ਜਲੰਧਰ ਜ਼ਿਮਨੀ ਚੋਣ ਲਈ ਤਿਆਰ ਹੋਣ ਲੱਗਾ ਖਾਕਾ, ਨਵੇਂ ਚਿਹਰਿਆਂ 'ਤੇ ਦਾਅ ਖੇਡਣ ਦੇ ਮੂਡ 'ਚ ਸਿਆਸੀ ਧਿਰਾਂ

01/26/2023 4:33:23 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਜੋ ਜਲੰਧਰ ਜ਼ਿਮਨੀ ਲੋਕ ਸਭਾ ਚੋਣ ਲਈ ਬਸਪਾ ਆਗੂਆਂ ਨਾਲ ਲੰਮੀ ਚੌੜੀ ਮੁਲਾਕਾਤ ਕੀਤੀ ਹੈ, ਉਸ ਸਬੰਧੀ ਹੁਣ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਨਜ਼ਰ ਆਉਣ ਲੱਗ ਪਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਲੰਧਰ ਲੋਕ ਸਭਾ ਸੀਟ ’ਤੇ ਸਾਰੀ ਜਮ੍ਹਾ ਤਕਸੀਮ ਕਰ ਕੇ ਭਾਂਪ ਚੁੱਕਾ ਹੈ ਕਿ ਦੋਆਬੇ ਦੀ ਰਾਜਧਾਨੀ ਜਲੰਧਰ ਲੋਕ ਸਭਾ ਸੀਟ ’ਤੇ ਅਕਾਲੀ ਦਲ ਦੇ ਕੀ ਹਾਲਾਤ ਹਨ। ਇਸ ਕਰ ਕੇ ਉਹ ਸੰਗਰੂਰ ਦੀ ਲੋਕ ਸਭਾ ਜ਼ਿਮਨੀ ਚੋਣ ਦੀ ਸ਼ਰਮਨਾਕ ਹਾਰ ਤੋਂ ਅਜੇ ਤੱਕ ਬਾਹਰ ਨਹੀਂ ਆ ਰਿਹਾ। 

ਇਹ ਵੀ ਪੜ੍ਹੋ- 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ

ਅਤਿ ਭਰੋਸੇਯੋਗ ਸੂਤਰਾਂ ਨੇ ਅੱਜ ਇੱਥੇ ਵੱਡਾ ਇਸ਼ਾਰਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲੰਧਰ ਸੀਟ ਆਪਣੇ ਹਮਖਿਆਲੀ ਤੇ ਗਠਜੋੜ ਬਸਪਾ ਨੂੰ ਛੱਡਣ ਦੇ ਮੂਡ ਵਿਚ ਹੈ ਕਿਉਂਕਿ ਰਾਖਵਾਂ ਹਲਕਾ ਹੋਣ ਕਾਰਨ ਅਤੇ ਇੱਥੇ ਅਨੁਸੂਚਿਤ ਭਾਈਚਾਰੇ ਦੀ ਵੋਟਬੈਂਕ ਜ਼ਿਆਦਾ ਹੋਣ ਕਰ ਕੇ ਬਸਪਾ ਲਈ ਮੈਦਾਨ ਛੱਡਣ ਲਈ ਉਸ ਦੇ ਸਾਥੀ ਅਕਾਲੀ ਨੇਤਾ ਵੀ ਸਲਾਹ ਦੇ ਰਹੇ ਹਨ। ਜੇਕਰ ਇਹ ਗੱਲ ਸੱਚੀ ਹੋਈ ਤਾਂ ਸੁਖਬੀਰ ਸਿੰਘ ਬਾਦਲ ਜਲੰਧਰ ਲੋਕ ਸਭਾ ਹਲਕੇ ’ਚ ਆਪਣੀ ਫ਼ੌਜ ਨਾਲ ਹਾਥੀ ਦੀ ਸਵਾਰੀ ਕਰਨ ਵਾਂਗ ਸਮਝੇ ਜਾਣਗੇ। ਜੇਕਰ ਬਸਪਾ ਨਾ ਮੰਨੀ ਤਾਂ ਅਕਾਲੀ ਨੇਤਾ ਪਵਨ ਟੀਨੂ ਦਾ ਐਲਾਨ ਕਰ ਕੇ ਖੁਦ ਮੈਦਾਨ ਸੰਭਾਲਣਗੇ, ਜਦੋਂਕਿ ਕਾਂਗਰਸ ਮਰਹੂਮ ਚੌਧਰੀ ਦੇ ਪਰਿਵਾਰ ’ਚੋਂ ਉਨ੍ਹਾਂ ਦੀ ਧਰਮਪਤਨੀ ਪ੍ਰਿੰ. ਕਰਮਜੀਤ ਕੌਰ ਨੂੰ ਟਿਕਟ ਦੇਣ ਲਈ ਤਿਆਰ-ਬਰ-ਤਿਆਰ ਹੈ।

