ਚਿੰਤਾ ਤੇ ਤਣਾਓ ਸਫਲਤਾ ਦੇ ਵੱਡੇ ਦੁਸ਼ਮਣ

04/01/2020 12:05:27 PM

ਚਿੰਤਾ ਤੇ ਤਣਾਓ ਸਫਲਤਾ ਦੇ ਵੱਡੇ ਦੁਸ਼ਮਣ

ਡਾ: ਹਰਜਿੰਦਰ ਵਾਲੀਆ

ਚਿੰਤਾ ਚਿਖਾ ਸਮਾਨ ਹੁੰਦੀ ਹੈ। ਜਿਹੜਾ ਮਨੁੱਖ ਬੀਤੇ 'ਤੇ
ਝੂਰਦਾ ਰਹਿੰਦਾ ਹੈ, ਵਰਤਮਾਨ ਲਈ ਪ੍ਰੇਸ਼ਾਨ ਰਹਿੰਦਾ ਹੈ
ਅਤੇ ਭਵਿੱਖ ਤੋਂ ਡਰਦਾ ਰਹਿੰਦਾ ਹੈ, ਉਹ ਅਸਲ ਵਿਚ ਚਿਖਾ
'ਤੇ ਪਿਆ ਹੀ ਜ਼ਿੰਦਗੀ ਬਿਤਾ ਰਿਹਾ ਹੈ। ਬੰਦੇ ਦੀ ਉਮਰ
ਤਾਂ ਮੁਸ਼ਕਿਲ ਨਾਲ ਸੌ ਸਾਲ ਦੀ ਹੁੰਦੀ ਹੈ ਪਰ ਉਹ ਫਿਕਰ
ਹਜ਼ਾਰ ਸਾਲ ਜਿੰਨੇ ਚੁੱਕੀ ਫਿਰਦਾ ਹੈ। ਇਹ ਜ਼ਿੰਦਗੀ ਰੰਗ
ਬਿਰੰਗੀ ਹੈ। ਇਸ ਵਿਚ ਹਰ ਰੰਗ ਹੈ। ਇਸ ਜ਼ਿੰਦਗੀ ਵਿਚ
ਦੁੱਖਾਂ, ਤਕਲੀਫਾਂ, ਕਮੀਆਂ, ਗ਼ਮੀਆਂ ਦੀ ਜ਼ਹਿਰ ਹੈ,
ਕੁੜੱਤਣ ਹੈ, ਨਿਰਾਸ਼ਾ ਹੈ, ਹਾਰ ਹੈ, ਚਿੰਤਾਵਾਂ, ਡਰ ਅਤੇ
ਤਣਾਅ ਹੈ। ਦੂਜੇ ਪਾਸੇ ਇਸੇ ਜ਼ਿੰਦਗੀ ਵਿਚ ਰੰਗ ਬਿਰੰਗੇ
ਫੁੱਲ ਹਨ, ਫੁੱਲਾਂ ਦੀਆਂ ਮਹਿਕਾਂ, ਹਾਸੇ ਹਨ, ਖੁਸ਼ੀਆਂ
ਹਨ, ਮਿਠਾਸ ਹੈ, ਹੁਲਾਸ ਹੈ ਅਤੇ
ਆਸ ਹੈ। ਸਫਲਤਾ ਦੀ ਡਗਰ 'ਤੇ ਚਲਦਾ ਮਨੁੱਖ ਜੇ ਤਣਾਅ
ਗ੍ਰਸਤ ਹੈ ਅਤੇ ਚਿੰਤਾ ਨਾਲ ਭਰਿਆ ਹੋਇਆ ਹੈ ਤਾਂ
ਮੰਜ਼ਿਲ ਉਸ ਤੋਂ ਕੋਹਾਂ ਦੂਰ ਭੱਜ ਜਾਵੇਗੀ। ਮੰਜ਼ਿਲ
ਪ੍ਰਾਪਤੀ ਲਈ ਮਨੁੱਖ ਨੂੰ ਇਕਾਗਰਚਿਤ ਹੋ ਕੇ ਦ੍ਰਿੜ੍ਹ
ਇੱਛਾ ਸ਼ਕਤੀ ਨਾਲ ਮਿਹਨਤ ਕਰਨ ਦੀ ਲੋੜ ਹੁੰਦੀ ਹੈ।

ਚਿੰਤਾਵਾਂ ਨਾਲ ਘਿਰਿਆ ਮਨੁੱਖ ਨਿਰਾਸ਼ਾ ਦੀਆਂ ਕਾਲ
ਕੋਠੜੀਆਂ ਵਿਚ ਗੁੰਮ ਹੋ ਜਾਂਦਾ ਹੈ।
ਅੱਜ ਦੇ ਯੁੱਗ ਵਿਚ ਜੇਕਰ ਵਿਗਿਆਨ ਅਤੇ ਆਰਥਿਕ ਤਰੱਕੀ
