ਯੁਵਕਾਂ ਦੀ ਸਿੱਖਿਆ ਅਤੇ ਸਖ਼ਸ਼ੀਅਤ ਦਾ ਵਿਕਾਸ

04/27/2020 1:46:53 PM

ਜੁਆਨੀ ਤੇ ਸਿੱਖਿਆ

ਡਾ. ਪਿਆਰਾ ਲਾਲ ਗਰਗ

ਜਦ ਅਸੀਂ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਅਸੀਂ ਆਮ ਤੌਰ ’ਤੇ ਸਕੂਲਾਂ ਕਾਲਜਾਂ, ਯੂਨੀਵਰਸਿਟੀਆਂ ਦੀ ਜਾਂ ਫਿਰ ਰਸਮੀ ਵਿਦਿਅਕ ਸੰਸਥਾਵਾਂ ਦੀ ਸਿਖਿਆ ਦੀ ਗੱਲ ਹੀ ਕਰਦੇ ਹਾਂ। ਸਿੱਖਣ ਦਾ ਅਮਲ ਤਾਂ ਸਮੁੱਚੇ ਜੀਵਣ ਦਾ ਅਮਲ ਹੈ, ਜਿਸਦੀ ਨੀਂਹ ਘਰ, ਗੁਆਂਢ ਅਤੇ ਆਂਗਨਵਾੜੀ ਵਿਚ ਰੱਖੀ ਜਾਂਦੀ ਹੈ । ਇਹ ਬਚਪਨ ਵਿਚ ਸਵਾਲ ਕਰਦੀ ਹਰ ਵਤੀਰੇ ਨੂੰ ਸਮਝਦੀ ਹੋਈ, ਜੁਆਨੀ ਵਿਚ ਖਿਆਲਾਂ ’ਤੇ ਆਦਰਸਾਂ ਦੀਆਂ ਉਡਾਰੀਆਂ ਮਾਰਦੀ ਹੋਈ, ਕਾਲਜਾਂ ਯੂਨੀਵਰਸਿਟੀਆਂ ਵਿਚ ਆਪਣੇ ਆਪ ਦੀ, ਸਮਾਜ ਦੀ, ਸੰਸਾਰ ਦੀ ਅਤੇ ਬ੍ਰਹਿਮੰਡ ਦੀ ਖੋਜ ਕਰਦੀ ਹੋਈ, ਇਸ ਜੀਵਣ ਦਾ ਉਦੇਸ਼ ਸਮਝਣ ’ਤੇ ਸਮਝਾਉਣ ਵੱਲ ਵੱਧਦੀ ਹੈ। ਇਸ ਵਾਸਤੇ ਪਹਿਲਾਂ ਤਾਂ ਨੀਂਹ ਦਾ ਪੁਖਤਾ ਹੋਣਾ ਜਰੂਰੀ ਹੈ। ਕੱਚੀ ਨੀਂਹ ’ਤੇ ਤਾਂ ਟਿਕਾਊ ਉਸਾਰੀ ਹੋਣੀ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜਰੂਰ ਹੁੰਦੀ ਹੈ। ਇਸੇ ਵਾਸਤੇ ਤਾਂ ਕਿਹਾ ਹੈ, 'ਪੱਕੀਆਂ ਸਿੱਧੀਆਂ ਨੀਹਾਂ ਉਪਰ ਪੱਕੀਆਂ ਹੋਣ ਤਮੀਰਾਂ, ਮਿੱਠੇ ਬੇਰ ਕਦੇ ਨਾ ਲੱਗਦੇ ਕਿਕੱਰਾਂ ਨਾਲ ਕਰੀਰਾਂ’। ਜੇ ਕਰ ਬਚਪਨ ਵਿਚ ਸਵਾਲ ਕਰਦੀ, ਹਰ ਵਤੀਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦੀ, ਕੁਝ ਨਵਾਂ ਨਵੇਲਾ ਜਾਣਨ ਦੀ ਉਤਸੁਕਤਾ ਨੂੰ, ਮਾਪੇ ਜਾਂ ਅਧਿਆਪਕ ਆਪਣੀ ਅਗਿਆਨਤਾ ਕਾਰਨ ਜਾਂ ਸਮਾਂ ਨਾ ਮਿਲਣ ਕਾਰਨ ਜਾਂ ਫਿਰ ਉਦਾਸੀਨਤਾ ਕਾਰਨ, ਪੁੰਗਰਦੀ ਹੋਈ ਨੂੰ ਹੀ ਮਾਰ ਦੇਣ ਤਾਂ ਫਿਰ ਜਗਿਆਸਾ ਦਾ ਗਲਾ ਘੁੱਟ ਦਿੱਤੇ ਜਾਣ ਕਾਰਨ ਜੁਆਨੀ ਵਿਚ ਪੀੜ੍ਹੀ ਆਦਰਸਾਂ ’ਤੇ ਖਿਆਲਾਂ ਦੀਆਂ ਉਡਾਰੀਆਂ ਨਹੀਂ ਮਾਰ ਸਕਦੀ।