ਇਹ ਵੀ ਪੜ੍ਹੋ-  ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ਼,ਪੜ੍ਹੋ ਪੂਰਾ ਵੇਰਵਾ

ਭਾਜਪਾ ਜਲੰਧਰ ਲੋਕ ਸਭਾ ਹਲਕੇ ’ਚ ਰਾਜੇਸ਼ ਬਾਘਾ ਤੇ ਅਵਿਨਾਸ਼ ਚੰਦਰ ’ਤੇ ਪੱਤਾ ਖੇਡਣ ਦੇ ਮੂਡ ਵਿਚ ਹੈ। ਬਾਕੀ 2024 ਦੀਆਂ ਚੋਣਾਂ ਸਬੰਧੀ ਪਾਰਟੀ ਫੂਕ-ਫੂਕ ਕੇ ਤੇ ਪੱਕੇ ਪੈਰੀਂ ਲੜਨ ਦੀ ਤਿਆਰੀ ’ਚ ਹੈ। ਸੱਤਾਧਾਰੀ ‘ਆਪ’ ਜਲੰਧਰ ਤੋਂ ਨਵੇਂ ਚਿਹਰੇ ਤੋਂ ਇਲਾਵਾ ਇਕ ਮੌਜੂਦਾ ਵਿਧਾਇਕ ਦੀ ਧਰਮ ਪਤਨੀ ਨੂੰ ਟਿਕਟ ਦੇਣ ਲਈ ਵੀ ਗੰਭੀਰ ਦੱਸੀ ਜਾ ਰਹੀ ਹੈ, ਜਦੋਂਕਿ ਇਕ ਸਾਬਕਾ ਪੁਲਸ ਅਧਿਕਾਰੀ ਤੇ 2 ਹੋਰ ਨਾਂ ਚੱਲ ਰਹੇ ਹਨ। ਇਸ ਲੋਕ ਸਭਾ ਹਲਕੇ ’ਚ ਇਸ ਵਾਰ ਚਹੁੰਕੋਨਾ ਮੁਕਾਬਲਾ ਹੋਵੇਗਾ, ਜਦੋਂਕਿ ਸੰਗਰੂਰ ਵਿਚ ਪੰਜ ਕੋਨਾ ਮੁਕਾਬਲਾ ਸੀ, ਜਿੱਥੇ ਸਿਮਰਨਜੀਤ ਮਾਨ ਦੀ ਪਾਰਟੀ ਵੀ ਮੈਦਾਨ ਵਿਚ ਸੀ। ਦੇਖਦੇ ਹਾਂ ਕਿ ਇਸ ਵਾਰ ਉਨ੍ਹਾਂ ਦਾ ਉਮੀਦਵਾਰ ਉਤਰਦਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ- ਕੀ ਖੰਘ 'ਚ ਬੱਚੇ ਨੂੰ ਰਮ ਜਾਂ ਬਰਾਂਡੀ ਦੇਣੀ ਚਾਹੀਦੀ ਹੈ ? ਜਾਣੋ WHO ਦਾ ਹੈਰਾਨੀਜਨਕ ਖ਼ੁਲਾਸਾ

Harnek Seechewal

This news is Content Editor Harnek Seechewal