ਨੇ ਮਨੁੱਖ ਨੂੰ ਆਧੁਨਿਕ ਮਨੁੱਖ ਹੋਣ ਦਾ ਸੁਭਾਗ
ਦਿੱਤਾ ਹੈ, ਉਥੇ ਪਦਾਰਥਵਾਦ ਨੇ ਤਿੱਖੇ ਮੁਕਾਬਲੇ
ਪੈਦਾ ਕਰਕੇ ਅਮੀਰੀ ਅਤੇ ਗਰੀਬੀ ਵਿਚ ਪਾੜਾ ਵਧਾ
ਦਿੱਤਾ ਹੈ। ਰਿਸ਼ਤੇ ਤਿੜਕ ਰਹੇ ਹਨ। ਵਫਾ ਖੰਭ ਲਾ ਕੇ ਉਡ
ਰਹੀ ਹੈ। ਲਾਲਚ ਵੱਧ ਰਿਹਾ ਹੈ। ਵੱਧ ਰਹੇ ਲਾਲਚ ਨੇ ਲੋਕਾਂ
ਦਾ ਖੂਨ ਸਫੈਦ ਕਰ ਦਿੱਤਾ ਹੈ। ਮੇਰੇ ਸੰਪਰਕ ਵਿਚ ਅਜਿਹੀ
ਔਰਤ ਆਈ, ਜਿਸਨੂੰ ਸੱਚਮੁਚ ਹੀ ਪ੍ਰਮਾਤਮਾ ਦੀ
ਨਿਆਮਤ ਕਿਹਾ ਜਾ ਸਕਦਾ ਹੈ। ਇੰਨੀ ਖੂਬਸੂਰਤੀ ਕਿਸੇ
ਵਿਰਲੇ ਦੇ ਹੀ ਹਿੱਸੇ ਆਉਂਦੀ ਹੈ ਪਰ ਸਰੀਰਕ ਸੁੰਦਰਤਾ
ਤੋਂ ਇਲਾਵਾ ਉਸ ਬਦਕਿਸਮਤ ਦੇ ਹਿੱਸੇ ਦੁੱਖਾਂ ਤੋਂ ਬਿਨਾਂ
ਕੁਝ ਵੀ ਨਹੀਂ ਸੀ।
''ਸੋਹਣੀ ਹੋਣ ਕਾਰਨ ਮੇਰਾ ਵਿਆਹ 19 ਵਰ੍ਹਿਆਂ ਦੀ
ਉਮਰ ਵਿਚ ਇਕ ਰੱਜੇ ਪੁੱਜੇ ਘਰ ਵਿਚ ਹੋ ਗਿਆ। ਇਕ ਵਰ੍ਹੇ
ਬਾਅਦ ਮੇਰੇ ਘਰ ਇਕ ਬੇਟੀ ਨੇ ਜਨਮ ਲਿਆ। ਮੇਰੀ ਸੱਸ
ਦਾ ਵਿਵਹਾਰ ਮੇਰੇ ਨਾਲ ਬਹੁਤ ਰੁੱਖਾ ਹੋ ਗਿਆ। ਉਹ ਜਿੱਥੇ
ਦਾਜ ਘੱਟ ਲਿਆਉਣ ਲਈ ਤਾਅਨੇ ਮਿਹਣੇ ਮਾਰਦੀ
ਹੁੰਦੀ ਸੀ ਹੁਣ ਪੁੱਤ ਨਾ ਜੰਮਣ ਕਾਰਨ ਹੋਰ ਵੀ ਜ਼ਿਆਦਾ
ਦੁਖੀ ਕਰਨ ਲੱਗੀ। ਬਦਕਿਸਮਤੀ ਨਾਲ ਮੇਰਾ ਬਾਪ
ਕੈਂਸਰ ਕਾਰਨ ਚੱਲ ਵੱਸਿਆ। ਭਰਾ ਤਾਂ ਪਹਿਲਾਂ ਹੀ
ਭਰਜਾਈਆਂ ਦੇ ਹੱਥ ਚੜ੍ਹੇ ਹੋਏ ਸਨ। ਉਪਰੋਂ ਰੱਬ ਨੇ

ਮੇਰੇ ਘਰ ਇਕ ਹੋਰ ਧੀ ਭੇਜ ਦਿੱਤੀ। ਬੱਸ ਫਿਰ ਕੀ ਸੀ,
ਸੱਸ ਨੇ ਮੇਰੇ ਖਸਮ ਨੂੰ ਆਪਣੇ ਹੱਥ ਵਿਚ ਕਰ ਲਿਆ।
ਪੇਕਿਆਂ ਵੱਲੋਂ ਪਹਿਲਾਂ ਹੀ ਗਈ ਗੁਜ਼ਰੀ ਸੀ, ਘਰ ਵਾਲਾ
ਜਰਮਨ ਚਲਿਆ ਗਿਆ। ਸੱਸ ਨੇ ਮੈਨੂੰ ਘਰੋਂ ਕੱਢ ਦਿੱਤਾ।
