ਸਫਲ ਹੋਣ ਲਈ ਚੰਗਾ ਬੁਲਾਰਾ ਬਣਨਾ ਜ਼ਰੂਰੀ

04/07/2020 12:47:29 PM

ਡਾ: ਹਰਜਿੰਦਰ ਵਾਲੀਆ

ਅਸਿਸਟੈਂਟ ਪ੍ਰੋਫੈਸਰ ਦੀ ਚੌਣ ਕਰਨ ਲਈ ਇੰਟਰਵਿਊਹੋ ਰਹੀ ਸੀ। ਮੈਂ ਵਿਸ਼ਾ ਮਾਹਿਰ ਵਜੋਂ ਚੌਣ ਕਮੇਟੀ ਦਾ ਮੈਂਬਰ ਸਾਂ। ਮੈਂ ਉਸ ਚੌਣ ਕਮੇਟੀ ਦੇ ਚੇਅਰਮੈਨ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਸੁਝਾਅ ਦਿੱਤਾ ਕਿ ਯੂਨੀਵਰਸਿਟੀ ਦੇ ਇਕ ਪ੍ਰਾਅਧਿਆਪਕ ਨੂੰ ਚੁਣਨਾ ਹੈ, ਜਿਸਨੇ ਅਗਲੇ 25-28 ਵਰ੍ਹੇ ਬੱਚਿਆਂ ਨੂੰ ਰੋਜ਼ਾਨਾ ਲੈਕਚਰ ਦੇਣਾ ਹੈ ਕਿਉਂ ਨਾ ਹੋਰ ਸਵਾਲ ਪੁੱਛਣ ਦੀ ਬਜਾਏ ਉਮੀਦਵਾਰਾਂ ਦੀ ਭਾਸ਼ਣ ਦੇਣ ਕਲਾ ਨੂੰ ਪਰਖਿਆ ਜਾਵੇ। ਸਲਾਹ ਮੰਨ ਲਈ ਗਈ ਅਤੇ ਹਰ ਉਮੀਦਵਾਰ ਨੂੰ ਕਿਹਾ ਗਿਆ ਕਿ ਉਹ ਕੁਝ ਸਮੇਂ ਲਈ ਚੌਣ ਕਮੇਟੀ ਨੂੰ ਵਿਦਿਆਰਥੀ ਸਮਝ ਕੇ ਪੜ੍ਹਾ ਕੇ ਦਿਖਾਵੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਉਮੀਦਵਾਰਾਂ ਦੇ ਵਿਸ਼ਾ ਗਿਆਨ ਦਾ ਪਤਾ ਵੀ ਲੱਗਦਾ ਸੀ, ਉਥੇ ਉਹਨਾਂ ਦੇ ਆਤਮ ਵਿਸ਼ਵਾਸ, ਭਾਸ਼ਾ, ਸਰੀਰ ਦੇ ਹਾਵ ਭਾਵ, ਅੱਖਾਂ ਦਾ ਸੰਕਲਪ ਅਤੇ ਸਰੋਤਿਆਂ ਦੇ ਧਿਆਨ ਨੂੰ ਆਪਣੇ ਵੱਲ ਬਣਾਈ ਰੱਖਣ ਦੇ ਗੁਣਾਂ ਦਾ ਵੀ ਪਤਾ ਅਸਾਨੀ ਨਾਲ ਲੱਗ ਜਾਂਦਾ ਹੈ। 

ਇੱਥੇ ਇਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਫਲ ਅਤੇ ਅਸਫਲ ਵਿਅਕਤੀ ਵਿਚ ਇਕ ਵੱਡਾ ਫਰਕ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਦੀ ਕਲਾ ਹੈ। ਡਿਗਰੀਆਂ ਤਾਂ ਸਾਰੇ ਉਮੀਦਵਾਰਾਂ ਕੋਲ ਇਕੋ ਜਿਹੀਆਂ ਹੁੰਦੀਆਂ ਹਨ ਪਰ ਜੋ ਸਫਲ ਹੁੰਦਾ ਹੈ ਉਹ ਆਪਣੇ ਸ਼ਬਦਾਂ ਨਾਲ, ਬੋਲਣ ਦੀ ਕਲਾ ਨਾਲ ਚੌਣ ਕਮੇਟੀ ਨੂੰ ਪ੍ਰਭਾਵਿਤ ਕਰਨ ਵਿਚ ਸਫਲ ਹੋ ਜਾਂਦਾ ਹੈ। ਪੰਜਾਬੀ ਲੋਕਧਾਰਾ ਵੀ ਇਸ ਪਾਸੇ ਸੰਕੇਤ ਕਰਦੀ ਹੈ।
'ਸੁਰਮਾ ਪਾਉਣਾ ਤਾਂ ਸਭ ਨੂੰ ਆਉਂਦਾ ਹੈ ਪਰ
ਮਟਕਾਉਣਾ ਕਿਸੇ ਕਿਸੇ ਨੂੰ।' 

