ਦੁਨੀਆਂ ਦੇ ਸਭ ਤੋਂ ਖਤਰਨਾਕ ਹਵਾਈ ਅੱਡੇ

02/06/2017 11:54:33 AM

ਮੁੰਬਈ— ਹਵਾਈ ਜਹਾਜ਼ਾਂ ਦੀ ਖੋਜ ਨੇ ਇਨਸਾਨ ਲਈ ਦੁਨੀਆਂ ਬਹੁਤ ਛੋਟੀ ਬਣਾ ਦਿੱਤੀ ਹੈ। ਮੁਸਾਫਿਰ ਹਵਾਈ ਜਹਾਜ਼ਾਂ ਦੀ ਉਡਾਨ ਭਰਨ ਲਈ ਲੰਬੇ-ਲੰਬੇ ਹਵਾਈ ਅੱਡਿਆਂ ਦੀ ਲੋੜ ਪੈਂਦੀ ਹੈ ਪਰ ਦੁਨੀਆਂ ''ਚ ਕਈ ਅਜਿਹੇ ਸਥਾਨ ਹਨ ਜਿਥੇ ਪੂਰੀ ਲੰਬਾਈ ਵਾਲੇ ਅਤੇ ਸੁਰੱਖਿਅਤ ਹਵਾਈ ਅੱਡੇ ਬਣਾਉਣਾ ਸੰਭਵ ਨਹੀਂ ਹੈ। ਸੰਸਾਰ ਦੇ ਕੁਝ ਸਭ ਤੋਂ ਖਤਰਨਾਕ ਹਵਾਈ ਅੱਡੇ ਵੀ ਹਨ ਜਿਥੇ ਉਡਾਨ ਭਰਨਾ ਜਾਂ ਉਤਰਨਾ ਖਤਰੇ ਤੋਂ ਖਾਲੀ ਨਹੀਂ ਹੈ। ਕਿਤੇ ਉਡਾਨ ਪੱਟੀ ਬਹੁਤ ਹੀ ਛੋਟੀ ਹੈ ਤਾਂ ਕਿਤੇ ਬਹੁਤ ਖਤਰਨਾਕ ਢਲਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਹਵਾਈ ਅੱਡਿਆਂ ਦੇ ਬਾਰੇ।
1. ਪ੍ਰਿੰਸੇਸ ਜੂਲੀਆਨਾ ਏਅਰਪੋਰਟ (ਸੇਂਟ ਮਾਰਟਿਨ)
ਕੈਰੇਬੀਆਈ ਟਾਪੂ ਸੇਂਟ ਮਾਰਟਿਨ ''ਤੇ ਸਥਿਤ ਪ੍ਰਿੰਸੇਸ ਜੂਲੀਆਨਾ ਏਅਰਪੋਰਟ ਆਪਣੀਆਂ ਸਨਸਨੀਖੇਸ਼ ਤਸਵੀਰਾਂ ਲਈ ਮਸ਼ਹੂਰ ਹੈ। ਸਮੁੰਦਰੀ ਬੀਚ ਅਤੇ ਸੜਕਾਂ ਤੋਂ ਕੁਝ ਹੀ ਮੀਟਰ ਦੀ ਉਚਾਈ ''ਤੇ ਜਹਾਜ਼ ਉਡਦੇ ਹਨ। ਜਹਾਜ਼ ਤੋਂ ਨਿਕਲਣ ਵਾਲੀ ਤੇਜ ਹਵਾ ਗੱਡੀਆਂ ਦੇ ਸ਼ੀਸ਼ੇ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਉਡਾਨ ਵੇਲੇ ਲੋਕ ਇਕ ਕਿਨਾਰੇ ਖੜ੍ਹੇ ਰਹਿੰਦੇ ਹਨ। 
2. ਸਬਾ ਏਅਰਪੋਰਟ (ਨੀਦਰਲੈਂਡਸ)
