ਬਰਫ ਨਾਲ ਬਣੀ ਹੈ ਇਸ ਹੋਟਲ ਦੀ ਹਰ ਚੀਜ਼

03/27/2017 1:49:42 PM

ਨਵੀਂ ਦਿੱਲੀ— ਸਾਰਿਆਂ ਨੂੰ ਘੁੰਮਣ ਦਾ ਸ਼ੌਕ ਹੁੰਦਾ ਹੈ। ਇਸ ਲਈ ਲੋਕ ਘੁੰਮਣ ਲਈ ਹਰ ਵਾਰੀ ਕੋਈ ਨਵੀਂ ਥਾਂ ਲੱਭਦੇ ਹਨ। ਗਰਮੀਆਂ ਦੇ ਮੌਸਮ ''ਚ ਲੋਕ ਕਿਸੇ ਠੰਡੀ ਥਾਂ ''ਤੇ ਜਾਣਾ ਪਸੰਦ ਕਰਦੇ ਹਨ। ਕਿਸੇ ਵੀ ਥਾਂ ''ਤੇ ਜਾਣ ਤੋਂ ਪਹਿਲਾਂ ਲੋਕ ਉਥੋਂ ਦੇ ਵਧੀਆ ਹੋਟਲਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੋਟਲ ਬਾਰੇ ਦੱਸ ਰਹੇ ਹਾਂ, ਜੋ ਪੂਰੀ ਤਰ੍ਹਾਂ ਬਰਫ ਨਾਲ ਬਣਿਆ ਹੈ। ਇਹ ''ਆਈਸ ਹੋਟਲ'' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਹੋਟਲ ਸਵੀਡਨ ਦੇ ਉੱਤਰੀ ਇਲਾਕੇ ਦੇ ਜੁੱਕਸਜਰਵੀ ''ਚ ਹੈ।
ਇਸ ਅਦਭੁਤ ਹੋਟਲ ''ਚ ਠਹਿਰਣ ਲਈ ਟੂਰਿਸਟ ਦੂਰ-ਦੂਰ ਤੋਂ ਆਉਂਦੇ ਹਨ। ਇਥੋਂ ਦਾ ਤਾਪਮਾਨ ਲਗਭਗ ਮਾਈਨਸ 10 ਡਿਗਰੀ ਹੈ। ਦਸੰਬਰ ਮਹੀਨੇ ਤੋਂ ਹੀ ਸੈਲਾਨੀ ਇੱਥੇ ਆਉਣਾ ਸ਼ੁਰੂ ਹੋ ਜਾਂਦੇ ਹਨ। ਇਹ ਹੋਟਲ ਦਸੰਬਰ ਮਹੀਨੇ ''ਚ ਬਣ ਕੇ ਪੂਰਾ ਤਿਆਰ ਹੁੰਦਾ ਹੈ। ਬੀਤੇ 25 ਸਾਲਾਂ ਤੋਂ ਲਗਾਤਾਰ ਇੱਥੇ ਹਰ ਸਾਲ ਤੋਰਨ ਨਦੀ ਦੇ ਕੰਢੇ ''ਤੇ ਇਹ ਆਈਸ ਹੋਟਲ ਬਣਾਇਆ ਜਾਂਦਾ ਹੈ।
ਦੁਨੀਆ ਦੇ 100 ਕਲਾਕਾਰ ਮਿਲ ਕੇ ਇਸ ਨੂੰ ਬਣਾਉਂਦੇ ਹਨ। ਇਸ ਦੀ ਬਨਾਵਟ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੁੰਦਾ ਹੈ ਕਿ ਇਸ ਨੂੰ ਕਿਸ ਢੰਗ ਨਾਲ ਬਣਾਇਆ ਜਾਂਦਾ ਹੈ। ਇਸ ਹੋਟਲ ਦੀ ਵਾਸਤਵਿਕ ਸ਼ੁਰੂਆਤ ਮਾਰਚ ਮਹੀਨੇ ਤੋਂ ਸ਼ੁਰੂ ਹੁੰਦੀ ਹੈ, ਜਦੋਂ ਤੋਰਨ ਨਦੀ ਦੀ ਬਰਫ ਪਿਘਲਣੀ ਸ਼ੁਰੂ ਹੁੰਦੀ ਹੈ। ਇਸ ਬਰਫ ਨੂੰ ਅਕਤੂਬਰ ਮਹੀਨੇ ਤੱਕ ਕੋਲਡ ਸਟੋਰੇਜ ''ਚ ਰੱਖਿਆ ਜਾਂਦਾ ਹੈ। ਇਸ ਆਈਸ ਹੋਟਲ ''ਚ ਕਈ ਦੇਸ਼ਾਂ ਦੀ ਕਲਾਕਾਰੀ ਦੇਖਣ ਨੂੰ ਮਿਲਦੀ ਹੈ।
ਇਸ ਹੋਟਲ ਦੀ ਖਾਸ ਗੱਲ ਇਹ ਹੈ ਕਿ ਇਸ ਦੀਆਂ ਕੰਧਾਂ ਤੋਂ ਲੈ ਕੇ ਬਰਤਨ ਅਤੇ ਫਰਨੀਚਰ ਵੀ ਬਰਫ ਨਾਲ ਬਣੇ ਹੋਏ ਹਨ। ਇਸ ''ਚ 60 ਕਮਰੇ ਹੁੰਦੇ ਹਨ। ਇਸ ਦਾ ਅੰਦਰੂਨੀ ਹਿੱਸੇ ਦੀ ਸਜਾਵਟ ਵੱਖ-ਵੱਖ ਦੇਸ਼ਾਂ ਦੇ ਡਿਜ਼ਾਈਨਰ ਕਰਦੇ ਹਨ। ਇੱਥੇ ਅਪ੍ਰੈਲ ਦੇ ਅਖੀਰ ਤੱਕ ਬਰਫ ਪਿਘਲ ਜਾਂਦੀ ਹੈ ਅਤੇ ਪਾਣੀ ਵਾਪਿਸ ਤੋਰਨ ਨਦੀ ''ਚ ਚਲਾ ਜਾਂਦਾ ਹੈ।