ਬੱਚੇ ਦੀ ਚੋਰੀ ਕਰਨ ਦੀ ਆਦਤ ਨੂੰ ਇਸ ਤਰ੍ਹਾਂ ਛੁਡਾਓ

10/20/2018 3:51:07 PM

ਨਵੀਂ ਦਿੱਲੀ— ਛੋਟੇ ਬੱਚੇ ਅਕਸਰ ਕਲਾਸ 'ਚ ਦੂਜੇ ਬੱਚਿਆਂ ਦੀ ਪੈਂਸਿਲ, ਰਬੜ ਜਾਂ ਕਿਸੇ ਵੀ ਕਿਤਾਬ ਆਉਣ 'ਤੇ ਚੁਪਕੇ ਨਾਲ ਚੁਕ ਲੈਂਦੇ ਹਨ। ਇੰਨਾ ਹੀ ਨਹੀਂ ਕਈ ਵਾਰ ਉਹ ਕਿਸੇ ਦੇ ਘਰ ਜਾਂਦੇ ਹਨ ਤਾਂ ਕੋਈ ਖਿਡੌਣਾ ਪਸੰਦ ਆਉਣ 'ਤੇ ਉਸ ਨੂੰ ਚੁਕ ਲੈਂਦੇ ਹਨ। ਦੂਜਿਆਂ ਨੂੰ ਭਾਂਵੇ ਇਹ ਚੋਰੀ ਲੱਗੇ ਪਰ ਬੱਚੇ ਨਾਦਾਨ ਹੁੰਦੇ ਹਨ ਅਤੇ ਉਹ ਸਿਰਫ ਪਸੰਦ ਆਈ ਚੀਜ਼ ਨੂੰ ਆਪਣੇ ਕੋਲ ਦੇਖਣਾ ਚਾਹੁੰਦੇ ਹਨ ਪਰ ਬਚਪਨ ਦੀ ਇਹ ਆਦਤ ਵੱਡੇ ਹੋਣ 'ਤੇ ਪ੍ਰੇਸ਼ਾਨੀ ਦਾ ਸਬਬ ਬਣ ਸਕਦੀ ਹੈ। ਅਜਿਹੇ 'ਚ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬਿਨਾ ਡਾਂਟੇ ਜਾਂ ਸਖਤੀ ਨਾਲ ਬੱਚਿਆਂ ਨੂੰ ਇਸ ਆਦਤ ਨੂੰ ਛੁਡਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਪਿਆਰ ਨਾਲ ਕਹੀ ਹਰ ਗੱਲ ਬੱਚੇ ਜਲਦੀ ਸਮਝ ਲੈਂਦੇ ਹਨ।
 

1. ਚੋਰੀ ਨਾ ਸਮਝੋ
ਬੱਚੇ ਦਾ ਚੋਰੀ ਕਰਨਾ ਭਾਂਵੇ ਹੀ ਤੁਹਾਡੇ ਲਈ ਇਕ ਗੰਭੀਰ ਵਿਸ਼ਾ ਹੋਵੇ ਪਰ ਇਸ ਲਈ ਉਸ ਨੂੰ ਚੋਰ ਦੀਆਂ ਨਜ਼ਰਾਂ ਨਾਲ ਦੇਖਣਾ ਠੀਕ ਨਹੀਂ। ਜੇਕਰ ਤੁਹਾਡੇ ਬੱਚੇ 'ਚ ਲੋਕਾਂ ਦੀਆਂ ਚੀਜ਼ਾਂ ਨੂੰ ਚੁਪਚਾਪ ਚੁਕ ਲੈਣ ਦੀ ਆਦਤ ਪੈ ਰਹੀ ਹੈ ਤਾਂ ਤੁਸੀਂ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ ਕਰੋ ਕਿ ਇਹ ਆਦਤ ਠੀਕ ਨਹੀਂ ਹੈ।
 