ਇਹ ਹਵਾਈ ਅੱਡਾ ਨੀਦਰਲੈਂਡਸ ਤੋਂ 28 ਮੀਲ ਦੂਰ ਦੱਖਣ ਵੱਲ ਸਥਿਤ ਸਬਾ ਨਾਂ ਦੇ ਟਾਪੂ ''ਤੇ ਬਣਿਆ ਹੈ। ਸਬਾ ਕੌਮਾਂਤਰੀ ਹਵਾਈ ਅੱਡੇ ਦਾ ਰਨਵੇ ਹੈ ਜਿਸ ਦੀ ਲੰਬਾਈ ਸਿਰਫ 400 ਮੀਟਰ ਹੈ। ਇਸ ਦੇ ਇਕ ਪਾਸੇ ਪਹਾੜੀ ਹੈ ਜਦ ਕਿ ਦੋਵੇਂ ਸਿਰੇ ਸਮੁੰਦਰ ''ਚ ਖਤਮ ਹੋ ਜਾਂਦੇ ਹਨ।
3. ਲੁਕਲਾ (ਨੇਪਾਲ)
ਜੋ ਐਵਰੈਸਟ ਦੀ ਚੋਟੀ ''ਤੇ ਚੜ੍ਹਨਾ ਚਾਹੁੰਦਾ ਹੈ, ਉਸ ਦਾ ਲੁਕਲਾ ਦੇ ਹਵਾਈ ਅੱਡੇ ਤੋਂ ਬਚਣਾ ਮੁਮਕਿਨ ਨਹੀਂ, ਨਹੀਂ ਤਾਂ ਸੱਤ ਦਿਨ ਪੈਦਲ ਸਫਰ। ਸਮੁੰਦਰ ਤਲ ਤੋਂ 9334 ਫੁਟ ਦੀ ਉਚਾਈ ''ਤੇ ਸਥਿਤ ਇਸ ਹਵਾਈ ਅੱਡੇ ਦੇ ਰਨਵੇ ''ਤੇ ਉਤਰਨ ਲਈ ਪਾਇਲਟਾਂ ਨੂੰ ਪਹਾੜ ਵੱਲ ਵੱਧਣਾ ਪੈਂਦਾ ਹੈ ਕਿਉਂਕਿ ਉਸ ਦੀ ਢਲਾਨ 12 ਫੀਸਦੀ ਹੈ ਅਤੇ ਰਨਵੇ ਦੇ ਆਖਰੀ ਸਿਰ ''ਤੇ 600 ਮੀਟਰ ਦਾ ਟੋਇਆ ਹੈ।    
4. ਮਦੇਰਾ ਏਅਰਪੋਰਟ (ਪੁਰਤਗਾਲ)
ਟਾਪੂ ਦੀ ਰਾਜਧਾਨੀ ਸਾਂਤਾ ਕਸੂਰ ਦੇ ਨੇੜੇ ਸਥਿਤ ਇਹ ਦੁਨੀਆ ਦੇ ਸਭ ਤੋਂ ਖਤਰਨਾਕ ਹਵਾਈ ਅੱਡਿਆਂ ਚੋਂ ਇਕ ਹੈ। ਰਨਵੇ ਤੱਟ ਦੇ ਨੇੜੇ ਪਹਾੜ ਦੀ ਚੋਟੀ ''ਤੇ ਹੈ। ਉਤਾਰਨ ਦੇ ਕੁਝ ਸਮੇਂ ਪਹਿਲਾਂ ਤਕ ਮੁਸਾਫਿਰਾਂ ਨੂੰ ਲੱਗਦਾ ਹੈ ਕਿ ਉਹ ਪਹਾੜ ਨਾਲ ਟਕਰਾ ਰਹੇ ਹਨ। ਪਾਇਲਟ ਆਖਰੀ ਪਲ ''ਚ ਜਹਾਜ਼ ਨੂੰ ਮੋੜਦਾ ਹੈ। 
5. ਜਿਬ੍ਰਾਲਟਰ ਇੰਟਰਨੈਸ਼ਨਲ ਏਅਰਪੋਰਟ (ਸਪੇਨ)
ਇਹ ਟਾਪੂ ਸਪੇਨ ਜਾਣ ਵਾਲੇ ਸੈਲਾਨੀਆਂ ''ਚ ਬਹੁਤ ਲੋਕਪ੍ਰਿਯ ਹੈ ਪਰ ਇੱਥੇ ਆਉਣਾ ਬਹੁਤ ਰੋਮਾਂਚਕ ਹੈ। ਜਗ੍ਹਾ ਦੀ ਕਮੀ ਕਾਰਨ ਹਵਾਈ ਅੱਡੇ ਦਾ ਰਨਵੇ ਬਹੁਤ ਰੁਝੇਵਿਆਂ ਭਰੀ ਸੜਕ ਤੋਂ ਲੰਘਣਾ ਹੈ, ਜਿਸ ਨੂੰ ਹਰ ਉਡਾਨ ਅਤੇ ਲੈਂਡਿੰਗ ਲਈ ਰੁਕਣਾ ਪੈਂਦਾ ਹੈ। ਦੁਨੀਆਂ ''ਚ ਹੋਰ ਕਿਤੇ ਅਜਿਹੀ ਕ੍ਰਾਸਿੰਗ ਨਹੀਂ।
