਧਾਵੇ ਵਾਲੇ, ਗੁਰਮੇਲ ਸਿੰਘ ਚਮਕੌਰ ਸਾਹਿਬ, ਬਾਬਾ ਮਹਿੰਦਰ ਸਿੰਘ ਬਡ਼ੀ ਵਾਲੇ, ਮੱਖਣ ਸਿੰਘ, ਬਲਵੰਤ ਸਿੰਘ ਹਰਖੋ ਕਲਾਂ, ਦਿਲਬਾਗ ਸਿੰਘ ਬਡ਼ੂ ਸਾਹਿਬ, ਬਾਬੂ ਨਰਿੰਦਰ ਸਿੰਘ, ਬਾਬਾ ਰਾਮ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਤੇ ਹੋਰ ਸੰਤਾਂ-ਮਹਾਪੁਰਖਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਨੂੰ ਸਤਨਾਮ ਸਿੰਘ ਮਨਸੂਰਾਂ, ਗੁਰਦੀਪ ਸਿੰਘ ਖੰਡੂਰ, ਗੁਰਦੀਪ ਸਿੰਘ ਮੈਨੇਜਰ, ਬਲਵਿੰਦਰ ਸਿੰਘ ਕਥਾਵਾਚਕ, ਅਰਸ਼ਪ੍ਰੀਤ ਸਿੰਘ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।