ਰੋਮਾਂਚ ਨਾਲ ਭਰਪੂਰ ਹੈ ਵਾਈਲਡ-ਲਾਈਫ ਫੋਟੋਗ੍ਰਾਫੀ

03/05/2018 7:33:47 AM

ਵਾਈਲਡ-ਲਾਈਫ ਫੋਟੋਗ੍ਰਾਫੀ ਅਜਿਹਾ ਫੀਲਡ ਹੈ, ਜਿਥੇ ਸੰਘਣੇ ਜੰਗਲਾਂ ਦਰਮਿਆਨ ਜੰਗਲੀ ਜੀਵਾਂ ਨੂੰ ਆਪਣੇ ਕੈਮਰਿਆਂ 'ਚ ਕੈਦ ਕਰਨਾ ਪੈਂਦਾ ਹੈ। ਨੈਸ਼ਨਲ ਜਿਓਗ੍ਰਾਫਿਕ ਜਾਂ ਡਿਸਕਵਰੀ 'ਤੇ ਦਿਸਣ ਵਾਲੀ ਫੋਟੋਗ੍ਰਾਫੀ ਵਾਈਲਡ -ਲਾਈਫ ਫੋਟੋਗ੍ਰਾਫੀ ਹੀ ਹੈ।
ਸੰਭਾਵਨਾਵਾਂ : ਵਾਈਲਡ-ਲਾਈਫ ਅਤੇ ਨੇਚਰ ਮੈਗਜ਼ੀਨਾਂ 'ਚ ਵਾਈਲਡ-ਲਾਈਫ ਫੋਟੋਗ੍ਰਾਫਰਜ਼ ਦੀ ਮੰਗ ਹਮੇਸ਼ਾ ਰਹਿੰਦੀ ਹੈ। ਇਸ ਤੋਂ ਇਲਾਵਾ ਜੰਗਲੀ ਜੀਵਾਂ 'ਤੇ ਕੰਮ ਕਰਨ ਵਾਲੇ ਕਈ ਇੰਸਟੀਚਿਊਟਸ ਵੀ ਵਾਈਲਡ ਲਾਈਫ ਫੋਟੋਗ੍ਰਾਫਰਜ਼ ਨੂੰ ਹਾਇਰ ਕਰਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਪ੍ਰਕਾਸ਼ਨਾਂ, ਜਿਵੇਂ ਟ੍ਰੈਵਲ ਮੈਗਜ਼ੀਨ, ਨਿਊਜ਼ ਪੇਪਰ ਜਾਂ ਫਿਰ ਵਾਈਲਡ-ਲਾਈਫ ਐੱਨ. ਜੀ. ਓ. ਦੇ ਨਾਲ ਜੌਬ ਕਰ ਸਕਦੇ ਹੋ। ਤੁਸੀਂ ਆਪਣੇ ਕੰਮ ਨੂੰ ਵੈੱਬਸਾਈਟ, ਆਰਟ ਗੈਲਰੀ, ਸੋਸ਼ਲ ਮੀਡੀਆ ਰਾਹੀਂ ਫੈਲਾਉਣ ਤੋਂ ਇਲਾਵਾ ਮਾਰਕੀਟ 'ਚ ਫੋਟੋਗ੍ਰਾਫਜ਼ ਸੇਲ ਵੀ ਕਰ ਸਕਦੇ ਹੋ।
ਯੋਗਤਾ : ਫੋਟੋਗ੍ਰਾਫੀ 'ਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਮੁਕਾਬਲੇ ਦੀ ਇਸ ਦੁਨੀਆ 'ਚ ਕਿਸੇ ਚੰਗੇ ਅਤੇ ਮੰਨੇ-ਪ੍ਰਮੰਨੇ ਇੰਸਟੀਚਿਊਟ ਤੋਂ ਫੋਟੋਗ੍ਰਾਫੀ ਨਾਲ ਸਬੰਧਤ ਕੋਰਸ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਅਜਿਹੇ ਇੰਸਟੀਚਿਊਟਸ ਤੋਂ ਫੋਟੋਗ੍ਰਾਫੀ ਦੇ ਸਬੰਧ 'ਚ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਫੋਟੋਗ੍ਰਾਫੀ 'ਚ ਕੋਰਸ ਕਰਨ ਲਈ 12ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ  ਤੁਸੀਂ ਫੋਟੋਗ੍ਰਾਫੀ 'ਚ ਸਾਰੇ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਕਰ ਸਕਦੇ ਹੋ। ਫੋਟੋਗ੍ਰਾਫੀ ਕਰਨ ਲਈ ਤੁਸੀਂ ਕਿਸੇ ਵੀ ਸਟ੍ਰੀਮ ਤੋਂ ਹੋਵੋ, ਤੁਹਾਨੂੰ ਐਂਟ੍ਰੈਂਸ ਐਗਜ਼ਾਮ ਦੇਣਾ ਪੈਂਦਾ ਹੈ। ਬਦਲਦੇ ਤਕਨੀਕੀ ਮਾਹੌਲ 'ਚ ਕੰਪਿਊਟਰ ਦੀ ਜਾਣਕਾਰੀ ਵੀ ਬਹੁਤ ਜ਼ਰੂਰੀ ਹੈ।
ਸਪੈਸ਼ਲਾਈਜ਼ੇਸ਼ਨ ਕਰੋ
ਫੋਟੋਗ੍ਰਾਫੀ ਦਾ ਖੇਤਰ ਬਹੁਤ ਵਿਸ਼ਾਲ ਹੈ, ਇਸ ਲਈ ਤੁਹਾਨੂੰ ਕਿਸੇ ਖਾਸ ਖੇਤਰ 'ਚ ਸਪੈਸ਼ਲਾਈਜ਼ੇਸ਼ਨ ਵੀ ਕਰਨਾ ਹੋਵੇਗਾ, ਇਸ ਦੇ ਲਈ ਉਸ ਖੇਤਰ ਨਾਲ ਸਬੰਧਤ ਕੋਰਸ ਹੀ ਕਰੋ। ਵਾਈਲਡ-ਲਾਈਫ ਫੋਟੋਗ੍ਰਾਫੀ ਤੋਂ ਇਲਾਵਾ ਵੀ ਫੋਟੋਗ੍ਰਾਫੀ ਦੇ ਵੱਖ-ਵੱਖ ਖੇਤਰ ਹਨ। ਇਨ੍ਹਾਂ ਸਾਰਿਆਂ ਦੀ ਜਾਣਕਾਰੀ ਇਥੇ ਦਿੱਤੀ ਜਾ ਰਹੀ ਹੈ।
ਵਾਈਲਡ-ਲਾਈਫ ਫੋਟੋਗ੍ਰਾਫੀ : ਜੇਕਰ ਤੁਹਾਨੂੰ ਜੰਗਲ ਅਤੇ ਜੰਗਲੀ ਜੀਵਾਂ ਨਾਲ ਮੋਹ ਹੈ ਅਤੇ ਤੁਹਾਨੂੰ ਜੰਗਲਾਂ 'ਚ ਸਮਾਂ ਬਿਤਾਉਣਾ ਵੀ ਪਸੰਦ ਹੈ ਤਾਂ ਵਾਈਲਡ-ਲਾਈਫ ਫੋਟੋਗ੍ਰਾਫੀ 'ਚ ਕਰੀਅਰ ਦੀ ਚੋਣ ਤੁਹਾਡੇ ਲਈ ਸਹੀ ਸਿੱਧ ਹੋਵੇਗੀ ਅਤੇ ਤੁਸੀਂ ਇਸ ਖੇਤਰ 'ਚ ਸ਼ਾਨਦਾਰ ਕਰੀਅਰ ਬਣਾ ਸਕਦੇ ਹੋ। ਇਹ ਫੀਲਡ ਰੋਮਾਂਚ ਨਾਲ ਭਰਪੂਰ ਹੈ ਪਰ ਕਈ ਵਾਰ ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਫੋਟੋਗ੍ਰਾਫੀ ਇਕ ਕਲਾ ਹੈ, ਜਿਸ ਵਿਚ ਵਿਜ਼ੁਅਲ ਕਮਾਂਡ ਦੇ ਨਾਲ-ਨਾਲ ਤਕਨੀਕੀ ਜਾਣਕਾਰੀ ਵੀ ਜ਼ਰੂਰੀ ਹੈ। ਜੇਕਰ ਤੁਸੀਂ ਫੋਟੋਗ੍ਰਾਫੀ ਦਾ ਸ਼ੌਕ ਰੱਖਦੇ ਹੋ ਅਤੇ ਆਪਣੇ ਇਸ ਸ਼ੌਕ 'ਚ ਪ੍ਰੋਫੈਸ਼ਨਲ ਫੋਟੋਗ੍ਰਾਫਰ ਵਰਗਾ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਵਾਈਲਡ-ਲਾਈਫ ਫੋਟੋਗ੍ਰਾਫੀ ਦੇ ਖੇਤਰ 'ਚ ਕਰੀਅਰ ਬਣਾਉਣਾ ਤੁਹਾਡੇ ਲਈ ਇਕ ਵੱਖਰਾ ਬਦਲ ਹੈ।
ਫੋਟੋ ਜਰਨਲਿਜ਼ਮ : ਇਸ ਵਿਚ ਅਖਬਾਰਾਂ-ਮੈਗਜ਼ੀਨਾਂ ਤੋਂ ਲੈ ਕੇ ਨਿਊਜ਼ ਏਜੰਸੀਆਂ ਲਈ ਕੰਮ ਕੀਤਾ ਜਾਂਦਾ ਹੈ। ਮੀਡੀਆ 'ਚ ਫੋਟੋ ਜਰਨਲਿਜ਼ਮ ਦੀ ਕਦਰ ਦਿਨ-ਬ-ਦਿਨ ਵਧਦੀ ਜਾ ਰਹੀ ਹੈ
ਸਟੂਡੀਓ ਫੋਟੋਗ੍ਰਾਫੀ : ਇਸ 'ਚ ਸਟੂਡੀਓ ਵਰਕ ਸ਼ਾਮਲ ਹੁੰਦਾ ਹੈ। ਇਥੇ ਪੋਰਟ੍ਰੇਟ ਖਿੱਚਣ ਤੋਂ ਇਲਾਵਾ ਵਿਆਹ-ਸ਼ਾਦੀ ਆਦਿ ਪ੍ਰੋਗਰਾਮਾਂ ਅਤੇ ਬਰਥ-ਡੇ ਜਾਂ ਹੋਰ ਪਾਰਟੀਆਂ ਆਦਿ ਦੀਆਂ ਤਸਵੀਰਾਂ ਨਾਲ ਜੁੜਿਆ ਕੰਮ ਮਿਲਦਾ ਹੈ।
ਫੈਸ਼ਨ ਫੋਟੋਗ੍ਰਾਫੀ : ਇਸ ਤਰ੍ਹਾਂ ਦੀ ਫੋਟੋਗ੍ਰਾਫੀ 'ਚ ਫੋਟੋਗ੍ਰਾਫਰਾਂ ਦੀ ਜ਼ਬਰਦਸਤ ਮੰਗ ਹੈ, ਫੈਸ਼ਨ ਫੋਟੋਗ੍ਰਾਫੀ ਦੁਨੀਆ ਦੇ ਸਭ ਤੋਂ ਗਲੈਮਰਸ ਕਰੀਅਰ 'ਚੋਂ ਇਕ ਹੈ, ਨਾਲ ਹੀ ਕ੍ਰਿਏਟਿਵ ਲੋਕ ਛੇਤੀ ਹੀ ਪ੍ਰਮੋਸ਼ਨ ਵੀ ਹਾਸਲ ਕਰ ਸਕਦੇ ਹਨ। ਫੈਸ਼ਨ ਫੋਟੋਗ੍ਰਾਫਰਾਂ ਨੇ ਫੈਸ਼ਨ ਐਕਸਪਰਟ ਮੁਤਾਬਕ ਫੋਟੋ ਖੱਚਣੀ ਹੁੰਦੀ ਹੈ। ਦਿੱਲੀ ਤੇ ਮੁੰਬਈ 'ਚ ਇਹ ਖੇਤਰ ਜ਼ਿਆਦਾ ਵਿਕਸਿਤ ਹੋ ਰਿਹਾ ਹੈ।