ਇਹ ਸੁਪਨੇ ਨਹੀਂ ਸੰਜੋਅ ਸਕਦੀ, ਇਹ ਸੁਹਣੇ ਸੰਸਾਰ ਦਾ, ਇਕਸਾਰਤਾ ਵਾਲੇ ਸੰਸਾਰ ਦਾ, ਹਰੇਕ ਇਨਸਾਨ ਤੇ ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਸੰਸਾਰ ਦਾ , ਸੱਚੀ ਮੁਹੱਬਤ ਦਾ, ਕ੍ਰਿਤ ਦਾ, ਇਮਾਨਦਾਰੀ ਦਾ, ਇਨਸਾਫ ਦਾ, ਇਨਸਾਨੀ ਕਦਰਾਂ ਕੀਮਤਾਂ ਦਾ ਸੁਪਨਾ ਕਿਵੇਂ ਲਵੇਗੀ। ਇਹ ਅਥਾਹ ਊਰਜਾ ਵਾਲੀ ਤਾਕਤਵਰ ਅਤੇ ਭਰੋਸੇ ਦੇ ਠਾਠਾਂ ਮਾਰਦੇ ਸਾਗਰਾਂ ਵਾਲੀ ਜੁਆਨੀ, ਤੁਫਾਨਾਂ ਵਿਚ ਠਿੱਲ ਕੇ, ਉਫਨਦੇ ਵਿਕਰਾਲ ਸਾਗਰਾਂ ਨੂੰ ਚੀਰ ਕੇ ਕੰਢੇ ਲੱਗਣ ਦੀ ਜੁਰਅਤ ਕਿਵੇਂ ਕਰੇਗੀ ? ਜਿਸ ਸੋਹਣੀ ਦਾ ਘੜਾ ਹੀ ਉਸਦੇ ਦੋਖੀਆਂ ਨੇ ਬਦਲ ਕੇ ਕੱਚਾ ਰੱਖ ਦਿੱਤਾ ਹੋਵੇ, ਫਿਰ ਉਹ ਸ਼ੂਕਦੀ ਝਨਾ ਨੂੰ ਪਾਰ ਕਰਕੇ ਆਪਣੇ ਮਹੀਵਾਲ ਨੂੰ ਕਿਵੇਂ ਮਿਲੇਗੀ ! ਉਹ ਜੁਆਨੀ ਦੇ 'ਵਸਲੋਂ ਉਰੇ ਮੁਕਾਮ ਨਾ ਕੋਈ' ਦੇ ਅਰਥ ਕਿਵੇਂ ਸਮਝੇਗੀ ? ਉਹ ਜੁਆਨੀ 'ਸੀਨੇ ਖਿੱਚ, ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ' ਵਾਲੀ ਸਥਿਤੀ ਵਿਚ ਕਿਵੇਂ ਪ੍ਰਵੇਸ਼ ਕਰੇਗੀ ? ਉਹ ਰਾਬਰਟ ਫਰਾਸਟ ਦੇ ਸੁਨੇਹੇ, 'ਜੰਗਲ ਪਿਆਰੇ, ਕਾਲੇ ਤੇ ਘਣੇ ਨੇ ਪਰ ਮੈਂ ਤਾਂ ਵਾਇਦੇ ਪੂਰੇ ਕਰਨੇ ਨੇ। ਸੌਣ ਤੋਂ ਪਹਿਲਾਂ ਮੈਂ ਤਾਂ ਅਜੇ ਮੀਲਾਂ ਪੈਂਡੇ ਚੱਲਣੇ ਨੇ ! ਸੌਣ ਤੋਂ ਪਹਿਲਾਂ ਮੈਂ ਤਾਂ ਅਜੇ ਮੀਲਾਂ ਪੈਂਡੇ ਚੱਲਣੇ ਨੇ', ਨੂੰ ਕਿਵੇਂ ਆਪਣਾ ਆਦਰਸ਼ ਬਣਾਏਗੀ ? ਜਦ ਮੁਢਲੀ ਜਗਿਆਸਾ ਦੀ ਚਿੰਗਾੜੀ ਹੀ ਜੀਵਣ ਦੀਆਂ ਕਈ ਕਈ ਪਤਝੜਾਂ ਹੰਢਾ ਚੁੱਕੇ ਵੱਡਿਆਂ ਦੇ ਫਰਜ਼ ਨਿਭਾਉਣ ਦੀ ਕੁਤਾਹੀ, ਝਿੜਕਾਂ, ਵਿਤਕਰਿਆਂ ਤੇ ਅਣਗਹਿਲੀਆਂ ਨੇ ਬੁਝਾ ਦਿੱਤੀ ਤਾਂ ਫਿਰ ਪਰਉਪਕਾਰ ਦੀ ਗੁੜ੍ਹਤੀ ਕਿੱਥੋਂ ਮਿਲੇਗੀ ਜੁਆਨੀ ਦੇ ਸੁਪਨਿਆਂ ਨੂੰ ? ਕਿਵੇਂ ਸਮਝ ਆਏਗਾ ਇਸ ਅੱਲ੍ਹੜ, ਅਥਰੀ ਤੇ ਸ਼ੂਕਦੀ ਜਵਾਨੀ ਨੂੰ ਬਾਬੇ ਨਾਨਕ ਦਾ 'ਵਿਦਿਆ ਵੀਚਾਰੀ ਤਾਂ ਪਰਉਪਕਾਰੀ' ਦਾ ਸੰਦੇਸ਼, ਬਲਕਿ ਇਹ ਸੰਦੇਸ਼ ਤਾਂ ਤੋੜ ਮਰੋੜ ਕੇ ਬਣਾ ਦਿੱਤਾ ਜਾਵੇਗਾ ਵਿਦਿਆ ਵਿਚਾਰੀ'!

