ਬੱਚਿਆਂ ਨੂੰ ਜ਼ਰੂਰ ਸਮਝਾਓ ਗੁੱਡ ਅਤੇ ਬੈਡ ਟੱਚ ਦਾ ਫਰਕ

09/16/2017 11:55:34 AM

ਨਵੀਂ ਦਿੱਲੀ— ਭਾਰਤ 'ਚ ਬਾਲ ਸੈਕਸ ਸੋਸ਼ਣ ਨਾਲ ਸੰਬੰਧਿਤ ਘਟਨਾਵਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ। ਅੰਕੜਿਆਂ ਦੀ ਮੰਨੀਏ ਤਾਂ 6 'ਚੋਂ 1 ਬੱਚਾ ਇਸਦਾ ਸ਼ਿਕਾਰ ਹੋ ਰਿਹਾ ਹੈ, ਜਿਸਦਾ ਇਕ ਵੱਡਾ ਕਾਰਨ ਮਾਂ-ਬਾਪ ਦਾ ਜਾਗਰੂਕ ਨਾ ਹੋਣਾ ਹੈ। ਜੇ ਮਾਂ-ਬਾਪ ਇਸ ਮਾਮਲੇ ਵਿਚ ਜਾਗਰੂਕਤਾ ਦਿਖਾਉਣ ਤਾਂ ਆਪਣੇ ਬੱਚਿਆਂ ਨੂੰ ਸੈਕਸ ਸੋਸ਼ਣ ਦਾ ਸ਼ਿਕਾਰ ਹੋਣ ਤੋਂ ਬਚਾਅ ਸਕਦੇ ਹਨ।
1. ਅਜਿਹੇ ਮਾਮਲਿਆਂ ਨੂੰ ਦਬਾਓ ਨਾ
ਅਜਿਹੀਆਂ ਘਟਨਾਵਾਂ ਰੋਜ਼ ਸੁਣਨ ਤੋਂ ਬਾਅਦ ਵੀ ਭਾਰਤ ਵਿਚ ਇਸ ਨਾਲ ਸੰਬੰਧਿਤ ਬਹੁਤ ਸਾਰੀਆਂ ਘਟਨਾਵਾਂ ਦਰਜ ਨਹੀਂ ਕਰਵਾਈਆਂ ਜਾਂਦੀਆਂ, ਕਿਉਂਕਿ ਜ਼ਿਆਦਾਤਰ ਮਾਂ-ਬਾਪ ਇਨ੍ਹਾਂ ਮਾਮਲਿਆਂ ਨੂੰ ਬਦਨਾਮੀ ਦੇ ਡਰੋਂ ਜਨਤਕ ਕਰਨ ਤੋਂ ਡਰਦੇ ਹਨ ਪਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਕਿ ਜਦੋਂ ਤਕ ਉਹ ਆਵਾਜ਼ ਨਹੀਂ ਉਠਾਉਣਗੇ, ਉਦੋਂ ਤਕ ਸੈਕਸ ਸੋਸ਼ਣ ਕਰਨ ਵਾਲਿਆਂ ਨੂੰ ਉਤਸ਼ਾਹ ਮਿਲਦਾ ਜਾਵੇਗਾ।
2. ਗੁੱਡ ਅਤੇ ਬੈਡ ਟੱਚ ਦੱਸਣ ਦੇ ਕੁਝ ਤਰੀਕੇ
ਸਭ ਤੋਂ ਪਹਿਲਾਂ ਬੱਚਿਆਂ ਦੇ ਦੋਸਤ ਬਣੋ ਅਤੇ ਇਸ ਬਾਰੇ ਖੁੱਲ੍ਹ ਕੇ ਗੱਲ ਕਰੋ, ਤਾਂ ਕਿ ਉਹ ਤੁਹਾਨੂੰ ਬਿਨਾਂ ਡਰ ਸਭ ਕੁਝ ਦੱਸ ਸਕਣ, ਕਿਉਂਕਿ ਜ਼ਿਆਦਾਤਰ ਇਨ੍ਹਾਂ ਮਾਮਲਿਆਂ ਵਿਚ ਬੱਚੇ ਸਹਿਮ ਜਾਂਦੇ ਹਨ ਅਤੇ ਕੁਝ ਦੱਸ ਨਹੀਂ ਪਾਉਂਦੇ।
- ਕਹਾਣੀ ਸੁਣਾਓ