ਗੱਲ ਤਾਂ ਮਟਕਾਉਣ ਦੀ ਹੈ, ਸ਼ਬਦਾਂ ਦੀ ਚੌਣ, ਉਚਾਰਣ, ਆਵਾਜ਼ ਦੇ ਉਤਾਰ ਚੜ੍ਹਾਅ, ਤਰਕ ਨੂੰ ਪੇਸ਼ਾ ਕਰਨ ਦੇ ਢੰਗ ਦੀ ਹੈ। ਮੇਰਾ ਇਕ ਵਿਦਿਆਰਥੀ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ ਯੂਨੀਵਰਸਿਟੀ ਵਿਚੋਂ ਪਹਿਲੇ ਨੰਬਰ 'ਤੇ ਆਇਆ ਸੀ। ਪਹਿਲੀ ਕੋਸ਼ਿਸ਼ ਵਿਚ ਹੀ ਨੈਟ ਪਾਸ ਕਰ ਗਿਆ ਸੀ। ਤਿੰਨ ਸਾਲਾਂ ਵਿਚ ਪੀ. ਐਚ. ਡੀ. ਵੀ ਕਰ ਗਿਆ ਸੀ। ਮੈਰਿਟ ਦੇ ਆਧਾਰ 'ਤੇ ਲੈਕਚਰਾਰ ਲੱਗ ਗਿਆ। ਵਿਆਹ ਵੀ ਹੋ ਗਿਆ ਅਤੇ ਬੱਚਾ ਵੀ। ਤਿੰਨ ਚਾਰ ਵਰ੍ਹੇ ਬਾਅਦ ਮੈਂ ਅਚਾਨਕ ਉਸਦੇ ਸ਼ਹਿਰ ਗਿਆ। ਉਸਨੂੰ ਮਿਲਣ ਉਸਦੇ ਘਰ ਗਿਆ। ਅਸੀਂਬੈਠੇ ਚਾਹ ਪੀ ਰਹੇ ਸੀ, ਉਸਦੀ ਪਤਨੀ ਆਈ ਅਤੇ ਕਹਿਣ ਲੱਗੀ ''ਜ਼ਰਾ ਵਿਦੂ ਨੂੰ ਸੰਵਾਇਓ'' ''ਤੂੰ ਸਵਾ, ਇਹ ਮੇਰਾ ਕੰਮ ਥੋੜ੍ਹੀ ਹੈ'' ਮੇਰਾ ਵਿਦਿਆਰਥੀ ਆਪਣੀ ਪਤਨੀ ਨੂੰ ਕਹਿਣ ਲੱਗਾ।''ਨਹੀਂ, ਕੰਮ ਤਾਂ ਮੇਰਾ ਪਰ ਮੈਂ ਸੁਣਿਐ ਕਿ ਜਦੋਂ ਤੁਸੀਂ ਕਲਾਸ ਨੂੰ ਪੜ੍ਹਾਉਣ ਲੱਗਦੇ ਹੋ ਤਾਂ ਪਹਿਲੇ 10-11 ਮਿੰਟਾਂ ਵਿਚ ਹੀ ਅੱਧੀ ਕਲਾਸ ਸੌਂ ਜਾਂਦੀ ਹੈ। ਵਿਦੂ ਤਾਂ ਭਲਾ ਬੱਚਾ ਐ, ਇਹਨੂੰ ਸਵਾਉਣਾ ਭਲਾ ਕੀ ਔਖੈ।''ਇਹ ਵਿਅੰਗ ਅਜਿਹੇ ਅਧਿਆਪਕਾਂ ਬਾਰੇ ਸ਼ੰਕੇ ਕਰਦਾ ਹੈ ਜੋ ਅਕਾਦਮਿਕ ਤੌਰ 'ਤੇ ਤਾਂ ਬਹੁਤ ਚੰਗੇ ਹੁੰਦੇ ਹਨ ਪਰ ਭਾਸ਼ਣ ਕਲਾ ਦੇ ਗੁਣਾਂ ਤੋਂ ਸੱਖਣੇ ਹੋਣ ਕਾਰਨ ਵਿਦਿਆਰਥੀਆਂ ਵਿਚ ਹਰਮਨ ਪਿਆਰੇ ਨਹੀਂ ਹੁੰਦੇ। ਸੋ, ਅਧਿਆਪਕਾਂ ਨੂੰ ਭਾਸ਼ਣ ਕਲਾ ਵਿਚ ਮਾਹਿਰ ਹੋਣਾ ਉਹਨਾਂ ਦੀ ਕਿੱਤੇ ਦੀ ਪਹਿਲੀ ਸ਼ਰਤ ਹੈ। ਸਿਰਫ ਅਧਿਆਪਕ ਹੀ ਨਹੀਂ ਸਗੋਂ ਬਹੁਤ ਸਾਰੇ ਕਿੱਤੇ ਚੰਗੀ ਭਾਸ਼ਣ ਕਲਾ ਦੀ ਮੰਗ ਕਰਦੇ ਹਨ। ਜੇ ਤੁਸੀਂ ਚੰਗੇ ਸਿਆਸੀ ਨੇਤਾ ਬਣਨਾ ਚਾਹੁੰਦੇ ਹੋ ਤਾਂ ਚੰਗੇ ਬੁਲਾਰੇ ਹੋਣਾ ਜ਼ਰੂਰੀ ਹੈ। ਜੇ ਤੁਸੀਂ ਬਾਜ਼ਾਰ ਵਿਚ ਆਪਣੀ ਧਾਂਕ ਜਮਾਉਣੀ ਹੈ ਤਾਂ ਵੀ ਤੁਹਾਨੂੰ ਪ੍ਰਭਾਵਸ਼ਾਲੀ ਵਕਤਾ ਹੋਣਾ ਜ਼ਰੂਰੀ ਹੈ। 

ਚੰਗਾ ਬੀਮਾ ਏਜੰਟ ਆਪਣੀ ਬੋਲਣ ਦੀ ਕਲਾ ਕਾਰਨ ਵੱਡੀ ਕਮਾਈ ਕਰਨ ਦੇ ਯੋਗ ਹੁੰਦਾ ਹੈ।ਅੱਜਕਲ੍ਹ ਬਾਜ਼ਾਰ ਵਿਚ ਅਨੇਕਾਂ ਮਲਟੀਲੈਵਲ ਕੰਪਨੀਆਂ ਅਰਬਾਂ ਰੁਪਏ ਦਾ ਵਪਾਰ ਕਰ ਰਹੀਆਂ ਹਨ। ਇਸ ਵਪਾਰ ਦਾ ਸਿਹਰਾ ਵੀ ਚੰਗੇ ਬੁਲਾਰਿਆਂ ਦੇ ਸਹਾਰੇ ਸਿਰ ਬੰਨ੍ਹਦਾ ਹੈ। ਜ਼ਿੰਦਗੀ ਦੇ ਹਰ ਖੇਤਰ ਵਿਚ ਚੰਗੇ ਬੁਲਾਰਿਆਂ ਦੀ ਵੁੱਕਤ ਹੁੰਦੀ ਹੈ। ਇਕ ਲੋਕਤੰਤਰ ਵਿਚ ਚੰਗੇ ਸਿਆਸੀ ਲੀਡਰ ਉਹੀ ਬੋਲਦੇ ਹਨ ਜੋ ਆਪਣੀ ਭਾਸ਼ਣ ਕਲਾ ਦੇ ਜੌਹਰ ਨਾਲ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਹੈ। ਇੱਥੇ ਇਕ ਗੱਲ ਹੋਰ ਵੀ ਸਪਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਚੰਗਾ ਵਕਤਾ ਹੋਣ ਲਈ ਵੱਡੀਆਂ ਅਕਾਦਮਿਕ ਡਿਗਰੀਆਂ ਹੋਣਾ ਜ਼ਰੂਰੀ ਨਹੀਂ। ਗਿਆਨੀ ਜੈਲ ਸਿੰਘ ਕੋਲ ਭਾਵੇਂ ਉਚੀਆਂ ਡਿਗਰੀਆਂ ਨਹੀਂ ਸਨ ਪਰ ਉਹ ਭਾਸ਼ਣ ਕਲਾ ਦੇ ਉਸਤਾਦ ਸਨ। ਸਰੋਤਿਆਂ ਨੂੰ ਕੀਲਣ ਲਈ ਉਹਨਾਂ ਕੋਲ ਸ਼ਬਦਾਂ ਅਤੇ ਗੱਲਾਂ ਦਾ ਅਥਾਹ ਭੰਡਾਰ ਸੀ।

ਆਪਣੀ ਜ਼ਿੰਦਗੀ ਦੇ ਅਨੁਭਵਾਂ ਨੂੰ ਸੁੰਦਰ ਸ਼ਬਦਾਂ ਦੇ ਘੋੜੇ ਚੜ੍ਹਾ ਕੇ ਉਹ ਸਰੋਸਤਿਆਂ ਦੇ ਦਿਲਾਂ ਤੇ ਵੱਡਾ ਅਸਰ ਪਾਉਣ ਦੇ ਸਮਰੱਥ ਸਨ। ਇਸੇ ਤਰ੍ਹਾਂ ਜਥੇਦਾਰ ਗੁਰਚਰਨ ਸਿੰਘ ਵੀ ਸ਼ਬਦਾਂ ਦੇ ਜਾਗੂਗਰ ਸਨ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦਾ ਅੰਦਾਜ਼ ਵੀ ਕਮਾਲ ਸੀ ਜੋ ਭਾਸ਼ਣ ਦੇ ਵਿਚਾਕਰ ਲੰਮੇ ਚੁੱਪ ਦੇ ਵਕਫੇ ਨਾਲ ਵੀ ਸਰੋਤਿਆਂ ਤੱਕ ਕਈ ਕਿਸਮ ਦੇ ਅਰਥਾਂ ਦੇ ਸੰਚਾਰ ਕਰਨ ਦੇ ਸਮਰੱਥ ਹੁੰਦੇ ਸਨ। ਯੋਗ ਦੇ ਸਿਰ 'ਤੇ ਅਰਬਾਂ ਦੀ ਬਾਦਸ਼ਾਹਤ ਬਣਾਉਣ ਵਾਲਾ ਬਾਬਾ ਰਾਮਦੇਵ ਆਪਣੀ ਸੰਚਾਰ ਕਲਾ ਕਾਰਨ ਹੀ ਇਸ ਰੁਤਬੇ 'ਤੇ ਪਹੁੰਚਿਆ ਅਤੇ ਉਸਦੀ ਅਕਾਦਮਿਕ ਯੋਗਤਾ ਨਾ ਹੋਣ ਬਰਾਬਰ ਹੈ। ਅਜਿਹੇ ਇਕ ਪ੍ਰਭਾਵਸ਼ਾਲੀ ਵਕਤਾ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ। ਮੈਂ ਲੁਧਿਆਣਾ ਤੋਂ ਅਹਿਮਦਗੜ੍ਹ ਲਈ ਰੇਲ ਗੱਡੀ ਵਿਚ ਸਵਾਰ ਹੋਇਆ। ਗੱਡੀ ਜੱਸੋਵਾਲ ਦੇ ਸਟੇਸ਼ਨ 'ਤੇ ਖੜ੍ਹੀ। ਇਕ ਬੰਦਾ ਹੱਥ ਵਿਚ ਬੈਗ ਫੜੀ ਗੱਡੀ ਚੜ੍ਹਿਆ ਅਤੇ ਆਉਣ ਸਾਰ ਕਹਿਣ ਲੱਗਾ: ''ਵੇਖੋ, ਉਹ ਮਾਂ ਆਪਣੇ ਪੁੱਤ ਨੂੰ ਕਹਿ ਰਹੀ ਹੈ 'ਬਾਂਹ ਅੰਦਰ ਕਰ ਲੈ ਮਰ ਜਾਣਿਆ। ਕੋਈ ਮਾਂ ਵੀ ਆਪਣੇ ਪੁੱਤ ਨੂੰ ਮਾਰਨ ਦੀ ਦੁਰਸੀਸ ਦੇ ਸਕਦੀ ਹੈ। ਇਹ ਤਾਂ ਮਾਂ ਦਾ ਪਿਆਰ ਹੈ ਆਪਣੇ ਪੁੱਤ ਨਾਲ, ਜੋ ਉਹਦੀਆਂ ਗਾਲਾਂ ਵਿਚ ਝਲਕਦਾ ਹੈ।''

ਉਸਦੀਆਂ ਗੱਲਾਂ ਨੇ ਸਭ ਦਾ ਧਿਆਨ ਖਿੱਚ ਲਿਆਂਦਾ: ''ਆਹ ਮੇਰੇ ਜੋ ਕਿਸਾਨ ਵੀਰ ਬੈਠੇ ਨੇ, ਇਹ ਵੀ ਅਕਸਰ ਆਪਣੇ ਪੁੱਤਾਂ ਵਾਂਗ ਪਾਲੇ ਬਲਦਾਂ ਨੂੰ ਕਹਿੰਦੇ ਹਨ 'ਜਾਹ ਤੇਰੇ ਸੱਪ ਲੜਜੇ'। ਕੋਈ ਭਲਾ ਇਨ੍ਹਾਂ ਪੁੱਤਾਂ ਵਰਗੇ ਬਲਦਾਂ ਨੂੰ ਸੱਪ ਲੜਾ ਸਕਦਾ ਹੈ,'' ਉਸ ਦੀਆਂ ਗੱਲਾਂ ਨੇ ਡੱਬੇ ਵਿਚ ਬੈਠੇ ਕਿਸਾਨਾਂ ਦਾ ਧਿਆਨ ਖਿੱਚ ਲਿਆ। ''ਆਹ ਮੇਰੇ ਨੌਜਵਾਨ ਵੀਰ ਬੈਠੇ। ਕਿਆ ਜਵਾਨੀ ਹੈ ਪੰਜਾਬ ਦੀ। ਦਰਸ਼ਨੀ ਨੇ ਜਵਾਨ ਨੇ'' ਉਸਨੇ ਡੱਬੇ ਵਿਚ ਬੈਠੇ ਨੌਜਵਾਨਾਂ ਦਾ ਧਿਆਨ ਵੀ ਖਿੱਚ ਲਿਆ ਸੀ। ''ਵੇਖੋ! ਭਾਈ ਜ਼ਿੰਦਗੀ ਇਕੋ ਮਿਲੀ ਹੈ। ਇਸ ਨੂੰ ਆਨੰਦ ਨਾਲ ਜਿਊਣਾ ਚਾਹੀਦਾ ਹੈ। ਜ਼ਿੰਦਗੀ ਦਾ ਆਨੰਦ ਲੈਣ ਲਈ ਤੁਹਾਡੇ ਸਰੀਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਸਰੀਰ ਦੀ ਤੰਦਰੁਸਤੀ ਲਈ ਤੁਹਾਡੇ ਦੰਦਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਦੰਦਾਂ ਦੇ ਠੀਕ ਰੱਖਣ ਲਈ ਆਹ ਮੇਰੇ ਕੋਲ ਦੰਦ ਮੰਜਨ ਹੈ। 'ਇਕ ਸ਼ੀਸ਼ੀ ਦੀ ਕੀਮਤ ਸਿਰਫ ਪੰਜ ਰੁਪਏ ਹੈ, ਸਿਰਫ ਪੰਜ ਰੁਪਏ।' ਉਹ ਆਪਣੀਆਂ ਸ਼ੀਸ਼ੀਆਂ ਵੇਚ ਕੇ ਕਿਲਾ ਰਾਏਪੁਰ ਦੇ ਸਟੇਸ਼ਨ 'ਤੇ ਉਤਰ ਗਿਆ। 