ਮਰਨ ਤੋਂ ਇਲਾਵਾ ਮੇਰੇ ਕੋਲ ਕੋਈ ਚਾਰਾ ਨਹੀਂ।'' ਉਸ
ਔਰਤ ਨੇ ਆਪਣੀ ਦਰਦ ਭਰੀ ਕਹਾਣੀ ਮੈਨੂੰ ਸੁਣਾਈ।
ਮੈਂ ਉਸਨੂੰ ਕਿਹਾ ਤੇਰੀ ਦੁੱਖ ਭਰੀ ਦਾਸਤਾਂ ਸੁਣ ਕੇ
ਬਹੁਤ ਦੁੱਖ ਹੋਇਆ ਹੈ ਪਰ ਖੁਦਕੁਸ਼ੀ ਇਸਦਾ ਕੋਈ ਇਲਾਜ
ਨਹੀਂ। ਜੇ ਤੂੰ ਆਪਣੀਆਂ ਧੀਆਂ ਨੂੰ ਪਿਆਰ ਕਰਦੀ ਹੈਂ
ਤਾਂ ਇਹਨਾਂ ਲਈ ਜੀਅ। ਇਹਨਾਂ ਨੂੰ ਪੜ੍ਹਾ ਲਿਖਾ। ਅੱਜ ਤੋਂ
ਤੇਰਾ ਮਕਸਦ ਇਨ੍ਹਾਂ ਬੇਟੀਆਂ ਦੀ ਪੜ੍ਹਾਈ ਲਿਖਾਈ
ਅਤੇ ਵਧੀਆ ਜ਼ਿੰਦਗੀ ਹੋਣਾ ਚਾਹੀਦਾ ਹੈ। ਮੈਂ ਉਸਦੀ
ਨੌਵੀਂ ਵਿਚ ਪੜ੍ਹਦੀ ਬੱਚੀ ਨੂੰ ਫੀਸ ਸਾਡੀ ਐਨ ਜੀ ਓ
ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਭਰਨ ਦੀ ਪੇਸ਼ਕਸ਼
ਕੀਤੀ। ਖੈਰ ਮੈਨੂੰ ਤਸੱਲੀ ਹੈ ਕਿ ਹੌਲੀ- ਹੌਲੀ ਉਸ 
ਔਰਤ ਦੀ ਜ਼ਿੰਦਗੀ ਸਾਂਵੀ ਹੋਣ ਲੱਗੀ ਅਤੇ ਉਸਦੀ ਜੀਵਨ
ਚੰਗਿਆੜੀ ਭਖਣ ਲੱਗੀ ਕਿਉਂਕਿ ਉਸਨੂੰ ਹੁਣ ਇਕ ਮਕਸਦ
ਮਿਲ ਗਿਆ ਸੀ। ਹੁਣ ਉਹ ਛੋਟਾ ਮੋਸਟਾ ਕੰਮ ਕਰਕੇ ਬੱਚੇ
ਪਾਲ ਰਹੀ ਹੈ ਅਤੇ ਬੱਚੀਆਂ ਨੂੰ ਵੱਡੇ ਅਫਸਰ ਬਣਾਉਣ ਦੇ
ਸੁਪਨੇ ਸਿਰਜ ਕੇ ਉਹਨਾਂ ਨੂੰ ਹਕੀਕਤ ਵਿਚ ਬਦਲਣ ਲਈ
ਮਿਹਨਤ ਕਰ ਰਹੀ ਹੈ। ਅੱਜ ਉਹ ਇਕੱਲੇ ਰਹਿਣ ਦਾ ਭੈਅ
ਅਤੇ ਡਰ ਨਹੀਂ ਅਤੇ ਨਾ ਹੀ ਉਹ ਨਿਰਾਸ਼ਾ ਦੀ ਖਾਈ ਵਿਚ
ਡੂੰਘੀ ਲੱਥੀ ਹੋਈ ਹੈ। ਇਹ ਕਿਸ ਤਰ੍ਹਾਂ ਸੰਭਵ ਹੋ ਸਕਿਆ

ਇਹ ਸੰਭਵ ਹੋ ਸਕਿਆ ਇਕ ਉਦੇਸ਼ ਮਿਲਣ ਕਾਰਨ। ਹੁਣ ਉਹ
ਦੁਨੀਆਂ ਨੂੰ ਦਿਖਾਉਣਾ ਚਾਹੁੰਦੀ ਹੈ ਕਿ ਇਕੱਲੀ
ਔਰਤ ਵੀ ਜੇ ਹਿੰਮਤ ਰੱਖੇ ਤਾਂ ਬੜਾ ਕੁਝ ਕਰ ਸਕਦੀ ਹੈ।
ਹਰ ਵਕਤ ਚਿੰਤਾ ਅਤੇ ਭੈਅ ਵਿਚ ਰਹਿਣ ਵਾਲੇ ਮਨੁੱਖ ਕਦੇ
