Silver jewellery ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਆਸਾਨ ਤਰੀਕੇ

07/16/2017 10:12:05 AM

ਜਲੰਧਰ— ਮਾਨਸੂਨ ਦੇ ਮੌਸਮ ਵਿਚ ਵਾਤਾਵਰਣ ਨਮੀ ਅਤੇ ਹੁੰਮਸ ਭਰਿਆ ਹੋ ਜਾਂਦਾ ਹੈ। ਅਜਿਹੇ ਵਿਚ ਖਾਣ-ਪੀਣ ਦੇ ਸਾਮਾਨ ਤੋਂ ਲੈ ਕੇ ਕੱਪੜਿਆਂ ਤੱਕ, ਹਰ ਚੀਜ਼ ਵਿਚ ਸਲ੍ਹਾਬਾ ਆ ਜਾਂਦਾ ਹੈ, ਜਿਸਦਾ ਅਸਰ ਘਰ ਦੇ ਇੰਟੀਰੀਅਰ ਅਤੇ ਜਿਊਲਰੀ ਵਿਚ ਵੀ ਦੇਖਣ ਨੂੰ ਮਿਲਦਾ ਹੈ। ਇਸ ਮੌਸਮ ਵਿਚ ਸਿਲਵਰ ਜਿਊਲਰੀ ਆਪਣੀ ਚਮਕ ਗੁਆ ਦਿੰਦੀ ਹੈ ਕਿਉਂਕਿ ਜੇ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਹ ਕਾਲੀ ਪੈ ਜਾਂਦੀ ਹੈ। ਉਥੇ ਹੀ ਇੰਟੀਰੀਅਰ ਵਿਚ ਬਹੁਤ ਸਾਰੇ ਲੋਕ ਚਾਂਦੀ ਦੇ ਟੀ. ਸੈੱਟ ਜਾਂ ਫਿਰ ਡਿਨਰ ਸੈੱਟ ਕਿਚਨ ਵਿਚ ਸਜਾ ਕੇ ਰੱਖਦੇ ਹਨ ਪਰ ਜੇ ਤੁਸੀਂ ਇਨ੍ਹਾਂ ਦੀ ਚਮਕ ਨੂੰ ਮਾਨਸੂਨ ਵਿਚ ਵੀ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਦੀ ਇਸ ਮੌਸਮ ਵਿਚ ਕੇਅਰ ਕਰੋ।
ਇਸ ਤਰ੍ਹਾਂ ਕਰੋ ਰੱਖ-ਰਖਾਅ
-ਚਾਂਦੀ ਦੇ ਗਹਿਣਿਆਂ ਨੂੰ ਨਹਾਉਣ ਜਾਂ ਹੱਥ ਧੋਣ ਤੋਂ ਪਹਿਲਾਂ ਉਤਾਰ ਦਿਓ। ਇਸ 'ਤੇ ਵਾਰ-ਵਾਰ ਪਾਣੀ ਲੱਗਣ ਨਾਲ ਇਹ ਕਾਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਮੀਂਹ ਵਿਚ ਕਿਤੇ ਬਾਹਰ ਜਾ ਰਹੇ ਹੋ ਤਾਂ ਸਿਲਵਰ ਜਿਊਲਰੀ ਨਾ ਪਹਿਨੋ।
