ਇਸ ਤਰ੍ਹਾਂ ਦੂਰ ਕਰੋ ਦੰਦਾਂ ਦਾ ਪੀਲਾਪਣ

01/11/2018 10:52:49 AM

ਨਵੀਂ ਦਿੱਲੀ— ਖੂਬਸੂਰਤ ਮੁਸਕਰਾਹਟ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਚਿੱਟੇ ਮੋਤੀਆਂ ਵਰਗੇ ਦੰਦਾਂ ਦੀ ਲੋੜ ਹੁੰਦੀ ਹੈ। ਉਥੇ ਹੀ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਜ਼ਿਆਦਾਤਰ ਲੋਕਾਂ ਦੇ ਦੰਦ ਪੀਲੇ ਪੈ ਜਾਂਦੇ ਹਨ, ਜਿਸ ਨਾਲ ਕਈ ਵਾਰ ਦੂਜਿਆਂ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਦੰਦਾਂ 'ਤੇ ਜਮ੍ਹਾ ਪਲਾਕ ਇਸ ਨਾਲ ਜੁੜੀਆਂ ਹੋਰ ਵੀ ਪ੍ਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ, ਜਿਵੇਂ ਕਿ ਮਸੂੜਿਆਂ ਵਿਚ ਦਰਦ, ਦੰਦਾਂ ਦਾ ਕਮਜ਼ੋਰ ਹੋਣਾ, ਸਾਹ ਦੀ ਬਦਬੂ ਆਦਿ। ਇਸ ਤੋਂ ਇਲਾਵਾ ਦੰਦਾਂ ਅਤੇ ਮਸੂੜਿਆਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦਿਲ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ। ਦੰਦ ਪੀਲੇ ਹੋਣ 'ਤੇ ਬਹੁਤ ਸਾਰੇ ਲੋਕ ਬਾਜ਼ਾਰ ਤੋਂ ਮਿਲਣ ਵਾਲੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਨਾਲ ਇਨ੍ਹਾਂ ਨੂੰ ਨੁਕਸਾਨ ਹੀ ਪਹੁੰਚਦਾ ਹੈ।
ਦੰਦ ਪੀਲੇ ਹੋਣ ਦੇ ਕਾਰਨ
- ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ
- ਲੋੜ ਤੋਂ ਵੱਧ ਠੰਡੇ ਤਰਲ ਪਦਾਰਥ
- ਤੰਬਾਕੂ ਜਾਂ ਸਿਗਰਟ
- ਦੰਦਾਂ ਦੀ ਸਫਾਈ ਚੰਗੀ ਤਰ੍ਹਾਂ ਨਾ ਕਰਨਾ
- ਵਿਟਾਮਿਨ-ਡੀ ਦੀ ਕਮੀ
- ਪਾਣੀ ਵਿਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੋਣਾ
ਇਨ੍ਹਾਂ ਤਰੀਕਿਆਂ ਨਾਲ ਦੂਰ ਕਰੋ ਪੀਲਾਪਣ
ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਤੁਸੀਂ ਕੁਝ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ।
1. ਬੇਕਿੰਗ ਸੋਡਾ
ਬੇਕਿੰਗ ਸੋਡੇ ਦੀ ਵਰਤੋਂ ਕਿਚਨ ਦੇ ਨਾਲ-ਨਾਲ ਸੁੰਦਰਤਾ ਲਈ ਵੀ ਕੀਤੀ ਜਾਂਦੀ ਹੈ ਪਰ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਵੀ ਇਹ ਬਹੁਤ ਮਦਦਗਾਰ ਹੈ। ਦੰਦਾਂ ਦਾ ਦਰਦ ਅਤੇ ਪੀਲਾਪਣ ਦੂਰ ਕਰਨ ਲਈ 1 ਟੇਬਲਸਪੂਨ ਬੇਕਿੰਗ ਸੋਡੇ 'ਚ ਇਕ ਚੁਟਕੀ ਨਮਕ ਮਿਲਾ ਲਓ। ਰੋਜ਼ਾਨਾ ਦਿਨ ਵਿਚ 2 ਵਾਰ ਬਰੱਸ਼ 'ਤੇ ਇਸ ਪਾਊਡਰ ਨੂੰ ਲਾ ਕੇ ਦੰਦ ਸਾਫ ਕਰੋ।
2. ਐਲੋਵੀਰਾ ਅਤੇ ਗਲਿਸਰੀਨ
ਐਲੋਵੀਰਾ ਸਿਹਤ, ਸੁੰਦਰਤਾ ਅਤੇ ਦੰਦਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਨੈਚੁਰਲ ਤਰੀਕਾ ਹੈ। ਗਲਿਸਰੀਨ ਵੀ ਦੰਦਾਂ ਲਈ ਬਹੁਤ ਲਾਭਕਾਰੀ ਹੈ।
1 ਕੱਪ ਪਾਣੀ
1/2 ਟੇਬਲਸਪੂਨ ਬੇਕਿੰਗ ਸੋਡਾ
1 ਟੇਬਲਸਪੂਨ ਐਲੋਵੀਰਾ
1 ਟੀ-ਸਪੂਨ ਗਲਿਸਰੀਨ
2-3 ਬੂੰਦਾਂ ਨਿੰਬੂ ਦਾ ਰਸ
ਇਨ੍ਹਾਂ ਸਭ ਚੀਜ਼ਾਂ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨਾਲ ਰੋਜ਼ਾਨਾ ਦੰਦ ਸਾਫ ਕਰੋ। ਇਸ ਨੈਚੁਰਲ ਪੇਸਟ ਨਾਲ ਦੰਦ ਸਫੈਦ ਅਤੇ ਮਸੂੜਿਆਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ।
3. ਸੰਤਰੇ ਦੇ ਛਿਲਕੇ
ਵਿਟਾਮਿਨ-ਸੀ ਨਾਲ ਭਰਪੂਰ ਸੰਤਰਾ ਸਿਹਤ ਲਈ ਬਹੁਤ ਲਾਭਕਾਰੀ ਹੈ ਪਰ ਇਸ ਦੇ ਛਿਲਕੇ ਵੀ ਤੁਹਾਡੇ ਬਹੁਤ ਕੰਮ ਆ ਸਕਦੇ ਹਨ। ਇਹ ਦੰਦਾਂ ਨੂੰ ਚਮਕਦਾਰ ਬਣਾਉਣ ਦੇ ਨਾਲ-ਨਾਲ ਬੈਕਟੀਰੀਆ ਨੂੰ ਮਾਰਨ ਵਿਚ ਵੀ ਅਸਰਦਾਇਕ ਹਨ। ਸੰਤਰੇ ਦੇ ਛਿਲਕਿਆਂ ਨੂੰ ਛਾਂ 'ਚ ਸੁਕਾ ਕੇ ਪਾਊਡਰ ਬਣਾ ਲਓ ਅਤੇ ਰੋਜ਼ਾਨਾ ਬਰੱਸ਼ ਕਰਨ ਤੋਂ ਬਾਅਦ 1 ਮਿੰਟ ਤੱਕ ਇਸ ਨਾਲ ਦੰਦਾਂ ਦੀ ਮਸਾਜ ਕਰੋ। ਬਾਅਦ ਵਿਚ ਪਾਣੀ ਨਾਲ ਕਰੂਲੀ ਕਰ ਲਓ।