ਵੀ ਆਸ਼ਾਵਾਦੀ ਅਤੇ ਦ੍ਰਿੜ੍ਹ ਨਿਸਚੇ ਵਾਲੇ ਨਹੀਂ ਹੁੰਦੇ।
ਗੁਰਬਾਣੀ ਵਿਚ ਵੀ ਗੁਰੂ ਸਾਹਿਬਾਨ ਮਨੁੱਖ ਨੂੰ ਚਿੰਤਾ ਤੋਂ
ਮੁਕਤ ਕਰਾਉਣ ਦੀ ਚੇਸ਼ਟਾ ਕੀਤੀ ਹੈ। ਗੁਰੂ ਅੰਗਦ ਦੇਵ
ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1376 ਤੇ
ਫੁਰਮਾਉਂਦੇ ਹਨ:
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੋਇ
ਜਲ ਮਹਿ ਜੰਤ ਉਪਇਨੁ ਤਿਨਾ ਭਿ ਰੋਜੀ ਦੇਇ
ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਹਨ:
ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ॥
ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ॥
ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਕਥਨ ਵਿਚਾਰਨਯੋਗ
ਹੈ:
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਓ ਪਰਿਆ
ਸੈਲ ਪੱਥਰ ਮਹਿ ਜੰਤ ਉਪਾਵੇ ਤਾ ਕਾ ਰਿਜਕੁ ਆਗੈ ਕਰਿ
ਧਰਿਆ॥
ਦੁਨੀਆਂ ਵਿਚ ਵਿਚਰਦਿਆਂ ਦੁਨਿਆਵੀ ਦੁੱਖਾਂ ਸੁੱਖਾਂ
ਵੱਲ ਸੰਕੇਤ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਬਹੁਤ ਹੀ
ਵਿਗਿਆਨਕ ਨਜ਼ਰੀਏ ਤੋਂ ਮਨੁੱਖ ਨੂੰ ਚਿੰਤਾ ਮੁਕਤ
ਰਹਿਣ ਦਾ ਸੁਨੇਹਾ ਦਿੰਦੇ ਹਨ:

ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਪਿਆਪੈ ਰੋਗੁ॥
ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗ
ਗਉਣ ਕਰੇ ਚਹੁ ਕੁੰਟ ਕਾ ਘੜੀ ਨ ਬੈਸਣ ਸੋਇ