ਭਾਵੇਂ ਉਹ ਅਨਪੜ੍ਹ ਬੰਦਾ ਸੀ ਪਰ ਆਪਣੇ ਅਨੁਭਵ ਨਾਲ ਉਸਨੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕਲਾ ਸਿੱਖ ਲਈ ਸੀ। ਸਰੋਤਿਆਂ ਨੂੰ ਪ੍ਰਭਾਵਿਤ ਕਰਨ ਦੀ ਸਪਸ਼ਟਤਾ, ਵਿਵਧਤਾ, ਮੌਲਿਕਤਾ, ਸੁਭਾਵਿਕਤਾ, ਸਚਾਈ, ਸਕਾਰਾਤਮਕਤਾ ਅਤੇ ਤਰਕਸ਼ੀਲਤਾ ਆਦਿ ਅਨੇਕਾਂ ਗੁਣ ਬੁਲਾਰੇ ਦੇ ਭਾਸ਼ਣ ਵਿਚ ਹੋਣੇ ਚਾਹੀਦੇ ਹਨ। ਇਸ ਦੇ ਨਾਲ ਲੱਛੇਦਾਰ ਭਾਸ਼ਾ ਦਾ ਪ੍ਰਯੋਗ, ਚੁਟਕਲੇਬਾਜ਼ੀ, ਕਹਾਣੀ, ਵਿਅੰਗ ਅਤੇ ਸ਼ੇਅਰ ਵੀ ਤੁਹਾਡੇ ਭਾਸ਼ਣ ਨੂੰ ਦਿਲਚਸਪ ਬਣਾਉਣ ਦਾ ਕਾਰਨ ਬਣਦੇ ਹਨ। ਸਫਲ ਵਿਅਕਤੀ ਬਣਨ ਲਈ ਭਾਸ਼ਣ ਕਲਾ ਦਾ ਆਉਣਾ ਬਹੁਤ ਜ਼ਰੂਰੀ ਹੈ। ਸਿਆਸਤ ਵਿਚ ਸਫਲਤਾ ਪ੍ਰਾਪਤ ਕਰਨ ਦੇ ਅਨੇਕਾਂ ਚਾਹਵਾਨ ਮੇਰੇ ਕੋਲ ਇਸ ਹੁਨਰ ਦੇ ਨੁਕਤੇ ਪੁੱਛਣ ਆਉਂਦੇ ਹਨ। ਮੈਂ ਉਹਨਾਂ ਨੂੰ ਸੁਝਾਅ ਦਿੰਦਾ ਹਾਂ ਕਿ ਭਾਸ਼ਣ ਕਰਨਾ ਸਿੱਖਦਾ ਵੀ ਤੈਰਨਾ ਸਿੱਖਣ ਵਾਂਗ ਹੈ ਜਾਂ ਸਾਈਕਲ ਚਲਾਉਣਾ ਸਿੱਖਣ ਵਾਂਗ ਹੈ। ਜੋ ਬੰਦਾ ਸਾਈਕਲ ਚਲਾਉਣ ਨਹੀਂ ਜਾਣਦਾ, ਉਹ ਦੋ ਪਹੀਆਂ ਤੇ ਆਰਾਮ ਨਾਲ ਸਾਈਕਲ ਦੇ ਪੈਡਲ ਮਾਰ ਕੇ ਜਾ ਰਹੇ ਵਿਅਕਤੀ ਨੂੰ ਵੇਖ ਕੇ ਹੈਰਾਨ ਹੁੰਦਾ ਹੈ। 

