Beauty Tips : ‘ਸਿਕਰੀ’ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਤਰੀਕੇ, ਵਾਲ ਹੋਣਗੇ ਮਜ਼ਬੂਤ

08/01/2022 2:37:58 PM

ਜਲੰਧਰ (ਬਿਊਰੋ) - ਵਾਲਾਂ ’ਚ ਸਿਕਰੀ ਦੀ ਸਮੱਸਿਆ ਹੋਣਾ ਇਕ ਆਮ ਗੱਲ ਹੈ। ਇਹ ਬਹੁਤ ਸਾਰੇ ਕਾਰਨਾਂ ਦੇ ਕਰਕੇ ਹੋ ਸਕਦੀ ਹੈ, ਜਿਸ ਨਾਲ ਸਿਰ ’ਚ ਵਾਰ-ਵਾਰ ਖੁਰਕ ਹੁੰਦੀ ਰਹਿੰਦੀ ਹੈ। ਜੇਕਰ ਇਸ ਸਮੱਸਿਆ ’ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਗੰਭੀਰ ਹੋ ਸਕਦੀ ਹੈ। ਕਈ ਲੋਕ ਇਸ ਸਮੱਸਿਆ ਤੋਂ ਜ਼ਿਆਦਾ ਪ੍ਰੇਸ਼ਾਨ ਹਨ। ਸਿਕਰੀ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਬਾਜ਼ਾਰ ’ਚ ਬਹੁਤ ਸਾਰੇ ਐਂਟੀ ਡੈਂਡਰਫ ਸ਼ੈਂਪੂ ਮੌਜੂਦ ਹਨ ਪਰ ਉਨ੍ਹਾਂ ਦੇ ਕਈ ਸਾਈਡ ਇਫੈਕਟ ਵੀ ਹੋ ਸਕਦੇ ਹਨ। ਇਸੇ ਲਈ ਸਿਕਰੀ ਨੂੰ ਦੂਰ ਕਰਨ ਦੇ ਕੁਝ ਘਰੇਲੂ ਨੁਸਖ਼ਿਆਂ ਦੇ ਬਾਰੇ ਦੱਸ ਰਹੇ ਹਾਂ.....

ਦਹੀਂ ਲਗਾਓ
ਸਿਕਰੀ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਦਹੀਂ ਦੀ ਵਰਤੋਂ ਕਰ ਸਕਦੇ ਹੋ। ਦਹੀਂ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ, ਜਿਸ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਹੁੰਦੇ ਹਨ। ਇਸ ਵਿਚ ਪਾਇਆ ਜਾਣ ਵਾਲਾ ਲੈਕਟਿਕ ਐਸਿਡ ਤੁਹਾਡੇ ਵਾਲਾਂ ਲਈ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਇੱਕ ਕਟੋਰੀ ਦਹੀਂ ਲੈ ਕੇ ਉਸ ਨੂੰ ਸਿਕਰੀ ਵਾਲੀ ਥਾਂ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਵਾਲਾਂ ਦੀ ਮਾਲਿਸ਼ ਕਰੋ। 30 ਮਿੰਟ ਬਾਅਦ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਨਾਲ ਸਿਕਰੀ ਦੀ ਸਮੱਸਿਆ ਘੱਟ ਹੋਣ ਲੱਗੇਗੀ।

ਨਿੰਬੂ ਦਾ ਰਸ
ਸਿਕਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਿੰਬੂ ਦਾ ਰਸ ਬਹੁਤ ਫ਼ਾਇਦੇਮੰਦ ਹੁੰਦਾ ਹੈ। ਨਿੰਬੂ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ-ਸੀ ਤੁਹਾਡੇ ਵਾਲਾਂ ਲਈ ਲਾਭਦਾਇਕ ਹੁੰਦਾ ਹੈ। ਵਾਲਾਂ 'ਤੇ ਸਿਰਫ ਨਿੰਬੂ ਦਾ ਰਸ ਨਾ ਲਗਾਓ। ਤੁਸੀਂ ਇਸ ਵਿਚ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਜਾਂ ਨਾਰੀਅਲ ਦਾ ਤੇਲ ਮਿਲਾ ਕੇ ਸਿਕਰੀ ਵਾਲੀ ਥਾਂ 'ਤੇ ਲਗਾ ਸਕਦੇ ਹੋ। ਇਸ ਨਾਲ ਸਿਕਰੀ ਦੀ ਸਮੱਸਿਆ ਘੱਟ ਹੋ ਜਾਵੇਗੀ।

ਬੇਸਣ ਦਾ ਇਸਤੇਮਾਲ
ਸਿਕਰੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਵਾਲਾਂ ਵਿਚ ਬੇਸਣ ਵੀ ਲਗਾ ਸਕਦੇ ਹੋ। ਬੇਸਣ ਚਮੜੀ ਦੇ ਨਾਲ-ਨਾਲ ਵਾਲਾਂ ਲਈ ਬਹੁਤ ਫ਼ਾਇਦੇਮੰਦ ਹੋਵੇਗਾ। ਇਕ ਚਮਚ ਬੇਸਣ ’ਚ ਥੋੜਾ ਜਿਹਾ ਪਾਣੀ ਮਿਲਾ ਦਿਓ ਅਤੇ ਸਿਕਰੀ ਵਾਲੀ ਥਾਂ ’ਤੇ ਲਗਾਓ। 30 ਮਿੰਟਾਂ ਬਾਅਦ ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਲਓ। 

ਐਲੋਵੀਰਾ ਜੈਲ
ਵਾਲਾਂ ਵਿੱਚ ਬਹੁਤ ਜ਼ਿਆਦਾ ਸਿਕਰੀ ਦੀ ਸਮੱਸਿਆ ਹੋਣ ’ਤੇ ਐਲੋਵੇਰਾ ਜੈੱਲ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਫ਼ਾਇਦੇਮੰਦ ਹੁੰਦੀ ਹੈ। ਐਲੋਵੀਰਾ ਜੈਲ ਨੂੰ ਇਕ ਕਟੋਰੀ ’ਚ ਪੈ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ। ਅੱਧੇ ਘੰਟੇ ਬਾਅਦ ਵਾਲ ਧੋ ਲਓ। ਇਸ ਤਰ੍ਹਾਂ ਹਫ਼ਤੇ ਵਿੱਚ ਦੋ ਵਾਰ ਕਰਨ ਨਾਲ ਸਿਕਰੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 

ਨਾਰੀਅਲ ਦਾ ਤੇਲ
ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਾਰੀਅਲ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਨਾਰੀਅਲ ਦੇ ਤੇਲ ਵਿੱਚ ਐਂਟੀਆਕਸੀਡੈਂਟ, ਵਿਟਾਮਿਨ-ਈ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਵਾਲਾਂ ’ਚੋਂ ਸਿਕਰੀ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।

rajwinder kaur

This news is Content Editor rajwinder kaur