4. ਤਿਲਾਂ ਦੇ ਬੀਜ
ਤਿਲ ਦੰਦਾਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਦਿਵਾਉਣ ਦਾ ਵੀ ਕੰਮ ਕਰਦੇ ਹਨ। ਤਿਲਾਂ ਦੇ ਬੀਜ ਮੂੰਹ ਵਿਚ ਪਾ ਕੇ ਚਬਾਓ। ਬਾਅਦ ਵਿਚ ਬਰੱਸ਼ 'ਤੇ ਬਿਨਾਂ ਟੁੱਥਪੇਸਟ ਲਾਏ ਦੰਦਾਂ ਨੂੰ ਸਾਫ ਕਰੋ। ਇਨ੍ਹਾਂ ਨੂੰ ਤੁਸੀਂ ਪੀਸ ਕੇ ਦੰਦਾਂ 'ਤੇ ਮੰਜਨ ਵਾਂਗ ਵੀ ਇਸਤੇਮਾਲ ਕਰ ਸਕਦੇ ਹੋ।
5. ਫਰੂਟ ਅਤੇ ਵੈਜੀਟੇਬਲ ਟੁੱਥ ਮਾਸਕ
ਨੈਚੁਰਲ ਤਰੀਕੇ ਨਾਲ ਦੰਦਾਂ ਦਾ ਪੀਲਾਪਣ ਹਟਾਉਣ ਲਈ ਫਲ ਤੇ ਸਬਜ਼ੀਆਂ ਨਾਲ ਬਣੇ ਵਿਟਾਮਿਨ ਮਾਸਕ ਵੀ ਤੁਹਾਡੇ ਲਈ ਲਾਭਕਾਰੀ ਹੋ ਸਕਦੇ ਹਨ। ਇਸ ਦੀ ਵਰਤੋਂ ਕਰਨ ਨਾਲ ਕਿਸੇ ਤਰ੍ਹਾਂ ਦੇ ਸਾਈਡ ਇਫੈਕਟ ਦਾ ਵੀ ਕੋਈ ਡਰ ਨਹੀਂ ਰਹਿੰਦਾ। ਇਸ ਦੇ ਲਈ ਟਮਾਟਰ, ਸਟ੍ਰਾਅਬਰੀ ਅਤੇ ਸੰਤਰੇ ਨੂੰ ਇਕੱਠੇ ਪੀਸ ਕੇ ਪੇਸਟ ਤਿਆਰ ਕਰ ਲਓ। ਦੰਦਾਂ 'ਤੇ ਇਸ ਨੂੰ ਮੰਜਨ ਵਾਂਗ ਰਗੜੋ ਅਤੇ 5 ਮਿੰਟ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਪਾਣੀ ਨਾਲ ਕਰੂਲੀ ਕਰ ਕੇ ਮੂੰਹ ਸਾਫ ਕਰ ਲਓ। ਬੈਕਟੀਰੀਆ ਅਤੇ ਪੀਲਾਪਣ ਦੂਰ ਹੋ ਜਾਵੇਗਾ।
6. ਸਿਰਕਾ
ਸੇਬ ਦਾ ਸਿਰਕਾ ਨੈਚੁਰਲ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ। ਸਵਾਦ 'ਚ ਭਾਵੇਂ ਇਹ ਟੇਸਟੀ ਨਹੀਂ ਹੁੰਦਾ ਪਰ ਦੰਦਾਂ ਨੂੰ ਸਾਫ ਕਰਨ ਲਈ ਵਧੀਆ ਉਪਾਅ ਹੈ।
1 ਟੇਬਲਸਪੂਨ ਸਿਰਕਾ
1 ਟੀ-ਸਪੂਨ ਨਮਕ
ਅੱਧਾ ਕੱਪ ਪਾਣੀ