ਪੜ੍ਹੋ ਇਹ ਵੀ ਖਬਰ - ਅਹਿਮ ਖਬਰ : ਪਲਾਜ਼ਮਾਂ ਥੈਰੇਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ (ਵੀਡੀਓ) 

ਪੜ੍ਹੋ ਇਹੀ ਵੀ ਖਬਰ - ‘‘ਮੁਬਾਰਕ ਮਹੀਨਾ ਰਮਜ਼ਾਨ’’

ਵਿਦਿਆ ਨੂੰ ਵੀਚਾਰ ਕੇ, ਸਮਝ ਕੇ, ਆਪਾਣੇ ਗਿਆਨ ਰਾਹੀਂ ਅਮਲ ਦੇ ਨਾਲ ਨਵਾਂ ਗਿਆਨ ਸਿਰਜਦੇ ਹੋਏ, ਜੁਆਨੀ ਨੂੰ ਆਸਮਾਨੀ ਉਡਾਰੀਆਂ ਲਾਉਣ ਵਾਸਤੇ ਤਿਆਰ ਕਰਨ ਵਾਲਾ ਵਿਦਿਆ ਦਾ ਹਥਿਆਰ, ਹਥਿਆਰ ਨਹੀਂ ਰਹੇਗਾ ਸਗੋਂ ਉਹ ਵਿਦਿਆ ਤਾਂ ਬਹੁਤ ਹੀ ਗਰੀਬੜੀ ਜਿਹੀ ਵਿਚਾਰੀ ਜਿਹੀ, ਲਾਚਾਰ ਜਿਹੀ ਬਣ ਕੇ ਰਹਿ ਜਾਵੇਗੀ ਤੇ ਜੁਆਨੀ ਨੂੰ ਵੀ ਬਣਾ ਦੇਵੇਗੀ ਸਾਹ ਸਤਹੀਣ, ਨਿਤਾਣੀ, ਡਰਪੋਕ, ਖੁਦਗਰਜ ਤੇ ਬੇਬਸ ਜਿਹੀ, ਮੁਸ਼ਕਲਾਂ ਦਾ ਮੁਕਾਬਲਾ ਕਰਨ ਵਾਲੀ ਨਹੀਂ ਸਗੋਂ ਮੁਸੀਬਤਾਂ ਤੋਂ ਡਰ ਕੇ ਭੱਜਣ ਵਾਲੀ ਜਾਂ ਹੱਦ ਦਰਜੇ ਦੀ ਜ਼ਾਲਮ ! ਬਹੁਤ ਸਾਰੀਆਂ ਮਹਿੰਗੀਆਂ ਸੰਸਥਾਵਾਂ ਵਿਚ ਪੜ੍ਹ ਰਹੀ ਜੁਆਨੀ ਦਾ ਹਾਲ ਅੱਜ ਅਸੀਂ ਵੇਖ ਹੀ ਰਹੇ ਹਾਂ ਕਿ ਕੋਰੋਨਾ ਦੀ ਮਹਾਮਾਰੀ ਤੋਂ ਡਰ, ਭੈ ਭੀਤ ਹੋ ਕੇ, ਕਿਵੇਂ ਦੜ ਵੱਟ ਕੇ ਅੰਦਰ ਵੜੀ ਬੈਠੀ ਹੈ। ਇਸੇ ਜੁਆਨੀ ਦੀਆਂ ਕਈ ਹੋਰ ਢਾਣੀਆਂ, ਥੁੜਾਂ ਦਾ ਸਾਹਮਣਾ ਕਰ ਰਹੀਆਂ ਹੋਣ ਦੇ ਬਾਵਜੂਦ, ਹੱਡੀਂ ਹੰਢਾਈ ਗਰੀਬੀ ਤੇ ਮੁਸੀਬਤਾਂ ਦੇ ਪਹਾੜਾਂ ਵਿਚੋਂ ਉਠ ਕੇ, ਆਪਣੀ ਹਿੰਮਤ ਨਾਲ, ਆਪਣਾ ਰਸਤਾ ਲੱਭਣ ਲੱਗੀ ਹੋਈ, ਹਿੱਕ ਕੱਢ ਕੇ ਪੀੜਤਾਂ ਦੀ , ਦੁਖੀਆਂ ਦੀ, ਆਮ ਲੋਕਾਂ ਦੀ, ਮਦਦ ਵਾਸਤੇ ਅੱਗੇ ਆ ਰਹੀ ਹੈ। ਹਕੂਮਤੀ ਜਬਰ ਨੂੰ ਵੰਗਾਰਦੀ ਹੋਈ, ਉਸ ਜਬਰ ਦੀ ਹਕੀਕਤ ਨੂੰ ਬਾਬੇ ਨਾਨਕ ਦੀਆਂ ਨਜ਼ਰਾਂ ਅਨੁਸਾਰ ਵੇਖਦੀ ਤੇ ਪਰਖਦੀ ਹੈ ਤੇ ਸਪਸ਼ਟ ਹੋਕਾ ਦੇ ਰਹੀ ਹੈ, 'ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ! ਕੂੜੁ ਅਮਾਵਸ ਸਚੁ ਚੰਦਰਮਾ ਦੀਸੈ ਨਾਹੀ ਕਹਿ ਚੜ੍ਹਿਆ'

