ਬੱਚਿਆਂ ਨੂੰ ਸਿਖਾਓ ਇਹ ਚੰਗੀਆਂ ਆਦਤਾਂ

02/03/2017 4:22:15 PM

ਜੇ ਤੁਸੀਂ ਅਪਣੇ ਵੱਡੇ ਬੱਚੇ ਦੀ ਸ਼ਖਸੀਅਤ ਸੁਧਾਰਨ ਅਤੇ ਚੰਗੀਆਂ ਆਦਤਾਂ ਪਾਉਣ ਤੇ ਘਰ ਨੂੰ ਸੰਭਾਲਣ ਦੀ ਟਰੇਨਿੰਗ ਦੇਣ ਤੇ ਜ਼ਿਆਦਾ ਧਿਆਨ ਦਿੰਦੇ ਹੋ ਤਾਂ ਘਰ ਵਿੱਚ ਬਾਕੀ ਬੱਚਿਆਂ ਦੀ ਦੇਖਭਾਲ ਕਰਨ ਵਾਸਤੇ ਤੁਹਾਨੂੰ ਬਹੁਤ ਸਹਾਰਾ ਮਿਲ ਜਾਂਦਾ ਹੈ। ਪਰ ਬੱਚਿਆਂ ਤੋਂ ਇੰਨਾ ਕੂ ਹੀ ਕੰਮ ਲਵੋ ਜਿੰਨੇ ਕੂ ਨਾਲ ਉਹਨਾਂ ਦਾ ਅਪਣਾ ਟਾਇਮ ਖਰਾਬ ਨਾਂ ਹੋਵੇ ਤੇ ਉਹ ਆਸਾਨੀ ਨਾਲ ਤੁਹਾਡੀ ਮਦਦ ਕਰਨ ਲਈ ਸਮਾਂ ਕੱਢ ਸਕਣ। ਕੰਮ ਸਿਖਾਉਣ ਦਾ ਬਹਾਨਾ ਬਣਾ ਕੇ ਬੱਚਿਆਂ ਤੋਂ ਹੀ ਕੰਮ ਕਰਾਉਣਾ  ਸ਼ੁਰੂ ਕਰਵਾ ਦਿਉ। ਬਲਕਿ ਮੁੱਖ ਕੰਮ ਆਪ ਕਰੋ ਤੇ ਸੌਖਾ ਕੰਮ ਬੱਚੇ ਤੋਂ ਕਰਵਾਉ। ਜੇ ਬੱਚਾ ਕੰਮ ਕਰਨਾ ਸਿੱਖ ਜਾਵੇ ਤਾਂ ਉਸਨੂੰ ਸਪੀਡ ਨਾਲ ਅਤੇ ਸੁਚੱਜਤਾ ਨਾਲ ਕੰਮ ਕਰਨ ਲਈ ਕਹੋ। ਬੱਚਿਆਂ ਨੂੰ ਅਪਣੀ ਆਪੇ ਸੇਫਟੀ ਰੱਖਣ ਤੇ ਚੀਜ਼ਾਂ ਖਰਾਬ ਹੋਣ ਜਾਂ ਟੁੱਟਣ ਤੋਂ ਬਚਾਉਣ ਲਈ ਵੀ ਦੱਸਣਾ ਜ਼ਰੂਰੀ ਹੁੰਦਾ ਹੈ। ਬੱਚਿਆਂ ਨੂੰ ਪਹਿਲਾਂ ਦੇਸੀ ਖਾਣੇ ਬਣਾਉਣੇ ਸਿਖਾਉ। ਉਸ ਤੋਂ ਪਹਿਲਾਂ ਦੇਸੀ ਖਾਣਿਆਂ ਦੇ ਲਾਭਾਂ ਤੇ ਬਾਜ਼ਾਰੀ ਖਾਣਿਆਂ ਦੇ ਨੁਕਸਾਨਾਂ ਬਾਰੇ ਜ਼ਰੂਰ ਦੱਸੋ ਤਾਂ ਕਿ ਉਹਨਾਂ ਦਾ ਪੌਸ਼ਟਿਕ ਭੋਜਨ ''ਚ ਦਿਲਚਸਪੀ ਬਣੇ। ਬੱਚਿਆਂ ਨੂੰ ਬਹੁਤੀ ਖੁੱਲ੍ਹ ਵੀ ਨਾਂ ਦਿਉ ਤੇ ਬਹੁਤੀ ਸਖਤੀ ਵੀ ਨਾ ਕਰੋ। ਛੋਟੇ ਬੱਚਿਆਂ ਨੂੰ ਵੱਡੇ ਬੱਚੇ ਦਾ ਸਤਿਕਾਰ ਕਰਨਾ ਸਿਖਾਉ। ਪਰ ਵੱਡੇ ਬੱਚੇ ਨੂੰ ਨਾਜਾਇਜ਼ ਫਾਇਦਾ ਨਾਂ ਉਠਾਉਣ ਦਿਉ। ਵੱਡੇ ਬੱਚੇ ਨੂੰ ਛੋਟੇ ਬੱਚਿਆਂ ਦੀ ਦਿਲੋਂ ਮਦਦ ਕਰਨੀ ਸਿਖਾਉ। ਜਿਹਨਾਂ ਬੱਚਿਆਂ ਦਾ ਬਚਪਨ ਤੋਂ ਹੀ ਤੁਸੀਂ ਪਿਆਰ ਸਤਿਕਾਰ ਬਣਾਉਣ ਵੱਲ ਧਿਆਨ ਦਿਉਗੇ ਉਹੀ ਸਾਰੀ ਉਮਰ ਇੱਕ ਦੂਜੇ ਨਾਲ ਵਰਤਣਗੇ, ਪਰ ਬਚਪਨ ਤੋਂ ਹੀ ਜੇ ਛੋਟੇ ਬੱਚਿਆਂ ਨਾਲ ਵਿਤਕਰਾ ਹੋਣ ਲੱਗ ਜਾਵੇ ਤਾਂ ਉਹ ਸਾਰੀ ਉਮਰ ਇੱਕ ਦੂਜੇ ਨੂੰ ਚੰਗਾ ਨਹੀਂ ਸਮਝਦੇ। ਉਹੀ ਬਚਪਨ ਦੇ ਕਸੈਲੇ ਕੜਵੇ ਤਜ਼ਰਬੇ ਉਹਨਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੰਦੇ ਹਨ। ਇਸ ਲਈ ਧਿਆਨ ਰੱਖੋ ਕਿ ਕੋਈ ਬੱਚਾ ਬਾਕੀ ਬੱਚਿਆਂ ਨਾਲ ਵਿਤਕਰਾ ਨਾਂ ਕਰ ਸਕੇ। ਤੁਸੀਂ ਵੀ ਅਪਣੇ ਕਿਸੇ ਵੀ ਇੱਕ ਬੱਚੇ ਦੇ ਫੈਨ ਨਾਂ ਬਣੋ ਬਲਕਿ ਸਾਰੇ ਬੱਚਿਆਂ ਨੂੰ ਬਰਾਬਰ ਪਿਆਰ ਦਿਉ ਤੇ ਲੋੜ ਪੈਣ ਤੇ ਝਿੜਕੋ ਵੀ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਬੱਚਿਆਂ ਨੂੰ ਝਿੜਕਣਾ ਹੀ ਨਾਂ ਪਵੇ। ਵੈਸੇ ਵੱਡੀਆਂ ਭੈਣਾਂ ਛੋਟੇ ਭਰਾਵਾਂ ਨੂੰ ਖਾਣਾ ਦੇਣ, ਸਕੂਲ ਵਾਸਤੇ ਤਿਆਰ ਕਰਨ ਤੇ ਪੜ੍ਹਾਉਣ ਚ ਮਦਦ ਕਰ ਸਕਦੀਆਂ ਹਨ। ਛੋਟੇ ਬੱਚੇ ਵੀ ਉਹਨਾਂ ਦਾ ਕਹਿਣਾ ਮੰਨ ਕੇ ਉਹਨਾਂ ਦੀ ਮਦਦ ਕਰ ਸਕਦੇ ਹਨ। ਇੰਝ ਘਰ ਵਿੱਚ ਸਵਰਗ ਦਾ ਅਨੁਭਵ ਹੋਵੇਗਾ। ਤੁਸੀਂ ਜਿੰਨਾ ਜ਼ਿਆਦਾ ਸਮਾਂ ਬੱਚਿਆਂ ਲਈ ਕੱਢੋਗੇ ਉਨਾਂ ਹੀ ਤੁਹਾਡੇ ਬੱਚੇ ਤੁਹਾਡੀ ਪਸੰਦ ਦੇ ਬਣਨਗੇ। ਜੇ ਤੁਸੀਂ ਘਰ ਤੋਂ ਬਾਹਰ ਹੋ ਤਾਂ ਬੱਚਿਆਂ ਨਾਲ ਫੋਨ ''ਤੇ ਗੱਲ ਕਰਦੇ ਰਹੋ। ਇਕ ਨਿਯਮ ਬਣਾ ਲਓ ਕਿ ਜਿੰਨਾ ਸਮਾਂ ਬੱਚਿਆਂ ਤੋਂ ਕੰਮ ਲਵੋ ਉਨਾ ਸਮਾਂ ਉਹਨਾਂ ਨੂੰ ਖੇਡਣ ਦਿਉ। ਚੰਗਾ ਹੋਵੇ ਜੇ ਆਪ ਵੀ ਨਾਲ ਖੇਡੋ । ਜੇ ਬੱਚੇ ਤੋਂ ਕੰਮ ਕਰਵਾ ਕੇ ਤੁਸੀਂ ਸਖਤੀ ਨਾਲ ਉਨ੍ਹਾਂ ਨੂੰ ਪੜ੍ਹਨ ਵਾਸਤੇ ਬਿਠਾਅ ਦਿੰਦੇ ਹੋ ਤਾਂ ਬੱਚਾ ਤੁਹਾਨੂੰ ਸੁਆਰਥੀ ਸਮਝਣ ਲੱਗ ਪਵੇਗਾ। ਥੋੜ੍ਹੀ ਖੁੱਲ੍ਹਦਿਲੀ ਤੇ ਜ਼ਿਆਦਾ ਸਮਝਦਾਰੀ ਦਿਖਾਓਗੇ ਤਾਂ ਹੀ ਬੱਚੇ ਜ਼ਮਾਨੇ ਨਾਲ ਚੱਲ ਸਕਣਗੇ ਨਹੀਂ ਤਾਂ ਤੁਹਾਡੇ ਬੱਚੇ ਸਾਰੀ ਉਮਰ ਤੁਹਾਡਾ ਆਸਰਾ ਈ ਤਕਾਉਂਦੇ ਰਹਿਣਗੇ।
                                                                ...ਡਾ ਕਰਮਜੀਤ ਕੌਰ, ਡਾ ਬਲਰਾਜ ਬੈਂਸ,