ਦੂਜੇ ਪਾਸੇ ਜਿਸਨੂੰ ਤੈਰਨਾ ਜਾਂ ਸਾਈਕਲ ਚਲਾਉਣਾ ਆ ਜਾਂਦਾ ਹੈ, ਉਹ ਸੁਭਾਵਿਕ ਤੌਰ 'ਤੇ ਤੈਰਦਾ ਨਜ਼ਰੀ ਪੈਂਦਾ ਹੈ। ਇਹੀ ਗੱਲ ਬੁਲਾਰਿਆਂ ਬਾਰੇ ਕਹੀ ਜਾ ਸਕਦੀ ਹੈ ਪਰ ਇੱਥੇ ਇਕ ਗੱਲ ਵੱਖਰੀ ਹੈ ਭਾਵੇਂ ਚੰਗੇ ਬੁਲਾਰੇ ਨੂੰ ਮਾਇਕ ਦਾ ਡਰ ਨਹੀਂ ਅਤੇ ਨਾ ਹੀ ਸਾਹਮਣੇ ਬੈਠੀ ਹਜ਼ਾਰਾਂ ਦੀ ਭੀੜ ਤੋਂ ਉਹ ਡਰਦਾ ਹੈ ਪਰ ਹਰ ਭਾਸ਼ਣਕਾਰ ਨੂੰ ਹਮੇਸ਼ਾ ਆਪਣੀ ਸਮੱਗਰੀ, ਵਿਸ਼ੇ ਦੇ ਗਿਆਨ ਅਤੇ ਸ਼ਬਦਾਂ ਦੇ ਭੰਡਾਰ ਨੂੰ ਲਗਾਤਾਰ ਭਰੀ ਜਾਣ ਦੀ ਜ਼ਰੂਰਤ ਹੁੰਦੀ ਹੈ। ਚੰਗਾ ਭਾਸ਼ਣ ਕਰਤਾ ਤੱਥਾਂ ਨੂੰ ਇਕੱਠੇ ਕਰਦਾ ਹੈ, ਤੱਥਾਂ ਨੂੰ ਚੁਣਦਾ ਹੈ। ਇਸ ਕੰਮ ਲਈ ਉਹ ਇੰਟਰਨੈਟ, ਪੁਸਤਕਾਂ, ਅਖ਼ਬਾਰ ਅਤੇ ਹੋਰ ਸਾਰੇ ਹੀਲੇ ਵਰਤਦਾ ਹੈ। ਲੋਕਾਂ ਦੇ ਅਤੇ ਅਨੂਭਵ ਵਿਚੋਂ ਦਿਲਚਸਪ ਅਤੇ ਰੋਚਕ ਸਮੱਗਰੀ ਇਕੱਠੀ ਕਰਦਾ ਹੈ। ਅੰਕੜੇ ਅਤੇ ਤੱਥਾਂ ਦਾ ਭੰਡਾਰ ਜਮ੍ਹਾ ਕਰਦਾ ਹੈ। ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੇ ਹਵਾਲੇ ਯਾਦ ਕਰਦਾ ਹੈ। ਸਰੋਤਿਆਂ ਦੀ ਉਮਰ, ਸਿੱਖਿਆ ਅਤੇ ਆਰਥਿਕ ਸਥਿਤੀ ਅਨੁਸਾਰ ਉਦਾਹਰਣਾਂ ਇਕੱਤਰ ਕਰਦਾ ਹੈ।

