ਰੋਟਰੀ ਕਲੱਬ ਵਲੋਂ ਪਲਾਸਟਿਕ ਵਿਰੁੱਧ ਮੁਹਿੰਮ ਸ਼ੁਰੂ

01/11/2019 12:24:03 PM

ਖੰਨਾ (ਪੁਰੀ, ਇਰਫਾਨ)- ਰੋਟਰੀ ਕਲੱਬ ਅਹਿਮਦਗਡ਼੍ਹ ਵਲੋਂ ਪਲਾਸਟਿਕ ਦੀ ਦੁਰਵਰਤੋਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦਾ ਰਸਮੀ ਉਦਘਾਟਨ ਅੱਜ ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਐੱਸ. ਡੀ. ਐੱਮ. ਅਹਿਮਦਗਡ਼੍ਹ ਡਾ. ਪੂਨਮ ਪ੍ਰੀਤ ਕੌਰ ਨੇ ਕੀਤਾ ਤੇ ਸਮਾਗਮ ਦੀ ਪ੍ਰਧਾਨਗੀ ਡਾ. ਵਿਕਾਸ ਰਾਜ ਕੈਨੇਡਾ ਨੇ ਕੀਤੀ। ਕਲੱਬ ਵਲੋਂ ਇਸ ਮੌਕੇ ਗਲਣਯੋਗ ਪਦਾਰਥ ਦੇ ਥੈਲੇ ਬਣਾ ਕੇ ਲੋਕਾਂ ਨੂੰ ਵੰਡੇ ਗਏ ਅਤੇ ਪ੍ਰਿੰ. ਵਿਨੇ ਕੁਮਾਰ ਗੋਇਲ ਦੀ ਅਗਵਾਈ ’ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪਲਾਸਟਿਕ ਦੇ ਲਫਾਫਿਆਂ ਦੀ ਵਰਤੋਂ ਕਰਨ ਤੋਂ ਤੋਬਾ ਕੀਤੀ। ਪ੍ਰਬੰਧਕਾਂ ਵਲੋਂ ਸਕੂਲ ਦੇ ਖੇਤਰ ਨੂੰ ਪਲਾਸਟਿਕ ਮੁਕਤ ਕਰਨ ਦਾ ਐਲਾਨ ਵੀ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਐੱਸ. ਡੀ. ਐੱਮ. ਡਾ. ਪੂਨਮ ਪ੍ਰੀਤ ਕੌਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੁਕਾਨਦਾਰਾਂ ਵਲੋਂ ਖਰੀਦਦਾਰੀ ਕਰਨ ਵਾਲਿਆਂ ਨੂੰ ਪਲਾਸਟਿਕ ਦੇ ਲਿਫਾਫਿਆਂ ’ਚ ਸਾਮਾਨ ਪਾ ਕੇ ਦੇਣਾ ਬੰਦ ਨਾ ਕੀਤਾ ਗਿਆ ਤਾਂ ਮਿੱਟੀ, ਪਾਣੀ ਤੇ ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨਾ ਅਸੰਭਵ ਹੋ ਜਾਵੇਗਾ। ਪਲਾਸਟਿਕ ਅਤੇ ਹੋਰ ਪਦਾਰਥਾਂ ਦੇ ਕੂਡ਼ੇ ’ਚ ਮਿਲ ਕੇ ਹੋਣ ਵਾਲੇ ਨੁਕਸਾਨਾਂ ਦਾ ਜ਼ਿਕਰ ਕਰਦਿਆਂ ਡਾ. ਪੂਨਮ ਪ੍ਰੀਤ ਕੌਰ ਨੇ ਕਿਹਾ ਪੰਜਾਬ ਸਰਕਾਰ ਵਲੋਂ ਪਾਲੀਥੀਨ ਲਿਫਾਫਿਆਂ ’ਤੇ ਰੋਕ ਸਬੰਧੀ ਕਾਨੂੰਨ ਬਣਾਏ ਹੋਏ ਹਨ। ਉਨ੍ਹਾਂ ਵਪਾਰਕ ਸੰਗਠਨਾਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਗਾਹਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰਨ। ਹੋਰਨਾਂ ਤੋਂ ਇਲਾਵਾ ਮੁਹਿੰਮ ਦੇ ਕਨਵੀਨਰ ਡਾ. ਸੁਨੀਤ ਹਿੰਦ ਅਤੇ ਐੱਸ. ਪੀ. ਸੋਫਤ, ਸਕੱਤਰ ਡਾ. ਰਵਿੰਦਰ ਸ਼ਰਮਾ ਤੇ ਅਸਿਸਟੈਂਟ ਗਵਰਨਰ ਅਵਤਾਰ ਕ੍ਰਿਸ਼ਨ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।