ਤੁਸੀਂ ਕਹਾਣੀਆਂ ਰਾਹੀਂ ਉਨ੍ਹਾਂ ਨੂੰ ਗੁੱਡ ਅਤੇ ਬੈਡ ਟੱਚ ਬਾਰੇ ਸਿੰਪਲ ਤਰੀਕੇ ਨਾਲ ਸਮਝਾ ਸਕਦੇ ਹੋ। ਕਹਾਣੀਆਂ ਰਾਹੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਵੀ ਜਾ ਸਕਦਾ ਹੈ ਅਤੇ ਬੱਚੇ ਛੇਤੀ ਸਿੱਖਦੇ ਵੀ ਹਨ।
- ਫੋਟੋ ਜਾਂ ਵੀਡੀਓ ਰਾਹੀਂ ਦੱਸੋ
ਤੁਸੀਂ ਬਾਡੀ ਪਾਰਟਸ ਡਾਇਆਗ੍ਰਾਮ, ਫੋਟੋ ਜਾਂ ਵੀਡੀਓ ਰਾਹੀਂ ਵੀ ਉਨ੍ਹਾਂ ਨੂੰ ਗੁੱਡ ਅਤੇ ਬੈਡ ਟੱਚ ਦਾ ਫਰਕ ਸਮਝਾ ਸਕਦੇ ਹੋ।
- ਪ੍ਰੈਕਟੀਕਲੀ ਸਮਝਾਓ
ਤੁਸੀਂ ਪ੍ਰੈਕਟੀਕਲੀ ਬੱਚੇ ਨੂੰ ਸਮਝਾਓਗੇ ਤਾਂ ਬੱਚਾ ਛੇਤੀ ਉਸ ਗੱਲ ਨੂੰ ਸਮਝੇਗਾ।
3. ਬੱਚਿਆਂ ਨੂੰ ਦੱਸੋ 'ਗੁੱਡ ਟੱਚ' ਅਤੇ 'ਬੈਡ ਟੱਚ' ਦਾ ਫਰਕ
ਬੱਚੇ ਸਕੂਲ ਅਤੇ ਘਰ ਦੋਵੇਂ ਹੀ ਥਾਵਾਂ ਤੋਂ ਚੰਗੀਆਂ ਆਦਤਾਂ ਸਿੱਖਦੇ ਹਨ ਪਰ ਇਨ੍ਹਾਂ ਆਦਤਾਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ। ਖਾਣਾ ਕਿਵੇਂ ਖਾਓ, ਕਿਵੇਂ ਉੱਠੋ-ਬੈਠੋ, ਦੂਜਿਆਂ ਨਾਲ ਕਿਵੇਂ ਗੱਲ ਕਰੋ, ਇਸ ਬਾਰੇ ਤਾਂ ਅਸੀਂ ਉਨ੍ਹਾਂ ਨੂੰ ਦੱਸ ਦਿੰਦੇ ਹਾਂ ਪਰ ਉਨ੍ਹਾਂ ਨੂੰ ਭੀੜ ਵਿਚ ਲੁਕੇ ਇਨ੍ਹਾਂ ਅਪਰਾਧੀਆਂ ਦੀ ਪਛਾਣ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ, ਜੋ ਉਨ੍ਹਾਂ ਦੀ ਮਾਸੂਮੀਅਤ ਦਾ ਫਾਇਦਾ ਉਠਾ ਕੇ ਉਨ੍ਹਾਂ ਦੇ ਬਚਪਨ ਨੂੰ ਖਰਾਬ ਕਰਦੇ ਹਨ।
ਬੱਚਿਆਂ ਨੂੰ 'ਗੁੱਡ ਟੱਚ' ਅਤੇ 'ਬੈਡ ਟੱਚ' ਬਾਰੇ ਖੁੱਲ੍ਹ ਕੇ ਦੱਸੋ। ਉਨ੍ਹਾਂ ਨੂੰ ਇਸ ਬਾਰੇ ਸਹੀ ਸਿੱਖਿਆ ਦਿਓ ਤਾਂ ਕਿ ਉਹ ਖੁਦ ਨੂੰ ਇਸ ਲਈ ਤਿਆਰ ਕਰ ਸਕਣ, ਕਿਉਂਕਿ ਇਹ ਅਪਰਾਧੀ ਤੁਹਾਡਾ ਨੇੜਲਾ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲਾ ਵਿਅਕਤੀ ਵੀ ਹੋ ਸਕਦਾ ਹੈ।