ਫੀਚਰ ਫੋਟੋਗ੍ਰਾਫੀ : ਕਿਸੇ ਕਹਾਣੀ ਨੂੰ ਤਸਵੀਰਾਂ ਰਾਹੀਂ ਪ੍ਰਦਰਸ਼ਿਤ ਕਰਨਾ ਫੀਚਰ ਫੋਟੋਗ੍ਰਾਫੀ ਹੈ। ਇਸ ਵਿਚ ਤਸਵੀਰ ਦੇ ਆਧਾਰ 'ਤੇ ਹੀ ਸਟੋਰੀ ਦਾ ਨਿਰਮਾਣ ਹੁੰਦਾ ਹੈ। ਇਸ ਅਧੀਨ ਸਪੋਰਟਸ, ਸਿੱਖਿਆ, ਸੈਲਾਨੀ, ਜੰਗਲੀ ਜੀਵਨ, ਫੂਡ, ਮਨੋਰੰਜਨ ਆਦਿ ਖੇਤਰ ਆਉਂਦੇ ਹਨ। ਇਸ ਵਿਚ ਫੋਟੋਗ੍ਰਾਫਰ ਨੂੰ ਕਦੇ-ਕਦੇ ਇਕ ਰਿਪੋਰਟ ਦੀ ਭੂਮਿਕਾ 'ਚ ਵੀ ਕੰਮ ਕਰਨਾ ਪੈਂਦਾ ਹੈ।
ਫ੍ਰੀ-ਲਾਂਸ ਫੋਟੋਗ੍ਰਾਫੀ : ਜ਼ਿਆਦਾਤਰ ਫੋਟੋਗ੍ਰਾਫਰਜ਼ ਦੀ ਪਸੰਦ ਫ੍ਰੀ-ਲਾਂਸ ਫੋਟੋਗ੍ਰਾਫੀ ਹੀ ਹੈ। ਜੇਕਰ ਕਿਸੇ ਫੋਟੋਗ੍ਰਾਫਰ 'ਚ ਚੰਗੀ ਕਾਰੋਬਾਰੀ ਸਮਝ, ਬਿਹਤਰ ਗੱਲਬਾਤ ਕਰਨ ਦੀ ਸਮਰੱਥਾ ਅਤੇ ਜ਼ਿੰਮੇਵਾਰੀਆਂ ਨੂੰ ਚੁੱਕਣ ਦੀ ਕਾਬਲੀਅਤ ਹੈ ਤਾਂ ਉਸ ਲਈ ਇਹ ਇਕ ਸੁਨਹਿਰੀ ਖੇਤਰ ਹੈ। ਇਸ ਵਿਚ ਆਪਣੀ ਦਿਲਚਸਪੀ ਅਨੁਸਾਰ ਵੱਖ-ਵੱਖ ਖੇਤਰਾਂ 'ਚ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ।
ਕਮਰਸ਼ੀਅਲ ਫੋਟੋਗ੍ਰਾਫੀ : ਕਮਰਸ਼ੀਅਲ ਫੋਟੋਗ੍ਰਾਫੀ 'ਚ ਫੋਟੋਗ੍ਰਾਫਰ ਨੂੰ ਕਈ ਤਰ੍ਹਾਂ ਦੇ ਕੈਮਰਿਆਂ 'ਤੇ ਹੱਥ ਅਜ਼ਮਾਉਣਾ ਪੈਂਦਾ ਹੈ। ਇਸ ਦੇ ਪ੍ਰਮੁੱਖ ਖੇਤਰਾਂ 'ਚ ਮਰਚੇਂਡਾਈਜ਼ਿੰਗ, ਇੰਟੀਰੀਅਰਸ ਹੁੰਦੇ ਹਨ। ਇਹ ਫੋਟੋਗ੍ਰਾਫੀ ਇਨਡੋਰ ਅਤੇ ਆਊਟਡੋਰ ਦੋਵੇਂ ਰੂਪ 'ਚ ਹੁੰਦੀ ਹੈ। ਮੁੱਖ ਤੌਰ 'ਤੇ ਕੰਪਨੀ ਦੇ ਬ੍ਰੋਸ਼ਰ, ਸਾਲਾਨਾ ਰਿਪੋਰਟ, ਵਿਗਿਆਪਨ ਤੇ ਵਿਕਰੀ ਲਈ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ।
—ਡਾ. ਰੂਪਕ ਵਸ਼ਿਸ਼ਠ