- ਘਰ ਦੀ ਸਾਫ-ਸਫਾਈ ਲਈ ਇਸਤੇਮਾਲ ਕੀਤੇ ਜਾਣ ਵਾਲੇ ਕਲੀਨਰ ਨਾਲ ਵੀ ਜਿਊਲਰੀ ਖਰਾਬ ਹੋ ਜਾਂਦੀ ਹੈ। ਰਿੰਗ ਅਤੇ ਚੂੜੀਆਂ ਦੇ ਡਿਜ਼ਾਈਨ ਵਿਚ ਕਲੀਨਰ ਫਸ ਜਾਂਦੇ ਹਨ ਅਤੇ ਹਵਾ ਵਿਚ ਨਮੀ ਹੋਣ ਕਾਰਨ ਇਹ ਕਾਲੇ ਧੱਬਿਆਂ ਵਾਂਗ ਦਿਖਾਈ ਦੇਣ ਲੱਗਦੇ ਹਨ। ਚਾਂਦੀ ਦੇ ਗਹਿਣਿਆਂ ਦੀ ਸ਼ਾਈਨ ਅਤੇ ਗ੍ਰੇਸ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਕਲੀਨਿੰਗ ਤੋਂ ਪਹਿਲਾਂ ਇਨ੍ਹਾਂ ਨੂੰ ਉਤਾਰ ਦਿਓ ਅਤੇ ਬਾਅਦ ਵਿਚ ਪਹਿਨ ਲਓ।
- ਸਿਲਵਰ ਅਸੈੱਸਰੀਜ਼ ਵਾਰਡਰੋਬ ਵਿਚ ਸ਼ਾਮਲ ਕਰ ਰਹੇ ਹੋ ਤਾਂ ਇਨ੍ਹਾਂ ਦੀ ਕੇਅਰ ਵੀ ਖਾਸ ਤਰੀਕੇ ਨਾਲ ਕਰਨੀ ਪੈਂਦੀ ਹੈ। ਇਨ੍ਹਾਂ ਨੂੰ ਜਿਊਲਰੀ ਬਾਕਸ ਵਿਚ ਖੁੱਲ੍ਹੇ ਰੱਖਣ ਦੀ ਥਾਂ ਜਿਪ ਲਾਕ ਬੈਗਸ ਵਿਚ ਪਾ ਕੇ ਰੱਖੋਗੇ ਤਾਂ ਕਾਲੇ ਪੈਣ ਤੋਂ ਬਚੇ ਰਹਿਣਗੇ। ਇਸ ਤੋਂ ਇਲਾਵਾ ਲੇਅਰਡ ਜਿਊਲਰੀ ਸਟੋਰੇਜ ਬੈਗਸ ਵੀ ਇਸ ਦੇ ਲਈ ਵਧੀਆ ਆਪਸ਼ਨ ਹੈ। ਇਸ ਨਾਲ ਨਮੀ ਜਿਊਲਰੀ ਤੱਕ ਨਹੀਂ ਪਹੁੰਚ ਸਕੇਗੀ।
- ਗਹਿਣਿਆਂ ਦੇ ਕਾਲਾ ਪੈਣ ਦਾ ਇਕ ਕਾਰਨ ਕਾਸਮੈਟਿਕ ਅਤੇ ਪ੍ਰਫਿਊਮ ਦੀ ਵਰਤੋਂ ਵੀ ਹੈ। ਪਾਰਟੀ ਵਿਚ ਜਿਊਲਰੀ ਪਹਿਨ ਕੇ ਜਾ ਰਹੇ ਹੋ ਤਾਂ ਪਹਿਲਾਂ ਮੇਕਅਪ ਅਤੇ ਪ੍ਰਫਿਊਮ ਲਾ ਲਓ, ਬਾਅਦ ਵਿਚ ਅਸੈੱਸਰੀਜ਼ ਵੀਅਰ ਕਰੋ।
ਇਸ ਤਰ੍ਹਾਂ ਕਰੋ ਗਹਿਣਿਆਂ ਨੂੰ ਸਾਫ
1. ਪਾਣੀ ਅਤੇ ਸਾਬਣ
ਪਾਣੀ ਅਤੇ ਸਾਬਣ ਨਾਲ ਇਸ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। ਅਮੋਨੀਆ ਅਤੇ ਫਾਸਫੇਟ ਫ੍ਰੀ ਡਿਸ਼ਵਾਸ਼ਰ ਕਲੀਨਰ ਨੂੰ ਤਾਜ਼ੇ ਪਾਣੀ ਵਿਚ ਪਾ ਕੇ ਇਸ ਘੋਲ ਨਾਲ ਆਪਣੇ ਗਹਿਣੇ ਸਾਫ ਕਰੋ। ਇਹ ਹੋਮਮੇਡ ਕਲੀਨਰ ਗਹਿਣਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਪਹੁੰਚਾਉਂਦਾ।