ਚਿਤਿ ਆਵੈ ਉਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ॥
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚਿੰਤਾ ਨੂੰ ਇਕ ਵੱਡੇ ਰੋਗਿ ਵਜੋਂ
ਲਿਆ ਹੈ ਜਿਸ ਵੱਡੇ ਪੱਧਰ ਤੇ ਦੁਨੀਆਂ ਨੂੰ ਲੱਗਿਆ ਹੋਇਆ
ਹੈ:
ਵੱਡੇ ਵੱਡੇ ਜੋ ਦੀਸਹਿ ਲੋਗ॥
ਤਿਨ ਕਉ ਬਿਆਪੈ ਚਿੰਤਾ ਰੋਗ॥
ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ
ਪੰਨਾ 1428 'ਤੇ ਸਾਰੀ ਲੋਕਾਈ ਨੂੰ ਸੰਦੇਸ਼ ਦਿੰਦੇ ਹਨ:
ਚਿੰਤਾ ਤਾ ਕੀ ਕੀਜੀਐ ਜਸਿ ਅਨਹੋਨੀ ਹੋਈ॥
ਇਹ ਮਾਰਗ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
ਗੁਰੂ ਸਾਹਿਬਾਨ ਨੇ ਚਿੰਤਾ ਨੂੰ ਰੋਗ ਗਰਦਾਨਿਆ ਹੈ। ਚਿੰਤਾ,
ਭੈਅ ਅਤੇ ਤਣਾਅ ਇਕ ਆਮ ਬਿਮਾਰੀ ਹੈ ਜਿਸ ਸਿਉਂਕ ਦੀ
ਤਰ੍ਹਾਂ ਆਦਮੀ ਦੀ ਜ਼ਿੰਦਗੀ ਨੂੰ ਅੰਦਰੋਂ ਅੰਦਰੀ
ਖੋਖਲਾ ਕਰ ਦਿੰਦੀ ਹੈ। ਡਰ ਅਤੇ ਚਿੰਤਾ ਸਾਡੇ ਅੰਤਰ ਮਨ
ਦੇ ਕਾਰਜ ਵਿਚ ਰੁਕਾਵਟ ਪੈਦਾ ਕਰ ਦਿੰਦੇ ਹਨ।
ਚਿੰਤਾਗ੍ਰਸਤ ਅਤੇ ਤਣਾਅ ਮੁਕਤ ਮਨੁੱਖ ਦੇ ਵਿਚਾਰ
ਕਮਜ਼ੋਰ ਹੋ ਜਾਂਦੇ ਹਨ। ਨਿਰਾਸ਼ਾਵਾਦੀ ਵਿਚਾਰ ਸਾਡੇ ਉਦੇਸ਼
ਪ੍ਰਾਪਤੀ ਸਬੰਧੀ ਸੰਦੇਹ ਪੈਦਾ ਕਰਦੇ ਹਨ। 'ਖਿੱਚ ਦੇ
ਸਿਧਾਂਤ' ਅਨੁਸਾਰ ਅਸਫਲਤਾ ਨੂੰ ਆਵਾਜ਼ਾਂ ਮਾਰਦੇ
ਨਜ਼ਰੀ ਪੈਂਦੇ ਹਨ। ਦਿਮਾਗ ਵਿਚ ਆਇਆ ਸੰਦੇਹ ਅਤੇ ਡਰ

ਹੀ ਅਸਫਲਤਾ ਦਾ ਮੂਲ ਕਾਰਨ ਹੁੰਦਾ ਹੈ। ਅਸਫਲਤਾ ਦੇ ਖੌਫ
ਕਾਰਨ ਹੀ ਅੱਜ ਨਿੱਤ ਦਿਨ ਅਖ਼ਬਾਰਾਂ ਵਿਚ ਆਤਮ
