ਜਾਣੋ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ 10 ਦਿਲਚਸਪ ਗੱਲਾਂ

06/21/2020 3:52:39 PM

ਜਲੰਧਰ — ਅੱਜ ਅਸੀਂ ਤੁਹਾਨੂੰ ਉਸ ਗੁਰਦਵਾਰਾ ਸਾਹਿਬ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਨਾਂ ਗਿੰਨੀਜ਼ ਬੁੱਕ ਵਿਚ ਵੀ ਦਰਜ ਹੋ ਚੁੱਕਾ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ 'ਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੀ। ਹਰ ਸਾਲ ਲੱਖਾਂ ਦੀ ਗਿਣਤੀ 'ਚ ਲੋਕ ਨਾ ਸਿਰਫ਼ ਭਾਰਤ ਦੇਸ਼ ਤੋਂ ਸਗੋਂ ਵਿਦੇਸ਼ਾਂ ਤੋਂ ਵੀ ਇਸ ਗੁਰੂਘਰ ਦੇ ਦਰਸ਼ਨ ਕਰਨ ਆਉਂਦੇ ਹਨ। ਆਓ ਜਾਣਦੇ ਹਾਂ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਬਾਰੇ ਕੁਝ ਦਿਲਚਸਪ ਗੱਲਾਂ।

1. ਸ੍ਰੀ ਦਰਬਾਰ ਸਾਹਿਬ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਸੋਨੇ ਦੀ ਪਰਤ ਚੜ੍ਹਨ ਤੋਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ 'ਚ ਇਸ ਅਸਥਾਨ ਨੂੰ Golden Temple ਕਿਹਾ ਜਾਣ ਲੱਗਾ। ਹਾਲਾਂਕਿ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਇਸ ਅਸਥਾਨ ਨੂੰ ਹਰਿਮੰਦਰ ਸਾਹਿਬ ਕਿਹਾ ਜਾਣ ਲੱਗਾ। 

2. ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਈ ਸਿਰਫ ਇਕ ਮੁੱਖ ਦੁਆਰ ਹੈ। ਅਜਿਹਾ ਇਸ ਲਈ ਹੈ ਕਿਉਂਕਿ 84 ਲੱਖ ਜੂਨਾਂ ਵਿਚੋਂ ਸਿਰਫ ਇਕ ਮਨੁੱਖੀ ਜਾਮਾ ਹੀ ਹੈ ਜਿਹੜਾ ਪਰਮਾਤਮਾ ਦਾ ਸਿਮਰਨ ਕਰ ਸਕਦਾ ਹੈ।

3.ਜਦੋਂ ਅਸੀਂ ਹਰਿਮੰਦਰ ਸਾਹਿਬ ਅੰਦਰ ਦਾਖਲ ਹੁੰਦੇ ਹਾਂ ਤਾਂ ਅਸੀਂ ਪੌੜੀਆਂ ਉੱਤਰ ਕੇ ਹੇਠਾਂ ਵੱਲ ਜਾਂਦੇ ਹਾਂ। ਇਹ ਇਸ ਭਾਵ ਨੂੰ ਪ੍ਰਗਟਾਉਂਦਾ ਹੈ ਕਿ ਜੇ ਤੁਸੀਂ ਇਸ ਜੀਵਨ ਵਿਚ ਰੱਬ ਨੂੰ ਮਿਲਣਾ ਚਾਹੁੰਦੇ ਹੋ, ਤਾਂ ਜ਼ਿੰਦਗੀ `ਚ ਨਿਮਰਤਾ ਜ਼ਰੂਰੀ  ਹੈ। 

4. ਗੁਰਦੁਆਰਾ ਸਾਹਿਬ ਦੇ ਅੰਦਰ ਮੁੱਖ ਦਰਬਾਰ ਸਾਹਿਬ 'ਚ ਚਾਰ ਦੁਆਰ ਹਨ, ਜੋ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਪਰਮਾਤਮਾ ਦੇ ਘਰ ਵਿਚ ਸਾਰਿਆਂ ਦਾ ਸਵਾਗਤ ਹੈ। ਇੱਥੇ ਜਾਤ, ਰੰਗ, ਭਾਸ਼ਾ, ਧਨ ਦੇ ਅਧਾਰ 'ਤੇ ਭੇਦਭਾਵ ਨਹੀਂ ਕੀਤਾ ਜਾਂਦਾ ਹੈ।

5. ਦਰਬਾਰ ਸਾਹਿਬ ਦੇ ਚਾਰੋਂ ਪਾਸੇ ਸਰੋਵਰ ਇਸ ਲਈ ਹੈ ਕਿਉਂਕਿ ਇਹ ਦੁਨੀਆ ਕਾਮ, ਕ੍ਰੋਧ,ਲੋਭ,ਮੋਹ ਅਤੇ ਹੰਕਾਰ ਦੀਆਂ ਲਹਿਰਾਂ ਦਾ ਇਕ ਸਮੁੰਦਰ ਹੈ ਜਿਸ ਨੂੰ ਸਿਰਫ ਗੁਰੂ ਦੇ ਸ਼ਬਦ ਨਾਲ ਪਾਰ ਕੀਤਾ ਜਾ ਸਕਦਾ ਹੈ। ਇਹ ਸਰੋਵਰ ਵਿਸ਼ਵ ਸਾਗਰ ਦਾ ਪ੍ਰਤੀਕ ਵੀ ਹੈ।