ਚੰਗਾ ਬੁਲਾਰਾ ਹਮੇਸ਼ਾ ਆਪਣੇ ਭਾਸ਼ਣ ਨੂੰ ਸ਼ੁਰੂਆਤ, ਮੱਧ ਅਤੇ ਅੰਤ ਤਿੰਨ ਹਿੱਸਿਆਂ ਵਿਚ ਵੰਡਦਾ ਹੈ। ਜੇ ਭਾਸ਼ਣ 20 ਮਿੰਟ ਦਾ ਹੈ ਤਾਂ 2-4 ਮਿੰਟ ਦੀ ਸ਼ੁਰੂਆਤ ਹੋ ਸਕਦੀ ਹੈ। 15-16 ਮਿੰਟ ਦਾ ਮੱਧ ਦਾ ਵਿਚਕਾਰਲਾ ਹਿੱਸਾ ਹੁੰਦਾ ਹੈ ਅਤੇ ਅਖੀਰਲੇ 3-4 ਮਿੰਟ ਵਿਚ ਉਹ ਭਾਸ਼ਣ ਨੂੰ ਸਮੇਟ ਲੈਂਦਾ ਹੈ। ਭਾਸ਼ਣ ਦੇ ਅਰੰਭਕ ਹਿੱਸੇ ਦਾ ਪ੍ਰਭਾਵਸ਼ਾਲੀ ਹੋਣਾ ਜ਼ਰੂਰੀ ਹੁੰਦਾ ਹੈ। ਬਹੁਤ ਸਾਰੇ ਸਰੋਤਿਆਂ ਨੇ ਬੁਲਾਰੇ ਦੇ ਅਰੰਭਕ ਸ਼ਬਦਾਂ ਤੋਂ ਹੀ ਅੰਦਾਜ਼ਾ ਲਾਉਣਾ ਹੁੰਦਾ ਹੈ ਕਿ ਉਸ ਵਿਚ ਕਿੰਨੀ ਕੁ ਜਾਨ ਹੈ। ਇਸ ਲਈ ਚੰਗਾ ਬੁਲਾਰਾ ਆਪਣੀ ਸ਼ੁਰੂਆਤ ਅਜਿਹੇ ਢੰਗ ਨਾਲ ਕਰਦਾ ਹੈ ਕਿ ਸਾਰੇ ਸਰੋਤਿਆਂ ਦਾ ਧਿਆਨ ਖਿੱਚ ਸਕੇ। ਇਸ ਕੰਮ ਲਈ ਕੋਈ ਸਨਸਨੀਖੇਜ਼ ਤੱਥ, ਸ਼ਾਇਰੀ, ਅਖਾਣ, ਵਿਅੰਗ, ਹਾਸਮਈ ਗੱਲ ਜਾਂ ਕੋਈ ਰੋਸਚਕ ਕਿੱਸਾ ਵਰਤਿਆ ਜਾ ਸਕਦਾ ਹੈ।

ਸ਼ੁਰੂਆਤ ਕੋਈ ਆਪ ਬੀਤੀ ਘਟਨਾ ਤੋਂ ਕੀਤੀ ਜਾਵੇ ਤਾਂ ਸਰੋਤੇ ਜ਼ਿਆਦਾ ਪ੍ਰਭਾਵ ਕਬੂਲਦੇ ਹਨ। ਮਾਇਕ 'ਤੇ ਪਹੁੰਚਣ ਸਾਰ ਇਕ ਜਾਂ ਦੋ ਲਾਈਨਾਂ ਵਿਚ ਸੰਬੋਧਨੀ ਸ਼ਬਦ ਮੁਕਾ ਦੇਣੇ ਚਾਹੀਦੇ ਹਨ। ਲੰਮੀ ਸੂਚੀ ਦੇ ਨਾਮ ਪੜ੍ਹ ਕੇ ਸਰੋਤਿਆਂ ਵਿਚ ਅਕੇਵਾਂ ਭਰਨ ਦੀ ਥਾਂ ਦਿਲਚਸਪੀ ਜਗਾਉਣੀ ਚਾਹੀਦੀ ਹੈ। ਇਕ ਸਾਜ਼ਗਾਰ ਮਾਹੌਲ ਪੈਦਾ ਕਰਨ ਵਾਲੀ ਗੱਲ ਕਰਨੀ ਚਾਹੀਦੀ ਹੈ। ਭਾਸ਼ਣ ਦੇ ਮੱਧ ਵਾਲੇ ਹਿੱਸੇ ਨੂੰ 'ਡਾਟਾ ਸੈਂਟਰ' ਕਿਹਾ ਜਾਂਦਾ ਹੈ। ਇਹ ਅਸਲ ਵਿਚ ਕਿਸੇ ਵੀ ਭਾਸ਼ਣ ਦੀ ਆਤਮਾ ਹੁੰਦੀ ਹੈ। ਹਮੇਸ਼ਾ ਭਾਸ਼ਣ ਵਿਚ ਇਕ, ਦੋ ਜਾਂ ਤਿੰਨ ਅਜਿਹੇ ਨੁਕਤੇ ਚੁਣ ਲੈਣੇ ਚਾਹੀਦੇ ਹਨ, ਜਿਹਨਾਂ ਤੇ ਆਪਣਾ ਭਾਸ਼ਣ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਹਿੱਸੇ ਨੂੰ ਦਿਲਚਸਪ ਬਣਾਉਣ ਲਈ ਅਲੱਗ ਅਲੱਗ ਵਿਧੀਆਂ ਵਰਤਣੀਆਂ ਚਾਹੀਦੀਆਂ ਹਨ। ਆਵਾਜ਼ ਦੇ ਉਤਾਰ ਚੜ੍ਹਾਅ ਦਾ ਖਿਆਲ ਰੱਖਣਾ ਚਾਹੀਦਾ ਹੈ। ਕੁਝ ਵਕਫੇ ਬਾਅਦ ਜੇ ਕੋਈ ਹਲਕੀ ਫੁਲਕੀ ਗੱਲ ਸਰੋਤਿਆਂ ਨੂੰ ਹਸਾ ਦੇਵੇ ਤਾਂ ਸਰੋਤਾ ਬੋਰ ਹੋਣ ਤੋਂ ਬਚ ਜਾਂਦਾ ਹੈ।