ਹੱਤਿਆਵਾਂ ਦੀਆਂ ਸੁਰਖੀਆਂ ਪੜ੍ਹਨ ਨੂੰ ਮਿਲ ਰਹੀਆਂ
ਹਨ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਜੋ ਕੁਝ ਅਸੀਂ
ਸੋਚਦੇ ਹਾਂ, ਉਹੀ ਕੁਦਰਤ ਸਾਡੇ ਪੱਲੇ ਪਾ ਦਿੰਦੀ ਹੈ। ਜੇ
ਅਸੀਂ ਲਗਾਤਾਰ ਡਰ, ਚਿੰਤਾ ਅਤੇ ਤਣਾਅ ਭਰੇ ਰਹਾਂਗੇ ਤਾਂ
ਨਿਸਚਿਤ ਤੌਰ 'ਤੇ ਅਸੀਂ ਰੋਗੀ ਅਤੇ ਅਸਫਲ ਮਨੁੱਖਾਂ ਦੀ
ਗਿਣਤੀ ਵਿਚ ਵਾਧਾ ਕਰ ਰਹੇ ਹੋਵਾਂਗੇ।
ਚਿੰਤਾ ਦਾ ਸਬੰਧ ਭਵਿੱਖ ਨਾਲ ਹੁੰਦਾ ਹੈ ਅਤੇ ਅਤੀਤ
ਨਾਲ ਵੀ। ਅੱਜਕਲ੍ਹ ਤਾਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ
ਉਸਦੇ ਸਕੂਲ ਵਿਚ ਦਾਖਲੇ ਦੀ ਚਿੰਤਾ, ਫਿਰ ਫੀਸਾਂ ਭਰਨ
ਦੀ ਚਿੰਤਾ, ਬੱਚੇ ਦੇ ਨੰਬਰਾਂ ਦੀ ਚਿੰਤਾ, ਨਤੀਜੇ ਦੀ
ਚਿੰਤਾ, ਚੰਗੇ ਕੋਰਸ ਵਿਚ ਦਾਖਲੇ ਦੀ ਚਿੰਤਾ, ਦਫਤਰ ਵਿਚ
ਤਰੱਕੀ ਦੀ ਚਿੰਤਾ, ਆਉਣ ਵਾਲੀਆਂ ਚੌਣਾਂ ਵਿਚ
ਟਿਕਟ ਮਿਲਣ ਅਤੇ ਜਿੱਤਣ ਦੀ ਚਿੰਤਾ, ਵਪਾਰ ਅਤੇ
ਦੁਕਾਨ ਚੱਲਣ ਦੀ ਚਿੰਤਾ ਅਤੇ ਭਵਿੱਖ ਵਿਚ ਨੌਕਰੀ
ਮਿਲਣ ਦੀ ਚਿੰਤਾ। ਮਨੁੱਖ ਹਮੇਸ਼ਾ ਭਵਿੱਖ ਦੇ ਬਾਰੇ
ਵਿਚ ਚਿੰਤਾਗ੍ਰਸਤ ਰਹਿੰਦਾ ਹੈ ਜਾਂ ਫਿਰ ਅਤੀਤ ਵਿਚ
ਵਾਪਰੀਆਂ ਘਟਨਾਂਵਾਂ ਕਾਰਨ। ਕਿਸੇ ਨੇ ਕੋਈ ਵਿਅੰਗਮਈ
ਗੱਲ ਕਹਿ ਦਿੱਤੀ। ਕੌੜੀ ਸਚਾਈ ਇਹ ਹੈ ਕਿ ਤੁਹਾਡਾ ਸਹਿ
ਕਰਮਚਾਰੀ ਤੁਹਾਡੇ ਨਾਲੋਂ ਪਹਿਲਾਂ ਤਰੱਕੀ ਲੈ ਗਿਆ।
ਕਿਸੇ ਰਿਸ਼ਤੇਦਾਰ, ਗੁਆਂਢੀ ਜਾਂ ਬਜ਼ੁਰਗ ਵੱਲੋਂ ਦੁਰਵਿਵਹਾਰ
ਕੀਤਾ ਗਿਆ। ਕਿਸੇ ਪ੍ਰੇਮੀ ਨੇ ਧੌਖਾ ਦੇ ਦਿੱਤਾ। ਕੋਈ

ਕਿਰਾਏਦਾਰ ਮਕਾਨ ਖਾਲੀ ਨਹੀਂ ਕਰ ਰਿਹਾ। ਅਤੀਤ ਦੇ