2. ਆਲਿਵ ਆਇਲ ਅਤੇ ਨਿੰਬੂ ਦਾ ਰਸ
ਅੱਧਾ ਕੱਪ ਨਿੰਬੂ ਦਾ ਰਸ ਅਤ ਇਕ ਚਮਚ ਜੈਤੂਨ ਦਾ ਤੇਲ ਮਿਕਸ ਕਰੋ। ਇਕ ਕਾਟਨ ਦੇ ਕੱਪੜੇ ਨੂੰ ਇਸ ਵਿਚ ਭਿਓਂ ਕੇ ਇਸ ਨਾਲ ਚਾਂਦੀ ਦੇ ਗਹਿਣੇ ਰਗੜ ਕੇ ਸਾਫ ਕਰੋ। ਇਨ੍ਹਾਂ ਨੂੰ ਧੋ ਕੇ ਸੁਕਾ ਲਓ। ਗਹਿਣਿਆਂ ਵਿਚ ਸ਼ਾਈਨ ਆ ਜਾਵੇਗੀ।
3. ਨਮਕ ਅਤੇ ਪਾਣੀ
ਇਕ ਕੱਪ ਕੋਸਾ ਪਾਣੀ, ਇਕ ਟੇਬਲਸਪੂਨ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਘੋਲ ਲਓ ਅਤੇ ਹੁਣ ਇਸ 'ਚ ਐਲੂਮੀਨੀਅਮ ਫਾਈਲ ਦੇ ਕੁਝ ਟੁਕੜੇ ਪਾ ਦਿਓ। ਇਸ ਵਿਚ ਜਿਊਲਰੀ ਨੂੰ 5 ਮਿੰਟ ਲਈ ਭਿਓਂ ਕੇ ਰੱਖੋ। ਬਾਅਦ ਵਿਚ ਇਨ੍ਹਾਂ ਨੂੰ ਠੰਡੇ ਪਾਣੀ ਨਾਲ ਧੋ ਕੇ ਕੱਪੜੇ ਨਾਲ ਸਾਫ ਕਰ ਲਓ। ਕਾਲਾਪਨ ਦੂਰ ਹੋ ਜਾਵੇਗਾ।
4. ਟੋਮੈਟੋ ਸੌਸ
ਟੋਮੈਟੋ ਸੌਸ ਦੀ ਮਦਦ ਨਾਲ ਵੀ ਚਾਂਦੀ ਦੀਆਂ ਚੀਜ਼ਾਂ ਨੂੰ ਸਾਫ ਕੀਤਾ ਜਾ ਸਕਦਾ ਹੈ। ਜੇ ਤੁਹਾਨੂੰ ਜ਼ਿਆਦਾ ਚਮਕ ਚਾਹੀਦੀ ਤਾਂ ਤੁਸੀਂ ਚਾਂਦੀ ਦੀਆਂ ਚੀਜ਼ਾਂ 'ਤੇ ਕੁਝ ਦੇਰ ਲਈ ਸੌਸ ਲੱਗੀ ਰਹਿਣ ਦਿਓ। ਬਾਅਦ ਵਿਚ ਕੱਪੜੇ ਦੀ ਮਦਦ ਨਾਲ ਸਾਫ ਕਰ ਲਓ।
5. ਬੇਕਿੰਗ ਸੋਡਾ
ਥੋੜ੍ਹੇ ਜਿਹੇ ਪਾਣੀ ਵਿਚ ਬੇਕਿੰਗ ਸੋਡਾ ਪਾ ਕੇ ਗਾੜ੍ਹੀ ਪੇਸਟ ਬਣਾ ਲਓ ਅਤੇ ਇਸ ਨੂੰ ਗਹਿਣਿਆਂ 'ਤੇ ਲਾ ਕੇ ਹਲਕੇ ਹੱਥਾਂ ਨਾਲ ਰਗੜੋ। ਇਸ ਤੋਂ ਬਾਅਦ ਪਾਣੀ ਨਾਲ ਧੋ ਲਓ। ਤੁਸੀਂ ਬੇਕਿੰਗ ਸੋਡੇ ਦੀ ਥਾਂ ਬਿਨਾਂ ਪਾਣੀ ਦੇ ਸਫੈਦ ਟੁੱਥਪੇਸਟ ਦੀ ਵੀ ਵਰਤੋਂ ਕਰ ਸਕਦੇ ਹੋ।