6. ਦਰਬਾਰ ਸਾਹਿਬ ਸਰੋਵਰ ਦੇ ਕੇਂਦਰ ਵਿਚ ਸਥਿਤ ਹੈ ਜੋ ਇਸ ਭਾਵ ਨੂੰ ਪ੍ਰਗਟਾਉਂਦਾ ਹੈ ਕਿ ਰੱਬ ਨੂੰ ਬਾਹਰੋਂ ਅਨੁਭਵ ਨਹੀਂ ਕੀਤਾ ਜਾ ਸਕਦਾ। ਇਸਦੇ ਲਈ ਹਰੇਕ ਨੂੰ ਆਪਣੇ ਅੰਦਰ ਝਾਤੀ ਮਾਰਨੀ ਹੋਵੇਗੀ ਅਤੇ ਆਪਣੇ ਅੰਦਰ ਹੀ ਵਾਹਿਗੁਰੂ ਦੀ ਭਾਲ ਕਰਨੀ ਹੋਵੇਗੀ। ਇਸ ਲਈ ਗੁਰਦੁਆਰਾ ਸਾਹਿਬ ਨੂੰ  ਮੱਧ ਕੇਂਦਰ ਵਿਚ ਬਣਾਇਆ ਗਿਆ ਹੈ। ਕੋਈ ਵੀ ਵਿਅਕਤੀ ਪਰਮਾਤਮਾ ਨੂੰ ਇੱਧਰ-ਓਂਧਰ ਲੱਭਣ ਦੀ ਬਜਾਏ ਆਪਣੇ ਅੰਦਰ ਪਰਮਾਤਮਾ ਨੂੰ ਲੱਭ ਸਕੇ।

7. ਦਰਬਾਰ ਸਾਹਿਬ ਦੇ ਸਾਹਮਣੇ ਪਰਿਕਰਮਾ ਵਿਚ ਇਕ ਹੋਰ ਗੁਰਦੁਆਰਾ ਸਾਹਿਬ ਹੈ ਜਿਸ ਨੂੰ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਤ ਕੀਤਾ ਗਿਆ ਸੀ। ਇਸ ਅਸਥਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਕਿਹਾ ਜਾਂਦਾ ਹੈ। ਇਹ ਅਸਥਾਨ ਉਸ ਸਮੇਂ 'ਤੋਂ ਸਿੱਖਾਂ ਦਾ ਰਾਜਨੀਤਿਕ ਕੇਂਦਰ ਹੈ। ਇਸ ਦਾ ਆਰਕੀਟੈਕਚਰ ਅਜਿਹਾ ਹੈ ਕਿ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਦੀ ਖਿੜਕੀ ਤੋਂ ਦੇਖ ਸਕਦੇ ਹੋ ਪਰ ਸ੍ਰੀ ਅਕਾਲ ਤਖ਼ਤ ਸਾਹਿਬ, ਹਰਿਮੰਦਰ ਸਾਹਿਬ ਤੋਂ ਵਿਖਾਈ ਨਹੀਂ ਦਿੰਦਾ।

8.ਜ਼ਿਕਰਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ 'ਚ ਬਹੁਤ ਵੱਡਾ ਲੰਗਰ ਹਾਲ ਮੌਜੂਦ ਹੈ। ਜਿਸ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਆ ਕੇ ਲੰਗਰ ਛਕਦੀਆਂ ਹਨ। ਖਾਸ ਮੌਕੇ 'ਤੇ ਇਥੇ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਜਾਂਦੀ ਹੈ ਅਤੇ ਇਥੇ ਨਿਰੰਤਰ ਰਸ ਭਿੰਨਾ ਕੀਰਤਨ ਹੁੰਦਾ ਰਹਿੰਦਾ ਹੈ।

9. ਇੱਥੇ ਆਉਣ ਵਾਲੀਆਂ ਸੰਗਤਾਂ(ਸ਼ਰਧਾਲੂਆਂ) ਦੀ ਗਿਣਤੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਗੁਰਦੁਆਰਾ ਸਾਹਿਬ ਨੂੰ ਗਿੰਨੀਜ਼ ਬੁੱਕ ਰਿਕਾਰਡ ਵਿਚ ਸ਼ਾਮਲ ਕੀਤਾ ਗਿਆ ਹੈ।

10. ਇਸ ਗੁਰੂਘਰ ਦੇ ਸਰੋਵਰ ਵਿਚ ਇਸ਼ਨਾਨ ਕਰਨ ਵਾਲਾ ਵਿਅਕਤੀ ਬਿਮਾਰੀ ਤੋਂ ਛੁਟਕਾਰਾ ਪਾਉਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਸਰੋਵਰ ਦੇ ਪਾਣੀ ਵਿਚ ਚਿਕਿਤਸਕ ਗੁਣ ਹਨ।

Harinder Kaur

This news is Content Editor Harinder Kaur