2. ਆਪਣੀ ਗੱਲ ਕਹਿਣ ਦਿਓ
ਬੱਚੇ ਤੋਂ ਇਹ ਜਾਣਨ ਦੀ ਕੋਸ਼ਿਸ ਕਰੋ ਕਿ ਉਸ ਨੇ ਅਜਿਹਾ ਕਦੋਂ ਅਤੇ ਕਿਉਂ ਕੀਤਾ। ਉਸ ਨੂੰ ਆਪਣੀ ਪੂਰੀ ਗੱਲ ਕਹਿਣ ਦਾ ਮੌਕਾ ਦਿਓ। ਇਸ ਦੌਰਾਨ ਗੁੱਸਾ ਨਾ ਦਿਖਾਓ ਕਿਉਂਕਿ ਹੋ ਸਕਦਾ ਹੈ ਕਿ ਗੁੱਸੇ ਦਾ ਉਨ੍ਹਾਂ 'ਤੇ ਗਲਤ ਅਸਰ ਪੈ ਜਾਵੇ ਅਤੇ ਉਹ ਚੋਰੀ ਵੀ ਕਰੇ ਅਤੇ ਕਿਸੇ ਦੇ ਪੁੱਛਣ 'ਤੇ ਝੂਠ ਵੀ ਬੋਲਣ ਲੱਗ ਜਾਵੇ।
 

3. ਈਮਾਨਦਾਰੀ ਦੀ ਕਦਰ ਕਰੋ
ਜੇਕਰ ਬੱਚਾ ਪੂਰੀ ਸੱਚਾਈ ਨਾਲ ਤੁਹਾਨੂੰ ਦੱਸਦਾ ਹੈ ਕਿ ਉਸ ਨੇ ਦੁਜਿਆਂ ਦਾ ਸਾਮਾਨ ਕਿਉਂ ਲਿਆ ਹੈ ਤਾਂ ਉਸ ਦੀ ਈਮਾਨਦਾਰੀ ਦੀ ਕਦਰ ਕਰੋ। ਉਸ ਨੂੰ ਸਮਝਾਓ ਕਿ ਇਹ ਆਦਤ ਉਸ ਲਈ ਹਾਨੀਕਾਰਕ ਹੈ ਅਤੇ ਇਸ ਨਾਲ ਉਨ੍ਹਾਂ ਦੇ ਦੋਸਤ ਨਾਰਾਜ਼ ਹੋ ਜਾਣਗੇ।
 

4. ਬੱਚਿਆਂ 'ਤੇ ਰੱਖੋ ਨਜ਼ਰ 
ਬੱਚਿਆਂ 'ਤੇ ਨਜ਼ਰ ਰੱਖਣਾ ਵੀ ਬਹੁਤ ਜ਼ਰੂਰੀ ਹੈ। ਹਰ ਰੋਜ਼ ਉਸ ਦਾ ਸਾਮਾਨ ਚੈੱਕ ਕਰੋ ਅਤੇ ਜੇਕਰ ਕੁਝ ਚੀਜ਼ਾਂ ਐਕਸਟਰਾ ਹੋਣ ਤਾਂ ਉਸ ਨਾਲ ਇਸ ਬਾਰੇ ਗੱਲ ਕਰੋ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਾਮਾਨ ਵਾਪਸ ਕਰਨ ਦੇ ਨਾਲ-ਨਾਲ ਮੁਆਫੀ ਮੰਗਣ ਲਈ ਵੀ ਕਹੋ।
 

5. ਸਖਤ ਹੋਣਾ ਗਲਤ ਨਹੀਂ
ਪਿਆਰ ਨਾਲ ਸਮਝਾਉਣ ਦੇ ਬਾਅਦ ਵੀ ਜੇਕਰ ਬੱਚਾ ਆਪਣੀ ਗਲਤੀ ਦੁਹਰਾਏ ਤਾਂ ਉਸ ਨਾਲ ਸਖਤੀ ਨਾਲ ਪੇਸ਼ ਆਓ ਅਤੇ ਉਸ ਨੂੰ ਅਹਿਸਾਸ ਦਿਵਾਓ ਕਿ ਉਸ ਨੇ ਗਲਤ ਕੰਮ ਕੀਤਾ ਹੈ। ਇਸ ਮਾਮਲੇ 'ਚ ਅਣਦੇਖੀ ਕਰਨ ਨਾਲ ਬੱਚਾ ਗਲਤ ਰਾਹ 'ਤੇ ਵੀ ਜਾ ਸਕਦਾ ਹੈ।