ਪੜ੍ਹੋ ਇਹ ਵੀ ਖਬਰ - ਨੈਫੈਡ PMGKAY ਤਹਿਤ ਕਰੀਬ 2 ਕਰੋੜ NFSA ਪਰਿਵਾਰਾਂ ਲਈ ਵੰਡੇਗਾ 5.88 ਲੱਖ ਮੀਟ੍ਰਿਕ ਟਨ ਦਾਲ਼ਾਂ

ਪੜ੍ਹੋ ਇਹ ਵੀ ਖਬਰ - ਪੱਕੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਦੇ ਅਗੇਤੇ ਪ੍ਰਬੰਧ ਜ਼ਰੂਰੀ

ਇਹੋ ਜਿਹੀ ਜੁਆਨੀ ਜੋ ਅਸੀਂ ਅੰਤਾਂ ਦੇ ਪੈਸੇ ਨਾਲ, ਮੁੱਲ ਤਾਰਨ ਦੀ ਸਮਰੱਥਾ ਅਨੁਸਾਰ, ਸਿੱਖਿਆ ਦੇ ਕੇ, ਸਰਵ ਜਨਕ ਸਿਖਿਆ ਪ੍ਰਣਾਲੀ ਦਾ ਭੋਗ ਪਾ ਕੇ , ਨਿਗੂਣੀ ਉਜਰਤ ਅਤੇ ਲੱਗੇ ਸਿਖਿਅਕਾਂ ਰਾਹੀਂ ਜਾਂ ਫਿਰ ਸਿਖਿਅਕਾਂ ਦੇ ਖੁਦ ਭਰੋਸੇਹੀਣ ਹੋਈ ਸਰਵ ਜਨਕ ਸਿਖਿਆ ਪ੍ਰਣਾਲੀ ਰਾਹੀਂ ਜੋ ਸਿਖਿਆ ਦਿੰਦੇ ਹਾਂ। ਉਹ ਸਿਖਿਆ ਸਾਡੀ ਜੁਆਨੀ ਨੂੰ ਹੰਕਾਰੀ, ਲਾਲਚੀ, ਕਰੋਧੀ, ਜ਼ਾਲਮ, ਤੰਗ ਨਜ਼ਰੀਏ ਵਾਲੇ, ਕਾਮੁਕ, ਸਵੈ ਕੇਂਦ੍ਰਿਤ, ਇਨਸਾਨੀ ਬਿਰਤੀਆਂ ਤੋਂ ਹੀਣ, ਪਸ਼ੂ ਬਿਰਤੀਆਂ ਵਿਚ ਗ੍ਰਸੀ (ਖਾਣਾ-ਪੀਣਾ, ਮਲ-ਮੂਤਰ ਤਿਆਗਣਾ, ਪਹਿਨਣਾ, ਵੱਡੇ ਆਵਾਸ, ਸਾਹ ਲੈਣਾ, ਜਿਉਣਾ-ਮਰਨਾ) ਬਣਾ ਰਹੀ ਹੈ। ਅਜਿਹੇ ਪੜ੍ਹੇ ਲਿਖਿਆਂ ਬਾਬਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਫਰਮਾਇਆ ਹੈ, 'ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅੰਹਕਾਰਾ'! ਇਹੀ ਪੜ੍ਹੇ ਲਿਖੇ ਅੱਗੇ ਜਾ ਕੇ ਸਮਾਜ ਦੇ, ਕੌਮਾਂ ਦੇ, ਦੇਸਾਂ ਦੇ ਆਗੂ ਬਣਦੇ ਹਨ ਪਰ ਆਗੂ ਬਣਨ ਵਾਸਤੇ ਨਾ ਤਾਂ ਇਨ੍ਹਾਂ ਨੇ ਕੋਈ ਘਾਲਣਾ ਘਾਲੀ ਹੁੰਦੀ ਹੈ, ਨਾ ਕੋਈ ਹਕੀਕੀ ਵਿੱਦਿਆ ਪੜ੍ਹੀ ਹੁੰਦੀ ਹੈ, ਨਾ ਹੀ ਇਨ੍ਹਾਂ ਨੂੰ ਇਨਸਾਨੀ ਬਿਰਤੀਆਂ ਦੀ ਕੋਈ ਪਾਨ ਚੜ੍ਹੀ ਹੁੰਦੀ ਹੈ, ਨਾ ਇਨ੍ਹਾਂ ਵਿਚ ਜੁਆਨੀ ਦੀ ਸਿਖਿਆ ਵੇਲੇ ਖੋਜੀ ਬਿਰਤੀ ਦੇ ਵਿਕਾਸ ਦੇ ਬੀਜ ਬੀਜੇ ਜਾਂਦੇ ਹਨ। ਜਿਸ ਕਰਕੇ ਇਹ ਲੋਕ ਸਮਾਜ ਨੂੰ ਚਲਾਉਣ ਦੇ ਵੱਖ-ਵੱਖ ਸ਼ੋਭਿਆਂ ਵਿਚ ਬਿਰਾਜਮਾਨ ਹੋ ਕੇ ਪੋਸਟਰ ਵਿਅਕਤੀ ਬਣ ਕੇ ਰਹਿ ਜਾਂਦੇ ਹਨ। ਆਜ਼ਾਦ ਤੇ ਵਿਸ਼ਾਲ ਸੋਚ ਦੇ ਮਾਲਕ ਨਹੀਂ ਹੁੰਦੇ, ਖੁੱਲ੍ਹ ਦਿਲੇ ਨਹੀਂ ਹੁੰਦੇ, ਮਾਨਸਿਕ ਤੌਰ 'ਤੇ ਕਮਜ਼ੋਰ ਹੁੰਦੇ ਹਨ। ਮੁਸੀਬਤਾਂ ਦਾ ਟਾਕਰਾ ਕਰਨ ਦੀ ਥਾਂ ਦੂਜਿਆਂ ਨੂੰ ਦੋਸ਼ ਦੇਣ ਵਾਲੇ ਅਤੇ ਝਗੜਾਲੂ ਬਿਰਤੀ ਵਾਲੇ ਹੋ ਕੇ ਹਰ ਨਿੱਕੀ ਮੋਟੀ ਗੱਲ ’ਤੇ ਲਾਲ ਪੀਲੇ ਹੋ ਜਾਂਦੇ ਹਨ। ਤਾਕਤ ਦੀ ਦੁਰਵਰਤੋਂ ਤੋਂ ਉਨ੍ਹਾਂ ਨੂੰ ਕੋਈ ਝਿਜਕ ਨਹੀਂ ਰਹਿੰਦੀ, ਜਮਹੂਰੀਅਤ ਅਤੇ ਰਾਇਆਮਾ। ਉਨ੍ਹਾਂ ਵਾਸਤੇ ਕੋਈ ਮਹੱਤਤਾ ਨਹੀਂ ਰਖਦੀ, ਵਿਰੋਧੀ ਵਿਚਾਰ ਸੁਣਨ ਦੀ ਉਨ੍ਹਾਂ ਵਿਚ ਸਮਰੱਥਾ ਨਹੀਂ ਹੁੰਦੀ, ਨੁਕਤਾ ਚੀਨੀ ਨੂੰ ਉਹ ਸਫਲਤਾ ਹਾਸਲ ਕਰਨ ਵਾਸਤੇ ਇਕ ਜਰੂਰੀ ਤੇ ਕਾਰਗਰ ਹਥਿਆਰ ਸਮਝਣ ਦੀ ਥਾਂ ਆਪਣੇ ਕੰਮ ਵਿਚ ਅੜਿਕਾ ਸਮਝਦੇ ਹਨ। ਮੀਡੀਆ ਦੇ, ਫੋਟੋਆਂ ਖਿਚਾਉਣ ਦੇ, ਲੋਕਾਂ ਵਿਚ ਸ਼ੇਖੀ ਮਾਰਨ ਦੇ, ਖੁਸ਼ਾਮਦ ਦੇ, ਉਹ ਗੁਲਾਮ ਹੁੰਦੇ ਹਨ ਤੇ ਕੌਮਾਂ ਅਤੇ ਦੇਸਾਂ ਨੂੰ ਡੁਬੋਣ ਦਾ ਸਾਧਨ ਬਣ ਜਾਂਦੇ ਹਨ। ਇਨ੍ਹਾਂ ਬਾਬਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਿਹਾ ਹੈ, ਆਪਿ ਨ ਬੂਝਾ ਲੋਕ ਬੁਝਾਈ ਐਸਾ ਆਗੂ ਹੋਵਾਂ, ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ, ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ!

ਅੱਜ ਸਾਡੇ ਪੰਜਾਬ ਵਿਚ 12 ਤੋਂ 19 ਸਾਲ ਦੇ ਗਭਰੇਟ ਯੁਵਕ ਤੇ ਯੁਵਤੀਆਂ 48,93,272 ਹਨ। ਇਹੀ ਜੁਆਨੀ ਹੈ, ਜਿਹੜੀ ਸਕੂਲਾਂ ਵਿਚ ਪੜ੍ਹਦੀ ਹੈ ਜਾਂ ਫਿਰ ਇਸ ਵਿਚੋਂ 15% ਦੇ ਕਰੀਬ ਕਾਲਜਾਂ, ਯੂਨੀਵਰਸਿਟੀਆਂ, ਕਿੱਤਾ ਮੁਖੀ ਸੰਸਥਾਵਾਂ ਦੀ ਦਲਹੀਜ 'ਤੇ ਪੈਰ ਰੱਖਣ ਵਾਲੀ ਹੈ ਤੇ ਬਾਕੀ ਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਧੰਦਾ ਲੱਭਣ ਲੱਗ ਜਾਂਦੀ ਹੈ। ਇਸ ਗਭਰੇਟ ਜੁਆਨੀ ਨੂੰ ਸਹੀ ਸਿਖਿਆ ਨਾ ਮਿਲੀ ਹੋਣ ਕਰਕੇ ਇਹ 'ਅੱਕਣਾ ਨਹੀਂ, ਥੱਕਣਾ ਨਹੀਂ ਤੇ ਜੱਕਣਾ ਨਹੀਂ' ਦੇ ਸਿਧਾਂਤ ਦਾ ਧਾਰਨੀ ਹੋਣ ਦੀ ਥਾਂ ਨਿਰਾਸਤਾ ਦੇ ਆਲਮ ਵਿਚ ਆਪਣੇ ਆਪ ਨੂੰ ਸਾਹਸਤਹੀਣ ਸਮਝਦੀ ਹੈ। ਇਸ ਘੋਰ ਨਿਰਾਸਤਾ ਵਿਚੋਂ ਦਿਸ਼ਾਹੀਣ ਹੋਈ ਸਾਡੀ ਜੁਆਨੀ ਨਸ਼ਿਆਂ ਵਿਚ ਗਲਤਾਨ ਹੋ ਰਹੀ ਹੈ, ਬਹੁਤ ਤੀਖਣ ਬੁੱਧੀ ਬੱਚੇ ਬਦਮਾਸ਼ ਬਣ ਰਹੇ ਹਨ। ਜ਼ੁਰਮਾ ਦੀ ਦੁਨੀਆ ਦੇ ਪਾਂਧੀ ਬਣ ਰਹੇ ਹਨ, ਨਸ਼ਿਆਂ ਦੀ ਓਵਰ ਡੋਜ਼ ਨਾਲ ਮਰ ਰਹੇ ਹਨ, ਖੁਦਕੁਸ਼ੀਆਂ ਦੇ ਰਾਹ ਵੀ ਪੈਣ ਲੱਗ ਗਏ ਹਨ, ਬਦੇਸਾਂ ਨੂੰ ਉਡਾਰੀ ਮਾਰਨ ਵਾਸਤੇ ਸਭ ਕੁਝ ਵੇਚ ਵੱਟ ਕੇ ਜਾਨ ਜੋਖਮ ਵਿੱਚ ਪਾ ਕੇ ਮਾਲਟਾ ਕਿਸ਼ਤੀ ਵਰਗੀਆਂ ਦੁਰਘਟਨਾਵਾਂ ਰਾਹੀਂ ਮੌਤ ਨੂੰ ਸੱਦਾ ਦੇਣ ਲਈ ਮਜਬੂਰ ਹੋ ਰਹੇ ਹਨ। ਸਰਕਾਰੀ ਨੌਕਰੀਆਂ ਵਾਸਤੇ ਟੈਂਕੀਆਂ 'ਤੇ ਚੜ੍ਹ ਰਹੇ ਹਨ, ਕਈ ਉਨ੍ਹਾਂ ਹੀ ਸ਼ਕਤੀਆਂ ਕੋਲੋਂ ਰੁਜ਼ਗਾਰ ਦੇ ਲਾਇਕ ਨਾ ਹੋਣ ਦੇ ਫਤਵੇ ਦਾ ਸੱਲ ਝੱਲ ਰਹੇ ਹਨ, ਜਿਨ੍ਹਾਂ ਸ਼ਕਤੀਆਂ ਨੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹੁੰਦੇ ਹੋਏ ਇਨ੍ਹਾਂ ਗਭਰੇਟਾਂ ਨੂੰ ਸਹੀ ਸਿਖਿਆ ਦੇਣ ਦੀ ਥਾਂ ਇਨ੍ਹਾਂ ਦੀ ਸਰੂ ਵਰਗੀ ਸੁਨਹਿਰੀ ਜੁਆਨੀ ਨੂੰ ਰੋਲ ਕੇ ਰੱਖ ਦਿੱਤਾ ਅਤੇ ਇਨ੍ਹਾਂ ਨੂੰ ਕੱਖੋਂ ਹੌਲਾ ਕਰ ਦਿੱਤਾ। ਇਨ੍ਹਾਂ ਨੂੰ ਫਿਰਕੂ ਜ਼ਹਿਰ ਨਾਲ ਭਰ ਭੀੜ ਤੰਤਰ ਬਣਾ ਕੇ ਤਰ੍ਹਾਂ-ਤਰ੍ਹਾਂ ਦੇ ਗੈਰ ਵਿਗਿਆਨਿਕ ਹੱਲ ਲੱਭਣ ਵੱਲ ਲਗਾ ਦਿੱਤਾ, ਆਪਣੀਆਂ ਸਮੱਸਿਆਵਾਂ ਦਾ ਵਿਗਿਆਨਿਕ ਵਿਧੀ ਨਾਲ ਸਾਡੀ ਸਮਾਜਿਕ, ਆਰਥਕ, ਪ੍ਰਸ਼ਾਸ਼ਨਿਕ ਤੇ ਸਿਆਸੀ ਸਥਿਤੀ ਰਾਹੀਂ ਉਸਰੇ ਕਾਰਪੋਰੇਟ ਮਾਡਲ ਦੇ ਤੌਰ ਤਰੀਕਿਆਂ ਵਿਚ, ਕਾਰਨ ਲੱਭਣ ਦੀ ਥਾਂ ਕਿਸੇ ਵਿਸ਼ੇਸ਼ ਜਾਤ, ਧਰਮ, ਫਿਰਕੇ ਜਾਂ ਪ੍ਰਵਾਸੀਆਂ ਵਿੱਚੋਂ ਲੱਭਣ ਲਾ ਦਿੱਤਾ ! ਗੱਲ ਕੀ ਗਿਆਨ ਦੀ ਮੁਜਰਮਾਨਾ ਕੁਤਾਹੀ ਨਾਲ ਪੈਦਾ ਕੀਤੀ ਘਾਟ ਨੇ ਤੇ ਰਾਜ ਸ਼ਕਤੀ ਵਿਚ ਪਰਿਵਾਰਵਾਦ ਦੇ ਸੱਪ ਨੇ ਇਨ੍ਹਾਂ ਨੂੰ ਡੰਗ ਲਿਆ ਹੈ 'ਤੇ ਇਕ ਬੰਦ ਗਲੀ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ ! ਇਹ ਭੁੱਲ ਗਏ ਨੇ ਕੰਮੀਆਂ ਦੇ ਵਿਹੜੇ ਸੂਰਜ ਮਘਦਾ ਰਹਿਣ ਦੀ ਹੇਕ ਨੂੰ , ਇਹ ਭੁੱਲ ਬੈਠੇ ਨੇ ਬੇਗਮਪੁਰੇ ਨੂੰ , ਇਹ ਭੁੱਲ ਬੈਠੇ ਨੇ ਕੌਣ ਭਲੇ ਕੌਣ ਮੰਦੇ ਨੂੰ, ਇਹ ਢਿੱਗੀ ਢਾਹ ਬੈਠੇ ਨੇ, ਜੇਰਾ ਇਨ੍ਹਾਂ ਦਾ ਸਾਥ ਛੱਡ ਗਿਆ ਵੇਖ ਕੇ ਹਰ ਮੋੜ ਤੇ ਸਲੀਬਾਂ ਤੇ ਹਰ ਪੈਰ 'ਤੇ ਹਨੇਰਾ ! ਇਸ ਸਾਰੀ ਸਥਿਤੀ ਨੂੰ ਅਸੀਂ ਬਿਆਨ ਕਰ ਸਕਦੇ ਹਾਂ ਜਦ ਅਸੀਂ ਇਹ ਸਮਝ ਜਾਈਏ ਕਿ ਸਾਡੀ ਜੁਆਨੀ ਨੂੰ ਰਾਹ ਦੱਸਣ ਵਾਲਾ , ਇਸਦੇ ਗਿਆਨ ਦੀ ਪੁੰਗਰਦੀ ਲਗਰਾਂ ਪਕੜਦੀ ਫਸਲ ਨੂੰ ਮਿੱਠੇ ਜਲ ਨਾਲ ਸਿੰਜਣ ਵਾਲਾ ਵਿਦਿਆ ਦਾ ਸੋਮਾਂ ਹੀ ਗੰਧਲਾ ਕਰ ਦਿੱਤਾ ਜਾ ਰਿਹਾ ਹੈ !