ਇਨ੍ਹਾਂ ਸਾਰਿਆਂ ਨੂੰ ਮਿਕਸ ਕਰ ਕੇ ਦਿਨ ਵਿਚ 2 ਵਾਰ ਚੂਲੀ ਕਰੋ। ਇਸ ਨਾਲ ਦੰਦਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋਣਗੀਆਂ।
ਮਸੂੜਿਆਂ ਦੇ ਫੁੱਲਣ 'ਤੇ ਅਪਣਾਓ ਇਹ ਘਰੇਲੂ ਉਪਾਅ
ਦੰਦਾਂ 'ਤੇ ਪਲਾਕ ਜੰਮਣ ਕਾਰਨ ਦੰਦ ਅਤੇ ਮਸੂੜਿਆਂ ਵਿਚਾਲੇ ਥਾਂ ਵਧਦੀ ਜਾਂਦੀ ਹੈ, ਜਿਸ ਨਾਲ ਇਨਫੈਕਸ਼ਨ ਵਧਣ ਲੱਗਦੀ ਹੈ ਅਤੇ ਕਈ ਵਾਰ ਤਾਂ ਇਸ ਨਾਲ ਖੂਨ ਨਿਕਲਣਾ ਅਤੇ ਮਸੂੜੇ ਫੁੱਲਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਬਚਣ ਲਈ ਤੁਸੀਂ ਘਰੇਲੂ ਤਰੀਕੇ ਅਪਣਾ ਸਕਦੇ ਹੋ।
- ਚੁਟਕੀ ਭਰ ਕਾਲੇ ਨਮਕ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਪਾ ਕੇ ਉਂਗਲੀ ਦੀ ਮਦਦ ਨਾਲ ਮਸੂੜਿਆਂ ਦੀ ਮਸਾਜ ਕਰੋ।
- ਕੈਸਟਰ ਆਇਲ ਵਿਚ ਥੋੜ੍ਹਾ ਜਿਹਾ ਕਪੂਰ ਦਾ ਪਾਊਡਰ ਮਿਲਾ ਕੇ ਮਸੂੜਿਆਂ 'ਤੇ ਮਸਾਜ ਕਰੋ। ਇਸ ਨਾਲ ਦੰਦਾਂ 'ਚੋਂ ਖੂਨ ਆਉਣਾ ਬੰਦ ਹੋ ਜਾਵੇਗਾ।
- ਅਮਰੂਦ ਦੇ ਤਾਜ਼ਾ ਪੱਤੇ ਚਬਾਉਣ ਨਾਲ ਮਸੂੜੇ ਅਤੇ ਦੰਦ ਮਜ਼ਬੂਤ ਹੁੰਦੇ ਹਨ।
- ਦੋ ਬੂੰਦਾਂ ਨਿੰਬੂ ਦੇ ਰਸ ਵਿਚ ਅੱਧਾ ਚੱਮਚ ਸ਼ਹਿਦ ਮਿਲਾ ਕੇ ਮਸੂੜਿਆਂ 'ਤੇ ਲਾਓ। ਇਸ ਨਾਲ ਬਹੁਤ ਆਰਾਮ ਮਿਲੇਗਾ।
ਦੰਦਾਂ 'ਤੇ ਕੀੜਾ ਲੱਗਣ 'ਤੇ ਕੀ ਕਰੀਏ
ਜ਼ਿਆਦਾ ਮਿੱਠਾ ਖਾਣ ਕਾਰਨ ਦੰਦਾਂ 'ਚ ਸੜਨ ਅਤੇ ਕੀੜੇ ਵੀ ਲੱਗਣੇ ਸ਼ੁਰੂ ਹੋ ਜਾਂਦੇ ਹਨ।
- ਜਿਸ ਦੰਦ 'ਚ ਕੀੜਾ ਲੱਗਾ ਹੈ, ਉਸ 'ਤੇ ਲੌਂਗ ਦੇ ਤੇਲ 'ਚ ਡੁਬੋ ਕੇ ਰੂੰ ਲਾਓ।
- ਪਾਣੀ ਵਿਚ ਹਿੰਗ ਪਾਊਡਰ ਪਾ ਕੇ ਉਬਾਲੋ ਅਤੇ ਕੋਸਾ ਹੋਣ 'ਤੇ ਇਸ ਪਾਣੀ ਨਾਲ ਕਰੂਲੀ ਕਰੋ।
- ਕਲੌਂਜੀ ਦੇ ਬੀਜਾਂ ਨੂੰ ਕੱਚਾ ਚਬਾਉਣ ਨਾਲ ਵੀ ਦੰਦਾਂ ਦੇ ਕੀੜੇ ਮਰ ਜਾਂਦੇ ਹਨ।