ਅਜਿਹੇ ਨਕਾਰਾਤਮਕ ਅਤੇ ਕੌੜੇ ਅਨੁਭਵ ਮਨੁੱਖ ਦੇ
ਅਵਚੇਤਨ ਮਨ ਵਿਚ ਘਰ ਕਰ ਜਾਂਦੇ ਹਨ। ਇਹਨਾਂ ਦੀਆਂ
ਕੌੜੀਆਂ ਯਾਦਾਂ ਮਨੁੱਖ ਨੂੰ ਤਣਾਅ ਵਿਚ ਲੈ
ਆਉਂਦੀਆਂ ਹਨ। ਤੁਸੀਂ ਕਦੇ ਖਿਆਲ ਕੀਤਾ ਹੈ ਕਿ ਇਕ
ਪਾਸੇ ਤੁਹਾਨੂੰ ਅਤੀਤ ਦੀਆਂ ਕੌੜੀਆਂ ਯਾਦਾਂ ਅਤੇ
ਨਕਾਰਾਤਮਕ ਅਨੁਭਵਾਂ ਵੱਲੋਂ ਤਣਾਅ ਮਿਲ ਰਿਹਾ ਹੈ ਅਤੇ
ਦੂਜੇ ਪਾਸੇ ਭਵਿੱਖ ਦੀ ਚਿੰਤਾ ਖਾ ਰਹੀ ਹੈ। ਨਤੀਜੇ ਵਜੋਂ
ਮਨੁੱਖ ਭੂਤ ਅਤੇ ਭਵਿੱਖ ਵਿਚ ਪਿਸਣ ਲੱਗਦਾ ਹੈ। ਅਜਿਹੀ
ਸਥਿਤੀ ਤੋਂ ਬਚਣ ਲਈ ਸਿਰਫ ਵਰਤਮਾਨ ਵਿਚ ਜਿਊਣਾ
ਚਾਹੀਦਾ ਹੈ। ਸਿਰਫ ਉਹੀ ਵਿਅਕਤੀ ਤਣਾਅ ਅਤੇ ਚਿੰਤਾ ਤੋਂ
ਮੁਕਤ ਰਹਿ ਸਕਦਾ ਹੈ, ਜਿਸਨੂੰ ਵਰਤਮਾਨ ਵਿਚ ਜਿਊਣ ਦੀ ਕਲਾ
ਆਉਂਦੀ ਹੈ। ਜੇਕਰ ਤੁਸੀਂ ਸ਼ਾਂਤੀ ਅਤੇ ਆਰਾਮ ਨਾਲ
ਜਿਊਣਾ ਚਾਹੁੰਦੇ ਹੋ ਤਾਂ ਹਰ ਪਲ ਨੂੰ ਜਿਊਣ ਦੀ ਕਲਾ ਸਿੱਖੋ।
ਇਸਦਾ ਮਤਲਬ ਉਨਾ ਹੀ ਨਹੀਂ ਕਿ ਭਵਿੱਖ ਵੱਲ ਨਾ
ਵੇਖਿਆ ਜਾਵੇ ਜਾਂ ਫਿਰ ਭੂਤ ਵਿਚ ਵਾਪਰੀਆਂ ਘਟਨਾਵਾਂ ਤੋਂ
ਕੁਝ ਨਾ ਸਿੱਖਿਆ ਜਾਵੇ। ਅਤੀਤ ਦੀਆਂ ਗਲਤੀਆਂ ਤੋਂ
ਸਬਕ ਲੈ ਕੇ ਭਵਿੱਖ ਦੀਆਂ ਯੋਜਨਾਵਾਂ ਬਣਾਉਣੀਆਂ
ਚਾਹੀਦੀਆਂ ਹਨ। ਸੁਪਨਾ ਲਵੋ, ਉਦੇਸ਼ ਮਿੱਥੋ, ਮੰਜ਼ਿਲ
ਤਹਿ ਕਰੋ ਅਤੇ ਆਪਣੀ ਮੰਜ਼ਿਲ ਦੀ ਤਰਫ ਦ੍ਰਿੜ੍ਹ
ਇਰਾਦੇ, ਪੂਰਨ ਸੰਕਲਪ, ਇੱਛਾ ਸ਼ਕਤੀ, ਸਖਤ ਮਿਹਨਤ
ਅਤੇ ਯੋਜਨਾਬੱਧ ਅਨੁਸ਼ਾਸਨ ਨਾਲ ਅੱਗੇ ਵਧੋ ਪਰ ਜੇ ਤੁਸੀਂ
ਚਿੰਤਾਗ੍ਰਸਤ ਰਹੋਗੇ ਤਾਂ ਮੰਜ਼ਿਲ ਤੇ ਪਹੁੰਚਣਾ ਮੁਸ਼ਕਿਲ

ਹੀ ਨਹੀਂ ਅਸੰਭਵ ਹੋਵੇਗਾ। ਇਸੇ ਕਾਰਨ ਚਿੰਤਾ ਅਤੇ ਤਣਾਅ