ਚੰਗੇ ਐਕਟਰਾਂ ਵਾਂਗ ਸਰੋਤਿਆਂ ਦਾ ਧਿਆਨ ਖਿੱਚੀਂ ਰੱਖਣ ਵਿਚ ਕਾਮਯਾਬ ਹੋਣਾ ਵੀ ਚੰਗੇ ਬੁਲਾਰੇ ਨੂੰ ਆਉਣਾ ਚਾਹੀਦਾ ਹੈ। ਕਹਾਣੀ, ਅਨੁਭਵ ਅਤੇ ਤੱਥ ਕਿਸੇ ਲੜੀ ਵਿਚ ਵੀ ਪੇਸ਼ ਕਰਨੇ ਚਾਹੀਦੇ ਹਨ। ਹਮੇਸ਼ਾ ਸਰੋਤਿਆਂ ਦੇ ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਗੱਲ ਕਰਨੀ ਚਾਹੀਦੀ ਹੈ। ਭਾਸ਼ਣ ਦਾ ਅੰਤ ਭਾਸ਼ਣ ਕਰਤਾ ਦੀ ਸਫਲਤਾ ਨੂੰ ਬਿਆਨ ਕਰਦਾ ਹੈ, ਜਿਹਨਾਂ ਕਿਸੇ ਭਾਸ਼ਣ ਦਾ ਅੰਤ ਅਸਰਦਾਰ ਹੋਵੇਗਾ, ਉਨੇ ਹੀ ਲੰਮੇ ਸਮੇਂ ਤੱਕ ਸਰੋਤਿਆਂ ਦੀ ਯਾਦ ਵਿਚ ਉਕਰਿਆ ਰਹੇਗਾ। ਅਸਲ ਵਿਚ ਭਾਸ਼ਣ ਦੇ ਅੰਤ ਨੂੰ ਸਰੋਤਾ ਘਰ ਲੈ ਕੇ ਜਾਂਦੇ ਹਨ। ਅੰਤ ਵਿਚ ਅਪੀਲ ਵੀ ਕੀਤੀ ਜਾ ਸਕਦੀ ਹੈ।  ਸੁਝਾਅ ਵੀ ਦਿੱਤਾ ਜਾ ਸਕਦਾ ਹੈ। ਵਾਅਦਾ ਵੀ ਕੀਤਾ ਜਾ ਸਕਦਾ ਹੈ। ਹਾਸ ਭਰਪੂਰ ਅੰਤ ਵੀ ਕੀਤਾ ਜਾ ਸਕਦਾ ਹੈ। ਕਵਿਤਾ ਜਾਂ ਸ਼ਾਇਰੀ ਨਾਲ ਭਾਸ਼ਣ ਦਾ ਅੰਤ ਕੀਤਾ ਜਾ ਸਕਦਾ ਹੈ। ਆਪਣੇ ਸਮੁੱਚੇ ਭਾਸ਼ਣ ਦਾ ਸਾਰ ਅੰਸ਼ ਵੀ ਥੋੜ੍ਹੇ ਸ਼ਬਦਾਂ ਵਿਚ ਭਾਸ਼ਣ ਦੇ ਅੰਤਲੇ ਭਾਗ ਦਾ ਹਿੱਸਾ ਬਣ ਸਕਦਾ ਹੈ। ਭਾਸ਼ਣ ਦਾ ਅੰਤ ਸਰੋਤਿਆਂ ਦੀਆਂ ਤਾੜੀਆਂ ਨਾਲ ਹੋਵੇ ਤਾਂ ਹੀ ਸਫਲ ਭਾਸ਼ਣ ਕਿਹਾ ਜਾ ਸਕਦਾ ਹੈ। ਉਕਤ ਨੁਕਤਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਵੀ ਵਿਅਕਤੀ ਚੰਗਾ ਬੁਲਾਰਾ ਬਣ ਸਕਦਾ ਹੈ। ਸਿਆਸਤ, ਵਪਾਰ, ਅਧਿਆਪਨ ਅਤੇ ਸਮਾਜ ਵਿਚ ਸਫਲ ਹੋਣ ਲਈ ਚੰਗਾ ਵਕਤਾ ਬਣਨਾ ਜ਼ਰੂਰੀ ਹੈ ਅਤੇ ਤੁਸੀਂ ਵੀ ਚੰਗੇ ਵਕਤਾ ਬਣ ਸਕਦੇ ਹੋ।

Vandana

This news is Content Editor Vandana