ਪਰ ਇਸ ਸੱਭ ਕੁੱਝ ਦੇ ਬਾਵਜੂਦ ਸਾਡੇ ਇਨ੍ਹਾਂ ਗਭਰੇਟ ਯੁਵਕ ਤੇ ਯੁਵਤੀਆਂ ਵਿੱਚੋਂ ਜੋ ਸਾਡੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹਨ ਜਾਂ ਸਿਖਲਾਈ ਲੈ ਰਹੇ ਹਨ , ਕਈ ਸਾਰੇ ਗਭਰੁ ਤੇ ਮੁਟਿਆਰਾਂ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਸਤੇ ਆਪਾ ਵਾਰਣ ਲਈ ਤਿਆਰ ਹਨ ਤੇ ਅੱਗੇ ਆ ਰਹੇ ਹਨ ਸਮਾਜ ਸੇਵਾ ਵਾਸਤੇ, ਦੁਖੀਆਂ ਤੇ ਨਿਤਾਣਿਆਂ ਦੀ ਬਾਂਹ ਫੜਣ ਵਾਸਤੇ , ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਸਤੇ , ਜਾਤ-ਪਾਤ ਤੇ ਫਿਰਕਾ ਪ੍ਰਸਤੀ ਤੋਂ ਉਪਰ ਉੱਠ ਕੇ,  ਭਾਈ ਭਤੀਜਾਵਾਦ ਤੋਂ ਉਪਰ ਉੱਠ ਕੇ, ਇਹ ਹਰ ਮੁਸੀਬਤ ਵਿੱਚ, ਹਰ ਬੇਇਨਸਾਫੀ ਦੇ ਸਾਹਮਣੇ, ਛਾਤੀ ਤਾਣ ਕੇ ਖੜੇ ਹੋ ਜਾਂਦੇ ਹਨ ਤੇ ਕਹਿੰਦੇ ਹਨ 'ਅਸੀਂ ਹਾਂ ਨਵੇਂ ਇਨਸਾਨ , ਅਸੀਂ ਚਲਾਂਗੇ ਸੀਨਾ ਤਾਣ'! ਉਹ ਹੁਕਮਰਾਨਾਂ ਦੇ ਜ਼ੁਲਮਾਂ ਬਾਬਤ ਬਾਬੇ ਨਾਨਕ ਦਾ ਹੁਕਮ 'ਰਾਜੇ ਸੀਹ ਮੁਕਦਮ ਕੁਤੇ , ਜਾਇ ਜਗਾਇਨਿ ਬੈਠੇ ਸੁਤੇ' ਸੁਣਾਉਣ ਦਾ ਜੇਰਾ ਰੱਖਦੇ ਹਨ, ਇੱਕ ਸੁਨਹਿਰੀ ਸਮਾਜ ਨੂੰ ਸਿਰਜਨ ਦਾ ਸੁਪਨਾ ਸੰਜੋਅ ਰਹੇ ਹਨ ! ਉਮੀਦ ਹੈ ਸਾਡੀ ਇਹ ਨੌਜੁਆਨ ਪੀੜ੍ਹੀ ਹੁਣ ਅੱਖਰਾਂ ਦੀ ਤੇ ਗਿਆਨ ਦੀ ਨਵੀਂ ਸੰਜੋਅ ਪਹਿਣ ਕੇ ਮੁੜ ਸੁਖਣ ਸੁਪਨੇ ਲੈਣ ਦੇ ਲਈ ਤੇ ਸੁਪਨੇ ਸਾਕਾਰ ਕਰਨ ਦੇ ਲਈ, ਅੰਬਰਾਂ ਨੂੰ ਉਡਾਰੀ ਮਾਰਨ ਵਾਸਤੇ ਤਿਆਰ ਬਰ ਤਿਆਰ ਹੋ ਰਹੀ ਹੈ ! ਸਾਡੀ ਜੁਆਨੀ ਹੁਣ ਵਿਦਿਅਕ ਅਦਾਰਿਆਂ ਦੀ ਨੁਹਰ ਬਦਲਦੇ ਹੋਏ ਆਪਣੇ ਬਲ ਬੂਤੇ ਅਤੇ ਸਵੈ ਅਧਿਅਨ ਦੇ ਜ਼ਰੀਏ ਗਿਆਨ ਦੀ ਅਵਸਥਾ ਵੱਲ ਨੂੰ ਪੁਲਾਂਘਾਂ ਪੁੱਟੇਗੀ ਅਤੇ 'ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ਤਸਕਰ ਪੰਚ ਸਬਦਿ ਸੰਘਾਰੇ !! ਗਿਆਨ ਖੜਗੁ ਲੈ ਮਨਿ ਸਿਉ ਲੂਝੈ  ਮਨਸਾ ਮਨਹਿ ਸਮਾਈ ਹੇ !!', ਵਾਲੀ ਅਵਸਥਾ ਨੂੰ ਪਹੁੰਚੇਗੀ ਤਾ ਕਿ ਆਪਣੇ ਜਿੰਮੇ ਲੱਗੀ ਸੁਨਹਿਰੀ ਸੁਪਨਿਆਂ ਵਾਲਾ ਸੋਹਣਾ ਸਮਾਜ ਸਿਰਜਣ ਦੀ ਇਤਿਹਾਸਕ ਜਿੰਮੇਵਾਰੀ ਨੂੰ ਸਫਲਤਾ ਤੇ ਸਟੀਕਤਾ ਨਾਲ ਨਿਭਾ ਸਕੇ !   

rajwinder kaur

This news is Content Editor rajwinder kaur