ਨੂੰ ਸਫਲਤਾ ਦੇ ਵੱਡੇ ਦੁਸ਼ਮਣ ਗਰਦਾਨਿਆ ਗਿਆ ਹੈ।
ਚਿੰਤਾ ਅਤੇ ਤਣਾਅ ਨੂੰ ਘਟਾਉਣ ਦੇ ਉਪਾਅ ਕਰਨੇ
ਜ਼ਰੂਰੀ ਹਨ। ਉਦਾਹਰਣ ਵਜੋਂ ਜੇ ਤੁਸੀਂ ਇਸ ਕਰਕੇ
ਚਿੰਤਾਗ੍ਰਸਤ ਹੋਕਿ ਮੋਟਾਪੇ ਕਾਰਨ ਤੁਹਾਡੇ ਵਿਆਹ ਵਿਚ
ਅੜਚਣ ਆ ਸਕਦੀ ਹੈ, ਤੁਸੀਂ ਡਾਇਰੀ ਚੁੱਕੋ ਅਤੇ
ਆਪਣੇ ਮੋਟਾਪੇ ਦੇ ਕਾਰਨਾਂ ਦੀ ਸੂਚੀ ਬਣਾਓ:
ਜ਼ਿਆਦਾ ਖਾਣਾ, ਜੰਕ ਫੂਡ ਦੀ ਜ਼ਿਆਦਾ ਵਰਤੋਂ।
ਕਸਰਤ ਨਾ ਕਰਨਾ, ਸੈਰ ਨਾ ਕਰਨਾ।
ਬੱਸ ਜਦੋਂ ਤੁਹਾਨੂੰ ਕਾਰਨ ਪਤਾ ਲੱਗ ਗਏ ਤਾਂ ਉਪਾਅ ਵੀ
ਨਾਲ ਦੀ ਨਾਲ ਸੁੱਝ ਜਾਣਗੇ। ਜਿਵੇਂ:
ਖਾਣਾ ਘੱਟ ਕਰਨਾ, ਤਲੀਆਂ ਚੀਜ਼ਾਂ ਨਹੀਂ
ਖਾਣੀਆਂ।
ਸਮੇਂ ਸਿਰ ਖਾਣਾ।
ਰੋਜ਼ਾਨਾ ਜਲਦੀ ਉਠਣਾ, ਕਸਰਤ ਕਰਨੀ ਆਦਿ।
ਇਉਂ ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰੋ ਅਤੇ ਛੇ
ਮਹੀਨੇ ਦੇ ਅੰਦਰ ਅੰਦਰ 30 ਕਿਲੋ ਆਰਾਮ ਨਾਲ ਘੱਟ
ਕਰ ਸਕਦੇ ਹੋ। ਇਸ ਉਦਾਹਰਣ ਨੂੰ ਹਰ ਚਿੰਤਾ ਲਈ ਲਾਗੂ
ਕੀਤਾ ਜਾ ਸਕਦਾ ਹੈ। ਘਰ ਬਣਾਉਣ ਦੀ ਚਿੰਤਾ ਹੈ ਜਾਂ
ਬੱਚਿਆਂ ਦੀ ਨੌਕਰੀ ਦੀ ਚਿੰਤਾ ਹੈ ਤਾਂ ਸਕਾਰਾਤਮਕ
ਸੋਚ ਅਪਣਾਉਣ ਦਾ ਵਾਅਦਾ ਕਰੋ। ਤਰਕਯੁਕਤ ਢੰਗ ਨਾਲ
ਨਿਰਣੇ ਲੈਣ ਦੀ ਵਿਧੀ ਅਪਣਾਓ। ਛੇ ਡੀ ਫਾਰਮੂਲਾ
ਅਪਣਾਓ। ਇਹ ਹਨ ਡਰੀਮ, ਡਜ਼ਾਇਰ, ਡਾਇਰੈਕਸ਼ਨ,

ਡੈਡੀਕੇਸ਼ਨ, ਡਟਰਾਮੀਨੇਸ਼ਨ ਅਤੇ ਡਿਸਿਪਲਿਨ। ਇਸ
ਫਾਰਮੂਲੇ ਨੂੰ ਅਪਣਾ ਕੇ ਸਫਲਤਾ ਪਾਓ ਅਤੇ ਚਿੰਤਾ ਅਤੇ
ਤਣਾਅ ਨੂੰ ਦੂਰ ਭਜਾਓ। ਇਹਨਾ ਡੀਆਂ ਬਾਰੇ ਵਿਸਥਾਰ ਵਿਚ
ਫਿਰ ਗੱਲ ਕਰਾਂਗੇ।

Vandana

This news is Content Editor Vandana