6. ਬਾਰਾ ਏਅਰਪੋਰਟ (ਸਕਾਟਲੈਂਡ)
ਸਕਾਟਲੈਂਡ ਦੇ ਬਾਰਾ ਟਾਪੂ ''ਤੇ ਸਮੁੰਦਰ ਦੀਆਂ ਲਹਿਰਾਂ ਹਵਾਈ ਆਵਾਜਾਈ ਨੂੰ ਤੈਅ ਕਰਦੀਆਂ ਹਨ। ਜਵਾਰਭਾਟੇ ਦਾ ਪਾਣੀ ਆਉਣ ਨਾਲ ਉਤਰੀ ਅਟਲਾਂਟਿਕ ''ਚ ਸਥਿਤ ਹਵਾਈ ਪੱਟੀ ਭੁੱਬ ਜਾਂਦੀ ਹੈ ਅਤੇ ਜਹਾਜ਼ ਦਾ ਉਤਰਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਪਰ ਇਸ ਟਾਪੂ ''ਤੇ ਕੋਈ ਦੂਸਰਾ ਹਵਾਈ ਅੱਡਾ ਹੈ ਹੀ ਨਹੀਂ।
7. ਮਾਲੇ ਏਅਰਪੋਰਟ (ਮਾਲਦੀਪ)
ਜਹਾਜ਼ ''ਤੇ ਬੈਠ ਕੇ ਹਵਾਈ ਪੱਟੀ ਦੇਖੋ ਤਾਂ ਤੁਰੰਤ ਵਿਸ਼ਵਾਸ ਹੋ ਜਾਂਦਾ ਹੈ ਕਿ ਮਾਲਦੀਪ ਦੇ ਸਮੁੰਦਰ ''ਚ ਡੁੱਬ ਜਾਣ ਦਾ ਖਤਰਾ ਸੱਚਾ ਹੈ। ਮਾਲੇ ਦਾ ਰਨਵੇ ਚਾਰੇ ਪਾਸਿਓ ਸਮੁੰਦਰ ਦੇ ਨੀਲੇ ਪਾਣੀ ਨਾਲ ਘਿਰਿਆ ਹੈ। ਹੁਲਹੁਲੇ ਏਅਰਪੋਰਟ ਰਾਜਧਾਨੀ ਤੋਂ ਦੋ ਕਿਲੋਮੀਟਰ ਦੂਰ ਇਕ ਬਨਾਉਟੀ ਟਾਪੂ ''ਤੇ ਬਣਾਇਆ ਗਿਆ ਹੈ।
8. ਪਾਰੋ (ਭੂਟਾਨ)
ਪਾਰੋ ਹਵਾਈ ਅੱਡਾ ਭੂਟਾਨ ਦਾ ਇਕੋ-ਇਕ ਕੌਮਾਂਤਰੀ ਹਵਾਈ ਅੱਡਾ ਹੈ। ਉਹ ਇਕ ਡੂੰਘੀ ਘਾਟੀ ''ਚ 2236 ਮੀਟਰ ਦੀ ਉਚਾਈ ''ਤੇ ਸਥਿਤ ਹੈ। ਇਸੇ ਕਾਰਨ ਇਥੇ ਉਡਾਨ ਭਰਨਾ ਜਾਂ ਲੈਂਡ ਕਰਨਾ ਸਿਰਫ ਚੰਗੇ ਮੌਸਮ ''ਚ ਹੀ ਸੰਭਵ ਹੈ। 1990 ਤਕ ਰਨਵੇ ਸਿਰਫ 1400 ਮੀਟਰ ਲੰਬਾ ਸੀ, ਹੁਣ ਉਸ ਨੂੰ ਵਧਾ ਕੇ 1964 ਮੀਟਰ ਕਰ ਦਿੱਤਾ ਗਿਆ ਹੈ।