4. ਕਿਵੇਂ ਸਮਝਾਓ
'ਗੁੱਡ' ਅਤੇ 'ਬੈਡ' ਦਾ ਮਤਲਬ ਛੂਹਣ ਵਾਲੇ ਦੀ ਨੀਅਤ ਤੁਹਾਡੇ ਪ੍ਰਤੀ ਕਿਹੋ ਜਿਹੀ ਹੈ ਜਾਂ ਕੋਈ ਵਿਅਕਤੀ ਤੁਹਾਨੂੰ ਕਿਸ ਤਰੀਕੇ ਨਾਲ ਛੂਹ ਰਿਹਾ ਹੈ। ਇਸੇ ਤੋਂ ਪਤਾ ਲਗਦਾ ਹੈ ਕਿ ਇਹ ਟੱਚ ਚੰਗਾ ਹੈ ਜਾਂ ਬੁਰਾ।
ਇਸ ਬਾਰੇ ਸਮਝਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਸਰੀਰ ਦੇ ਸਾਰੇ ਅੰਗਾਂ ਦੀ ਜਾਣਕਾਰੀ ਦਿਓ, ਫਿਰ ਭਾਵੇਂ ਉਹ ਲੜਕਾ ਹੋਵੇ ਜਾਂ ਲੜਕੀ। ਉਨ੍ਹਾਂ ਨੂੰ ਸਰੀਰ ਦੇ ਪ੍ਰਾਈਵੇਟ ਪਾਰਟਸ ਬਾਰੇ ਦੱਸੋ, ਜਿਥੇ ਮਾਂ-ਬਾਪ ਨੂੰ ਛੱਡ ਕੇ ਕਿਸੇ ਦੂਜੇ ਨੂੰ ਛੂਹਣ ਦੀ ਮਨਾਹੀ ਹੈ।
5. ਬੈਡ ਟੱਚ ਹੋਵੇ ਤਾਂ ਕੀ ਕਰੇ ਬੱਚਾ
-
ਜੇ ਬੱਚਾ ਤੁਹਾਡੇ ਆਲੇ-ਦੁਆਲੇ ਜਾਂ ਸਕੂਲ ਵਿਚ ਇਸ ਘਟਨਾ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਇਸ ਸਥਿਤੀ 'ਚ ਉਸ ਨੂੰ ਕੀ ਕਰਨਾ ਚਾਹੀਦੈ।
- ਜੇ ਕੋਈ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰੇ ਤਾਂ ਬਿਨਾਂ ਝਿਜਕ ਜ਼ੋਰ ਨਾਲ ਚੀਕੇ।
- ਕਿਸੇ ਅਜਿਹੀ ਥਾਂ 'ਤੇ ਜਾਵੇ, ਜਿਥੇ ਉਹ ਸੁਰੱਖਿਅਤ ਮਹਿਸੂਸ ਕਰਦਾ ਹੈ।
- ਬਿਨਾਂ ਡਰੇ ਤੁਰੰਤ ਮਾਂ-ਬਾਪ ਨੂੰ ਦੱਸੇ।
ਬੱਚੇ ਨੂੰ ਨਹਾਉਂਦੇ ਸਮੇਂ ਕਿ ਗੁੱਡ ਟੱਚ ਉਹ ਹੈ, ਜਦੋਂ ਮਾਤਾ-ਪਿਤਾ ਨਹਾਉਂਦੇ ਸਮੇਂ ਬਿਨਾਂ ਕਿਸੇ ਨੁਕਸਾਨ ਦੇ ਪ੍ਰਾਈਵੇਟ ਪਾਰਟ ਨੂੰ ਛੂਹਣ ਅਤੇ ਬੈਡ ਟੱਚ ਉਹ ਹੈ, ਜਦੋਂ ਕੋਈ ਅਨਜਾਣ ਵਿਅਕਤੀ ਮਾਤਾ-ਪਿਤਾ ਦੀ ਗੈਰ-ਹਾਜ਼ਰੀ ਵਿਚ ਪ੍ਰਾਈਵੇਟ ਪਾਰਟ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਬਾਰੇ ਦੱਸੋ।